ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਕੱਢੇ ਗਏ ਤਰਕਸ਼ੀਲ ਚੇਤਨਾ ਮਾਰਚ ਮੌਕੇ ਪਿੰਡ ਬਲੌਂਗੀ ਇਨਕਲਾਬ ਜ਼ਿੰਦਾਬਾਦ, ਅੰਧਵਿਸ਼ਵਾਸ਼ ਮੁਰਦਾਬਾਦ ਦੇ ਨਾਹਰਿਆਂ ਨਾਲ ਗੂੰਜ ਉੱਠਿਆ। ਇੱਥੇ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਅਤੇ ਤਰਕਸ਼ੀਲ ਇਕਾਈ ਮੋਹਾਲੀ ਤੇ ਖਰੜ ਵੱਲੋਂ ਸਾਂਝੇ ਤੌਰ ਤੇ ਕੱਢਿਆ ਗਿਆ ਇਹ ਕਾਫਲਾ ਪਿੰਡ ਬਲੌਂਗੀ ਦੀਆਂ ਗਲੀਆਂ ਤੇ ਬਾਜ਼ਾਰ ਵਿੱਚੋਂ ਦੀ ਗੁਜ਼ਰਿਆ। ਤਰਕਸ਼ੀਲ ਕਾਰਕੁਨਾਂ ਤੇ ਸਮਰਥਕਾਂ ਨੇ ਇਨਕਲਾਬ ਜ਼ਿੰਦਾਬਾਦ, ਅੰਧਵਿਸ਼ਵਾਸ਼ ਮੁਰਦਾਬਾਦ ਦੇ ਨਾਹਰੇ ਲਾਏ ਅਤੇ ਭਗਤ ਸਿੰਘ ਦੀਆਂ ਲਿਖਤਾਂ ਵਿਚੋਂ ਚੋਣਵੀਆਂ ਕੋਟੈਸ਼ਨਾਂ ਤੇ ਅਧਾਰਿਤ ਪਰਚਾ ਪੰਜਾਬੀ ਅਤੇ ਹਿੰਦੀ ਵਿੱਚ ਵੰਡਿਆ ਗਿਆ। ਇੱਥੇ ਗੱਲਬਾਤ ਕਰਦਿਆਂ ਤਰਕਸ਼ੀਲ ਆਗੂ ਲੈਕਚਰਾਰ ਸੁਰਜੀਤ ਸਿੰਘ, ਜਰਨੈਲ ਕ੍ਰਾਂਤੀ ਅਤੇ ਜਸਵੰਤ ਮੋਹਾਲੀ ਨੇ ਕਿਹਾ ਕਿ ਭਗਤ ਸਿੰਘ ਬਰਾਬਰੀ ਵਾਲਾ ਸਮਾਜ ਸਿਰਜਣ ਦਾ ਹਾਮੀ ਸੀ ਅਤੇ ਉਹ ਨਹੀਂ ਸੀ ਚਾਹੁੰਦਾ ਕਿ ਗੋਰਿਆਂ ਦੇ ਇੱਥੋਂ ਚਲੇ ਜਾਣ ਤੋਂ ਬਾਅਦ ਕਾਲ਼ੇ ਅੰਗਰੇਜ਼ ਇੱਥੇ ਰਾਜ ਕਰਨ। ਉਹਨਾਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਮਾਰਚ ਦੇ ਸ਼ਹੀਦਾਂ ਦਾ ਮੁੱਲ ਨਹੀਂ ਪਾਇਆ ਬੇਸ਼ੱਕ ਹਾਕਮ ਹਰ ਸਾਲ ਸ਼ਹੀਦਾਂ ਦੇ ਬੁੱਤਾਂ ਤੇ ਹਾਰ ਜ਼ਰੂਰ ਪਾਉਂਦੇ ਹਨ। ਉਹ ਉਹਨਾਂ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਭਗਤ ਸਿੰਘ ਨੇ ਕਿਹਾ ਸੀ ਕਿ ਲੋਕਾਂ ਨੂੰ ਕਿਸੇ ਗੱਲ ਨੂੰ ਇਸ ਕਰਕੇ ਨਹੀਂ ਮੰਨ ਲੈਣਾ ਚਾਹੀਦਾ ਕਿ ਉਸ ਨੂੰ ਬਹੁਗਿਣਤੀ ਲੋਕ ਮੰਨਦੇ ਹਨ ਸਗੋਂ ਉਸ ਨੂੰ ਤਰਕ ਦੀ ਕਸਵੱਟੀ ਤੇ ਪਰਖਣਾ ਚਾਹੀਦਾ ਹੈ। ਪੂਰੇ ਚੇਤਨਾ ਮਾਰਚ ਦੌਰਾਨ ਲੋਕਾਂ ਨੂੰ ਵਹਿਮ ਤਿਆਗਣ ਅਤੇ ਵਿਗਿਆਨਿਕ ਸੋਚ ਅਪਨਾਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਮਾਸਟਰ ਜਰਨੈਲ ਸਿੰਘ, ਕਰਮਜੀਤ ਸਕਰੂਲਾਂਪੁਰੀ, ਕੁਲਵਿੰਦਰ ਨਗਾਰੀ, ਇਕਬਾਲ ਸਿੰਘ, ਗੋਰਾ ਹੁਸ਼ਿਆਰਪੁਰੀ, ਗੁਰਤੇਜ ਸਿੰਘ, ਹਰਵਿੰਦਰ ਸਿੰਘ, ਅਮੀਨ ਤੇਪਲਾ, ਗੁਰਿੰਦਰ ਸਿੰਘ, ਹਰਪ੍ਰੀਤ ਆਦਿ ਸ਼ਾਮਿਲ ਸਨ।