ਭਾਰਤ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਵੱਲੋਂ ਮਿਤੀ 12 ਫਰਵਰੀ 2018 ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਆਂਗਣਵਾੜੀ ਸੈਂਟਰਾਂ ਵਿਖੇ ਨੈਸ਼ਨਲ ਡੀ-ਵਾਰਮਿੰਗ ਡੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬੱਚਿਆਂ ਨੂੰ ਐਲਬੈਂਡਾਜ਼ੋਲ ਦੀ ਗੋਲੀ ਖੁਆਈ ਜਾਵੇਗੀ ਜੋ ਕਿ ਪੇਟ ਦੇ ਕੀੜ ਖ਼ਤਮ ਕਰਨ ਲਈ ਖੁਆਈ ਜਾਂਦੀ ਹੈ। ਇਹ ਜਾਣਕਾਰੀ ਡਾ. ਰੇਨੂ ਸਿੰਗਲਾ ਡਿਪਟੀ ਮੈਡੀਕਲ ਕਮਿਸ਼ਨਰ ਫ਼ਿਰੋਜ਼ਪੁਰ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਇਸ ਦਿਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 6 ਤੋ 19 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜੋਲ (400 ਐਮ.ਜੀ.), ਆਂਗਣਵਾੜੀ ਸੈਂਟਰਾਂ ਦੇ 1 ਤੋ 2 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜੋਲ (200 ਐਮ.ਜੀ.) 5 ਐਮ.ਐਲ. ਜਾਂ ਅੱਧੀ ਗੋਲੀ ਦੀ ਖ਼ੁਰਾਕ 2 ਤੋਂ 6 ਤੱਕ ਦੇ ਬੱਚਿਆਂ ਅਤੇ ਕਿਸ਼ੋਰਿਆਂ ਨੂੰ ਐਲਬੈਂਡਾਜ਼ੋਲ (400 ਐਮ.ਜੀ.) ਦੀ ਗੋਲੀ ਖੁਆਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਗੋਲੀ ਖਾਣਾ ਖਾਣ ਤੋਂ ਬਾਅਦ ਹੀ ਬੱਚਿਆਂ ਨੂੰ ਖੁਆਉਣੀ ਚਾਹੀਦੀ ਹੈ ਅਤੇ ਸਾਰੇ ਬੱਚਿਆਂ ਵੱਲੋਂ ਇਹ ਗੋਲੀ ਚਬਾ ਕੇ ਖਾਣੀ ਚਾਹੀਦੀ ਹੈ। ਗੋਲੀ ਖਾਣ ਤੋਂ ਬਾਅਦ 2 ਘੰਟੇ ਤੱਕ ਬੱਚਾ ਸਕੂਲ/ਆਂਗਣਵਾੜੀ ਸੈਂਟਰ ਵਿੱਚ ਹੀ ਰਹੇ। ਜੇਕਰ ਕੋਈ ਬੱਚਾ ਕਿਸੇ ਕਾਰਨ ਕਰਕੇ ਇਹ ਦਵਾਈ ਖਾਣ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਉਸ ਨੂੰ ਇਹ ਦਵਾਈ ਮਿਤੀ 15 ਫਰਵਰੀ 2018 ਨੂੰ ਮੌਪ-ਅੱਪ ਡੇ ਵਾਲੇ ਦਿਨ ਖੁਆਈ ਜਾਵੇਗੀ। ਉਨ੍ਹਾਂ ਦੱਸਿਆਂ ਕਿ ਹਰ ਸਾਲ ਨੈਸ਼ਨਲ ਡੀ-ਵਾਰਮਿੰਗ ਡੇ ਅਤੇ ਮੌਪ-ਅੱਪ ਡੇ ਇਸ ਲਈ ਮਨਾਇਆ ਜਾਂਦਾ ਹੈ ਤਾਂ ਜੋ ਬੱਚਿਆਂ ਦੇ ਪੇਟ ਦੇ ਕੀੜੇ ਖ਼ਤਮ ਕੀਤੇ ਜਾ ਸਕਣ ਅਤੇ ਬੱਚੇ ਤੰਦਰੁਸਤ ਰਹਿ ਸਕਣ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਰੋਟੀ ਖਾਣ ਤੋਂ ਪਹਿਲਾ ਅਤੇ ਪਖਾਨਾ ਜਾਣ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਸਾਨੂੰ ਫਲ ਅਤੇ ਸਬਜ਼ੀਆਂ ਨੂੰ ਵੀ ਚੰਗੀ ਤਰ੍ਹਾਂ ਧੋ ਕੇ ਖਾਣਾ ਚਾਹੀਦਾ ਹੈ ਅਤੇ ਸਾਨੂੰ ਆਪਣੇ ਨਹੁੰ ਹਮੇਸ਼ਾ ਕੱਟ ਕੇ ਰੱਖਣੇ ਚਾਹੀਦੇ ਹਨ ਤਾਂ ਜੋ ਹੱਥਾਂ ਦੇ ਕੀਟਾਣੂ ਮੂੰਹ ਦੇ ਰਾਹੀ ਪੇਟ ਵਿੱਚ ਨਾ ਪਹੁੰਚ ਸਕਣ।