Saturday, 27 April 2024

 

 

ਖ਼ਾਸ ਖਬਰਾਂ ਗੁਰਜੀਤ ਸਿੰਘ ਔਜਲਾ ਨੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਸੜਕ ਦੇ ਟੈਂਡਰ ਲਗਵਾ ਕੇ ਜ਼ਮੀਨ ’ਤੇ ਗੈਰ ਕਾਨੂੰਨੀ ਕਬਜ਼ਾ ਕਰਵਾਉਣਾ ਚਾਹੁੰਦੇ ਨੇ ਪ੍ਰਨੀਤ ਕੌਰ ਤੇ ਡਾ. ਬਲਬੀਰ ਸਿੰਘ: ਐਨ ਕੇ ਸ਼ਰਮਾ ਭਗਵੰਤ ਮਾਨ ਨੇ ਖਡੂਰ ਸਾਹਿਬ ਵਿਚ 'ਆਪ' ਉਮੀਦਵਾਰ ਲਈ ਪ੍ਰਚਾਰ ਕਰਦਿਆਂ ਪੱਟੀ ਵਿਖੇ ਕੀਤਾ ਵੱਡੀ ਜਨਸਭਾ ਨੂੰ ਸੰਬੋਧਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਖੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ, ਲੋਕਾਂ ਦੇ ਭਾਰੀ ਇਕੱਠ ਨੇ ਟੀਨੂੰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਦਿੱਤਾ ਭਰੋਸਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ ਪਟਿਆਲਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਡਾ. ਧਰਮਵੀਰ ਗਾਂਧੀ ਦੇ ਨਾਲ, ਸਾਰੇ ਵਰਕਰ ਪਟਿਆਲਾ ਵਿੱਚ ਕਾਂਗਰਸ ਦੀ ਜ਼ਬਰਦਸਤ ਜਿੱਤ ਯਕੀਨੀ ਬਣਾਉਣਗੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਸਿਆਸੀ ਆਗੂਆਂ ਵੱਲੋਂ ਅਣਗੌਲਿਆ ਜਾ ਰਿਹਾ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਭਾਜਪਾ ਦਾ ਸੰਕਲਪ ਪੱਤਰ ਮੋਦੀ ਦੀ ਗਾਰੰਟੀ ਚੰਡੀਗੜ੍ਹ 'ਚ ਲਾਂਚ ਮਾਝੇ 'ਚ ਗਰਜੇ ਮਾਨ! ਸ਼ੈਰੀ ਕਲਸੀ ਲਈ ਗੁਰਦਾਸਪੁਰ 'ਚ 'ਆਪ' ਦੀ ਚੋਣ ਮੁਹਿੰਮ ਕੀਤੀ ਸ਼ੁਰੂ ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ- ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਕਾਂਗਰਸ ਔਰਤਾਂ ਨੂੰ ਨੌਕਰੀਆਂ 'ਚ 50 ਫੀਸਦੀ ਰਾਖਵਾਂਕਰਨ ਦੇਵੇਗੀ : ਲਾਂਬਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫਸਰਾਂ ਤੇ ਹੋਰ ਅਧਿਕਾਰੀਆਂ ਦੀ ਪੋਸਟਲ ਬੈਲਟ ਪੇਪਰ ਸਬੰਧੀ ਟ੍ਰੇਨਿੰਗ ਕਰਵਾਈ ਸਵੀਪ ਟੀਮ ਵੱਲੋਂ ਹਲਕਾ ਡੇਰਾਬੱਸੀ ਵਿਚ ਨੌਜੁਆਨਾਂ ਨੂੰ ਕੀਤਾ ਗਿਆ ਜਾਗਰੂਕ ਸਿਹਤ ਵਿਭਾਗ ਵੱਲੋਂ ਵਿਸ਼ਵ ਮਲੇਰੀਆ ਦਿਵਸ ਮੋਕੇ ਜਾਗਰੂਕਤਾ ਰੈਲੀ ਕੱਢੀ ਗਈ ਏਜੰਸੀਆਂ ਵੱਲੋਂ 334283.4 ਮੀਟਰਿਕ ਟਨ ਅਨਾਜ ਦੀ ਖਰੀਦ ਨਾਲ ਖਰੀਦ ਪ੍ਰਕਿਰਿਆ 'ਚ ਤੇਜ਼ੀ ਅਕਾਲੀ ਦਲ ਸਿਆਸੀ ਲਾਹਾ ਲੈਣ ਲਈ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ : ਪ੍ਰਨੀਤ ਕੌਰ ਅਧਿਆਪਕ ਕਸ਼ਮੀਰ ਸਿੰਘ ਦਾ ਵੋਟਰ ਗੀਤ 'ਵੋਟ ਜ਼ਰੂਰੀ' ਹੋਇਆ ਰਿਲੀਜ਼ ਲੋਕਾਂ ਨੂੰ ਵੋਟਾਂ ਪਾਉਣ ਸਬੰਧੀ ਜਾਗਰੂਕ ਕਰਨ ਵਿੱਚ ਕੋਈ ਕਸਰ ਨਾ ਛੱਡੀ ਜਾਵੇ : ਡਾ. ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਵੱਲੋਂ ਸਕੂਲਾਂ ਨੂੰ ਸੇਫ ਸਕੂਲ ਵਾਹਨ ਪਾਰਸੀ ਨੂੰ ਸਖਤੀ ਨਾਲ ਲਾਗੂ ਕਰਨ ਦੀ ਹਦਾਇਤ ਡਿਪਟੀ ਕਮਿਸ਼ਨਰ ਨੇ ਕੀਤਾ ਤਪਾ, ਭਦੌੜ ਦੀਆਂ ਦਾਣਾ ਮੰਡੀਆਂ ਦਾ ਦੌਰਾ

 

27ਵੀਆਂ ਕਮਲਜੀਤ ਖੇਡਾਂ-2017 ਸ਼ਾਨੋ-ਸ਼ੋਕਤ ਨਾਲ ਸੰਪਨ, ਕਮਲਜੀਤ ਖੇਡਾਂ-2017 ਮੌਕੇ ਖੇਡ ਜਗਤ ਦੀਆਂ 6 ਸਖਸ਼ੀਅਤਾਂ ਦਾ ਸਨਮਾਨ

ਤ੍ਰਿਪਤ ਬਾਜਵਾ ਵੱਲੋਂ ਸੁਰਜੀਤ ਕਮਲਜੀਤ ਖੇਡ ਕੰਪਲੈਕਸ 'ਚ ਪੋਲ ਵਾਲਟ ਦੀ ਕਿੱਟ ਬਣਾਉਣ ਲਈ 5 ਲੱਖ ਰੁਪਏ ਦੇਣ ਦਾ ਐਲਾਨ

Web Admin

Web Admin

5 Dariya News

ਬਟਾਲਾ , 10 Dec 2017

ਬਟਾਲਾ ਨੇੜਲੇ ਪਿੰਡ ਕੋਟਲਾ ਸ਼ਾਹੀਆਂ ਦੇ ਸੁਰਜੀਤ ਕਮਲਜੀਤ ਖੇਡ ਕੰਪਲੈਕਸ ਵਿਖੇ ਹਰ ਸਾਲ ਵਾਂਗ ਇਸ ਸਾਲ ਵੀ 27ਵੀਆਂ ਕਮਲਜੀਤ ਖੇਡਾਂ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਮਾਪਤ ਹੋ ਗਈਆਂ। ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੈਬਨਿਟ ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਮਾਪਤੀ ਸਮਾਗਮ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮ ਦੇਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਖਿਡਾਰੀਆਂ ਅਤੇ ਦਰਸ਼ਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਵਜ਼ੀਰ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅਜਿਹੇ ਖੇਡ ਮੇਲੇ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਲਿਜਾਣ ਲਈ ਬਹੁਤ ਜਰੂਰੀ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਵੀ ਇਹੀ ਸੋਚ ਹੈ ਕਿ ਸੂਬੇ ਦੀ ਜਵਾਨੀ ਨੂੰ ਖੇਡਾਂ ਨਾਲ ਜੋੜਿਆ ਜਾਵੇ, ਇਸ ਲਈ ਰਾਜ ਸਰਕਾਰ ਇਸ ਖੇਤਰ ਵਿੱਚ ਪੂਰੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਅਜਿਹੇ ਖੇਡ ਮੇਲੇ ਕਰਾਉਣ ਵਾਲੀਆਂ ਸੰਸਥਾਵਾਂ ਨੂੰ ਹੋਰ ਹੱਲਾ-ਸ਼ੇਰੀ ਦਿੱਤੀ ਜਾਵੇਗੀ ਤਾਂ ਜੋ ਪੇਂਡੂ ਖੇਡ ਮੇਲਿਆਂ ਦਾ ਮਿਆਰ ਤੇ ਕੱਦ ਹੋਰ ਉੱਚਾ ਹੋ ਸਕੇ। ਇਸ ਮੌਕੇ ਸ. ਬਾਜਵਾ ਨੇ ਸੁਰਜੀਤ ਕਮਲਜੀਤ ਖੇਡ ਕੰਪਲੈਕਸ 'ਚ ਪੋਲ ਵਾਲਟ ਦੀ ਖੇਡ ਕਿੱਟ ਬਣਾਉਣ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।ਕਮਲਜੀਤ ਖੇਡਾਂ ਦੇ ਆਖਰੀ ਦਿਨ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਰਜੀਤ ਸਪੋਰਟਸ ਐਸੋਸੀਏਸ਼ਨ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਸਾਬਕਾ ਰਾਜ ਸਭਾ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਭੁਪਿੰਦਰ ਸਿੰਘ ਮਾਨ, ਐਸੋਸੀਏਸ਼ਨ ਦੇ ਪ੍ਰਧਾਨ ਸ. ਪ੍ਰਿਥੀਪਾਲ ਸਿੰਘ, ਅਰਜੁਨਾ ਐਵਾਰਡੀ ਓਲੰਪੀਅਨ ਅਥਲੀਟ ਸ. ਗੁਰਬਚਨ ਸਿੰਘ ਰੰਧਾਵਾ ਤੇ ਭਾਰਤੀ ਮੁੱਕੇਬਾਜ਼ੀ ਟੀਮ ਦੇ ਚੀਫ ਕੋਚ ਰਹੇ ਦਰੋਣਾਚਾਰੀਆ ਐਵਾਰਡੀ ਸ. ਗੁਰਬਖ਼ਸ਼ ਸਿੰਘ ਸੰਧੂ ਵੱਲੋਂ ਸਾਂਝੇ ਤੌਰ 'ਤੇ ਖੇਡ ਜਗਤ ਦੀਆਂ ਅਹਿਮ ਸਖਸ਼ੀਅਤਾਂ ਜਿਨ੍ਹਾਂ 'ਚ ਸਾਬਕਾ ਭਾਰਤੀ ਹਾਕੀ ਕਪਤਾਨ ਤੇ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਐਸ.ਪੀ. ਨੂੰ ਸੁਰਜੀਤ ਯਾਦਗਾਰੀ ਐਵਾਰਡ, ਅਰਜੁਨਾ ਐਵਾਰਡੀ ਵਾਲੀਬਾਲ ਖਿਡਾਰੀ ਸੁਖਪਾਲ ਸਿੰਘ ਪਾਲੀ, ਐਸ.ਪੀ. ਨੂੰ ਸ਼ਹੀਦ ਮੇਜਰ ਵਜਿੰਦਰ ਸਿੰਘ ਸ਼ਾਹੀ ਪੰਜਾਬ ਦਾ ਗੌਰਵ, ਅਥਲੈਟਿਕਸ ਕੋਚ ਸੁਖਦੇਵ ਸਿੰਘ ਪੰਨੂੰ ਨੂੰ ਮਾਝੇ ਦਾ ਮਾਣ, ਕੌਮਾਂਤਰੀ ਅਥਲੀਟ ਕੁਲਵਿੰਦਰ ਕੌਰ ਨੂੰ ਕਮਲਜੀਤ ਯਾਦਗਾਰੀ ਐਵਾਰਡ, ਵਿਸ਼ਵ ਯੂਥ ਅਥਲੈਟਿਕਸ ਮੀਟ ਵਿੱਚ ਚਾਂਦੀ ਦਾ ਤਮਗਾ ਜੇਤੂ ਦਮਨੀਤ ਸਿੰਘ ਨੂੰ ਹਰਜੀਤ ਬਰਾੜ ਬਾਜਾਖਾਨਾ ਯਾਦਗਾਰੀ ਐਵਾਰਡ ਅਤੇ ਸ਼ੇਰੇ ਪੰਜਾਬ ਅਕੈਡਮੀ ਚਕਰ ਨੂੰ ਅਮਰਜੀਤ ਸਿੰਘ ਗਰੇਵਾਲ ਯਾਦਗਾਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਸਾਰੀਆਂ ਐਵਾਰਡੀ ਸਖਸ਼ੀਅਤਾਂ ਨੂੰ 21-21 ਹਜ਼ਾਰ ਰੁਪਏ ਨਗਦ ਇਨਾਮ, ਸਨਮਾਨ ਪੱਤਰ ਅਤੇ ਯਾਦਗਾਰੀ ਚਿੰਨ ਦਿੱਤਾ ਗਿਆ। 

ਇਸ ਮੌਕੇ ਅਰਜੁਨਾ ਐਵਾਰਡੀ ਓਲੰਪੀਅਨ ਅਥਲੀਟ ਸ. ਗੁਰਬਚਨ ਸਿੰਘ ਰੰਧਾਵਾ ਤੇ ਭਾਰਤੀ ਮੁੱਕੇਬਾਜ਼ੀ ਟੀਮ ਦੇ ਚੀਫ ਕੋਚ ਰਹੇ ਦਰੋਣਾਚਾਰੀਆ ਐਵਾਰਡੀ ਸ. ਗੁਰਬਖ਼ਸ਼ ਸਿੰਘ ਸੰਧੂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।ਚਾਰ ਦਿਨ ਚੱਲੀਆਂ ਕਮਲਜੀਤ ਖੇਡਾਂ-2017 ਵਿੱਚ 8 ਖੇਡ ਵੰਨਗੀਆਂ ਦੇ ਮੁਕਾਬਲੇ ਹੋਏ ਜਿਨ੍ਹਾਂ ਵਿੱਚ ਅਥਲੈਟਿਕਸ ਦੇ ਸੀਨੀਅਰ ਤੇ ਜੂਨੀਅਰ ਵਰਗ ਵਿੱਚ ਮੁੰਡੇ ਤੇ ਕੁੜੀਆਂ ਦੇ 40 ਈਵੈਂਟ ਹੋਏ। ਇਸ ਤੋਂ ਇਲਾਵਾ ਹਾਕੀ (ਓਪਨ ਲੜਕੇ), ਫੁਟਬਾਲ (ਕਲੱਬ ਲੜਕੇ), ਵਾਲੀਬਾਲ ਸਮੈਸ਼ਿੰਗ (ਲੜਕੇ), ਕਬੱਡੀ ਨੈਸ਼ਨਲ ਸਟਾਈਲ (ਲੜਕੀਆਂ), ਕਬੱਡੀ ਸਰਕਲ ਸਟਾਈਲ (ਅਕੈਡਮੀਆਂ) ਤੇ ਨੈਟਬਾਲ (ਲੜਕੀਆਂ) ਦੇ ਮੁਕਾਬਲੇ ਵੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੇ। ਜੇਤੂ ਖਿਡਾਰੀਆਂ ਨੂੰ ਨਗਦ ਇਨਾਮਾਂ ਦੇ ਨਾਲ ਡੇਢ ਲੱਖ ਰੁਪਏ ਦੀਆਂ ਪੁਸਤਕਾਂ ਵੀ ਇਨਾਮ ਵਜੋਂ ਦਿੱਤੀਆਂ ਗਈਆਂ ਤਾਂ ਜੋ ਖਿਡਾਰੀਆਂ ਦੇ ਸਰੀਰਕ ਵਿਕਾਸ ਦੇ ਨਾਲ ਬੌਧਿਕ ਵਿਕਾਸ ਵੀ ਹੋਵੇ। ਖੇਡਾਂ ਦੀ ਸਮਾਪਤੀ ਉਪਰੰਤ ਸ਼ਾਮ ਵੇਲੇ ਵਾਰਿਸ ਭਰਾਵਾਂ (ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ) ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ, ਸਾਬਕਾ ਰਾਜ ਸਭਾ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਭੁਪਿੰਦਰ ਸਿੰਘ ਮਾਨ, ਅਰਜੁਨਾ ਐਵਾਰਡੀ ਓਲੰਪੀਅਨ ਅਥਲੀਟ ਸ. ਗੁਰਬਚਨ ਸਿੰਘ ਰੰਧਾਵਾ ਤੇ ਭਾਰਤੀ ਮੁੱਕੇਬਾਜ਼ੀ ਟੀਮ ਦੇ ਚੀਫ ਕੋਚ ਰਹੇ ਦਰੋਣਾਚਾਰੀਆ ਐਵਾਰਡੀ ਸ. ਗੁਰਬਖ਼ਸ਼ ਸਿੰਘ ਸੰਧੂ ਵੱਲੋਂ ਇੱਕ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ।ਇਸ ਮੌਕੇ ਸੁਰਜੀਤ ਸਪੋਰਟਸ ਐਸੋਸੀਏਸ਼ਨ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਸਾਬਕਾ ਰਾਜ ਸਭਾ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਐਸੋਸੀਏਸ਼ਨ ਦੇ ਪ੍ਰਧਾਨ ਸ. ਪ੍ਰਿਥੀਪਾਲ ਸਿੰਘ, ਅਰਜੁਨਾ ਐਵਾਰਡੀ ਓਲੰਪੀਅਨ ਅਥਲੀਟ ਸ. ਗੁਰਬਚਨ ਸਿੰਘ ਰੰਧਾਵਾ ਤੇ ਭਾਰਤੀ ਮੁੱਕੇਬਾਜ਼ੀ ਟੀਮ ਦੇ ਚੀਫ ਕੋਚ ਰਹੇ ਦਰੋਣਾਚਾਰੀਆ ਐਵਾਰਡੀ ਸ. ਗੁਰਬਖ਼ਸ਼ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਸ. ਨਵਦੀਪ ਸਿੰਘ ਗਿੱਲ, ਪ੍ਰੋ. ਸੁਰਿੰਦਰ ਸਿੰਘ ਕਾਹਲੋਂ, ਪ੍ਰਿੰਸੀਪਲ ਸੁਖਵੰਤ ਸਿੰਘ ਗਿੱਲ, ਸੰਗਠਨ ਸਕੱਤਰ ਭੁਪਿੰਦਰ ਸਿੰਘ ਡਿੰਪਲ, ਨਿਸ਼ਾਨ ਸਿੰਘ ਰੰਧਾਵਾ, ਅਸ਼ਵਨੀ ਸ਼ਰਮਾਂ, ਪੁਨੀਤ ਗਿੱਲ, ਪ੍ਰੈਸ ਸਕੱਤਰ ਪਰਮਿੰਦਰ ਸਿੰਘ ਜੱਟਪੁਰੀ ਵੀ ਹਾਜ਼ਰ ਸਨ।

                              ਖੇਡਾਂ ਮੌਕੇ ਸਨਮਾਨਤ ਸਖਸ਼ੀਅਤਾਂ ਦਾ ਸੰਖੇਪ ਜੀਵਨ ਬਿਓਰਾ

ਹਾਕੀ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ (ਸੁਰਜੀਤ ਯਾਦਗਾਰੀ ਐਵਾਰਡ)

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਦੋ ਵਾਰ ਦੇ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਨੂੰ ਕਮਲਜੀਤ ਖੇਡਾਂ-2017 ਮੌਕੇ ਸੁਰਜੀਤ ਯਾਦਗਾਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਹਰਪ੍ਰੀਤ ਸਿੰਘ ਮੰਡੇਰ ਭਾਰਤੀ ਹਾਕੀ ਟੀਮ ਵਿੱਚ ਹਾਫਬੈਕ ਦੀ ਪੁਜੀਸ਼ਨ 'ਤੇ ਖੇਡਦਾ ਰਿਹਾ ਅਤੇ ਭਾਰਤ ਵੱਲੋਂ 180 ਕੌਮਾਂਤਰੀ ਮੈਚ ਖੇਡੇ। ਹਰਪ੍ਰੀਤ ਸਿੰਘ ਭਾਰਤੀ ਰੱਖਿਆਪੰਕਤੀ ਦਾ ਥੰਮ੍ਹ ਹੁੰਦਾ ਸੀ ਅਤੇ ਦਿਮਾਗੀ ਖੇਡ ਖੇਡਣ ਲਈ ਜਾਣਿਆ ਜਾਂਦਾ ਸੀ। ਹਰਪ੍ਰੀਤ ਸਿੰਘ ਸਾਫ ਸੁਥਰੀ ਖੇਡ ਭਾਵਨਾ ਨਾਲ ਖੇਡਦਾ ਸੀ ਇਸੇ ਲਈ ਉਸ ਦੀ ਗਿਣਤੀ ਸਭ ਤੋਂ ਕਾਰਡ ਹਾਸਲ ਕਰਨ ਵਾਲੇ ਖਿਡਾਰੀਆਂ ਵਿੱਚ ਆਉਂਦੀ ਹੈ।ਹਰਪ੍ਰੀਤ ਸਿੰਘ ਨੇ 1997 ਵਿੱਚ ਪੈਨਾਸੋਨਿਕ ਕੱਪ (ਜਰਮਨੀ) ਵਿਖੇ ਭਾਰਤ ਦੀ ਕਪਤਾਨੀ ਕੀਤੀ। ਉਹ 1992 ਦੀਆਂ ਬਾਰਸੀਲੋਨਾ ਅਤੇ 1996 ਦੀਆਂ ਐਟਲਾਂਟਾ ਓਲੰਪਿਕ ਖੇਡਾਂ ਵਿੱਤ ਭਾਰਤੀ ਟੀਮ ਦੇ ਅਹਿਮ ਮੈਂਬਰ ਸਨ। ਇਸ ਤੋਂ ਇਲਾਵਾ 1994 ਵਿੱਚ ਸਿਡਨੀ ਵਿਖੇ ਹੋਏ ਵਿਸ਼ਵ ਕੱਪ ਵਿੱਚ ਵੀ ਹਿੱਸਾ ਲਿਆ। 1994 ਵਿੱਚ ਹੀਰੋਸ਼ੀਮਾ ਵਿਖੇ ਹੋਈਆਂ ਏਸ਼ਿਆਈ ਖੇਡਾਂ ਅਤੇ ਇਸੇ ਸਾਲ ਹੀਰੋਸ਼ੀਮਾ ਵਿਖੇ ਹੀ ਹੋਏ ਏਸ਼ੀਆ ਕੱਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਹਰਪ੍ਰੀਤ ਸਿੰਘ ਦੀ ਮੌਜੂਦਗੀ ਦੇ ਹੁੰਦਿਆਂ ਭਾਰਤੀ ਟੀਮ ਨੇ 1991 ਤੇ 1995 ਵਿੱਚ ਸੁਲਤਾਨ ਅਜ਼ਲਾਨ ਸ਼ਾਹ ਕੱਪ, 1992 ਤੇ 1993 ਵਿੱਚ ਇੰਦਰਾ ਗਾਂਧੀ ਗੋਲਡ ਕੱਪ, 1996 ਵਿੱਚ ਮਦਰਾਸ ਵਿਖੇ ਹੋਏ ਚਾਰ ਦੇਸ਼ੀ ਟੂਰਨਾਮੈਂਟ ਤੇ 1993 ਵਿੱਚ ਆਸਟਰੇਲੀਆ ਵਿਖੇ ਐਲਪਰਸ ਕੱਪ ਵਿੱਚ ਸੋਨੇ ਦਾ ਤਮਗਾ, 1996 ਵਿੱਚ ਐਟਲਾਂਟਾ ਵਿਖੇ ਛੇ ਦੇਸ਼ੀ ਟੂਰਨਾਮੈਂਟ, 1991 ਵਿੱਚ ਓਲੰਪਿਕ ਕੁਆਲੀਫਾਇਰ ਤੇ 1995 ਵਿੱਚ ਓਲੰਪਿਕ ਕੁਆਲੀਫਾਇਰ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਹਰਪ੍ਰੀਤ ਸਿੰਘ ਨੇ 1995 ਤੇ 1996 ਵਿੱਚ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਵੀ ਖੇਡਿਆ।25 ਫਰਵਰੀ 1973 ਵਿੱਚ ਸ. ਭਜਨ ਸਿੰਘ ਦੇ ਘਰ ਜਨਮੇ ਹਰਪ੍ਰੀਤ ਸਿੰਘ ਨੂੰ ਭਾਰਤੀ ਹਾਕੀ ਫੈਡਰੇਸ਼ਨ ਵੱਲੋਂ ਖੇਡ ਸੇਵਾਵਾਂ ਬਦਲੇ ਓਲੰਪਿਕ ਸਰਟੀਫਿਕੇਟ ਨਾਲ ਵੀ ਸਨਮਾਨਿਆ ਗਿਆ। ਪੰਜਾਬ ਪੁਲਿਸ ਵਿੱਚ ਐਸ.ਪੀ. ਵਜੋਂ ਤਾਇਨਾਤ ਹਰਪ੍ਰੀਤ ਸਿੰਘ ਨੇ ਘਰੇਲੂ ਮੁਕਾਬਲਿਆਂ ਵਿੱਚ ਵੀ ਚੰਗਾ ਨਾਮਣਾ ਖੱਟਿਆ। ਪੰਜਾਬ ਵੱਲੋਂ ਖੇਡਦਿਆਂ 1997 ਤੇ 1999 ਵਿੱਚ ਕੌਮੀ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ। 1997 ਤੇ 1998 ਵਿੱਚ ਆਲ ਇੰਡੀਆ ਪੁਲਿਸ ਖੇਡਾਂ, ਬੇਟਨ ਕੱਪ-1997, ਸੁਰਜੀਤ ਯਾਦਗਾਰੀ ਹਾਕੀ ਕੱਪ-1997, ਆਲ ਇੰਡੀਆ ਸੀ.ਆਰ.ਪੀ.ਐਫ. ਗੋਲਡ ਕੱਪ-1998, ਆਲ ਇੰਡੀਆ ਇੰਦਰਾ ਗੋਲਡ ਕੱਪ-1998, ਆਲ ਇੰਡੀਆ ਟਰੇਡਰਜ਼ ਗੋਲਡ ਕੱਪ-1999, ਸਾਧੂ ਸਿੰਘ ਹਮਦਰਦ ਯਾਦਗਾਰੀ ਕੱਪ-1999 ਵਿੱਚ ਸੋਨੇ ਦਾ ਤਮਗਾ ਜਿੱਤਿਆ।

ਅਰਜੁਨਾ ਐਵਾਰਡੀ ਸੁਖਪਾਲ ਸਿੰਘ ਪਾਲੀ (ਸ਼ਹੀਦ ਮੇਜਰ ਵਜਿੰਦਰ ਸਿੰਘ ਸ਼ਾਹੀ ਪੰਜਾਬ ਦਾ ਗੌਰਵ ਐਵਾਰਡ )

ਕਮਲਜੀਤ ਖੇਡਾਂ-2017 ਮੌਕੇ ਵਾਲੀਬਾਲ ਖਿਡਾਰੀ ਅਰਜੁਨਾ ਐਵਾਰਡੀ ਸੁਖਪਾਲ ਸਿੰਘ ਪਾਲੀ ਨੂੰ ਸ਼ਹੀਦ ਮੇਜਰ ਵਜਿੰਦਰ ਸਿੰਘ ਸ਼ਾਹੀ ਪੰਜਾਬ ਦਾ ਗੌਰਵ ਪੁਰਸਕਾਰ ਨਾਲ ਸਨਮਾਨਿਆ ਗਿਆ। ਹਾਲਾਂਕਿ ਬਾਸਕਟਬਾਲ, ਹੈਂਡਬਾਲ, ਫੁਟਬਾਲ ਤੇ ਵਾਲੀਬਾਲ ਜਿਹੀਆਂ ਅਹਿਮ ਟੀਮ ਖੇਡਾਂ ਵਿੱਚ ਭਾਰਤ ਦੀ ਪਛਾਣ ਬਹੁਤ ਘੱਟ ਹੈ ਪਰ ਸੁਖਪਾਲ ਸਿੰਘ ਪਾਲੀ ਬਦੌਲਤ ਵਾਲੀਬਾਲ ਖੇਡ ਵਿੱਚ ਭਾਰਤ ਨੂੰ ਸਨਮਾਨਜਨਕ ਸਥਾਨ ਮਿਲਿਆ। ਪਾਲੀ ਭਾਰਤ ਨੂੰ 1986 ਦੀਆਂ ਸਿਓਲ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿਤਾਉਣ ਵਿੱਚ ਸਫਲ ਰਿਹਾ ਸੀ। ਸੈਫ ਖੇਡਾਂ ਵਿੱਚ ਤਾਂ ਉਹ ਭਾਰਤ ਨੂੰ ਕਈ ਤਮਗੇ ਜਿਤਾ ਚੁੱਕਾ ਹੈ।18 ਦਸੰਬਰ 1962 ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਦਿਓਣ ਖੇੜਾ ਵਿੱਚ ਜਨਮਿਆ ਪਾਲੀ 1984 ਵਿੱਚ ਭਾਰਤੀ ਟੀਮ ਵੱਲੋਂ ਉਹ ਪਹਿਲੀ ਵਾਰ ਸੋਵੀਅਤ ਸੰਘ (ਹੁਣ ਰੂਸ) ਦੇ ਦੌਰੇ 'ਤੇ ਗਿਆ। ਇਸੇ ਸਾਲ ਉਸ ਨੇ ਸਾਊਦੀ ਅਰਬ ਵਿਖੇ ਹੋਈ ਏਸ਼ੀਅਨ ਯੁਵਾ ਵਾਲੀਬਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। 1985 ਵਿੱਚ ਸਾਊਦੀ ਅਰਬ ਦੇ ਮੁੜ ਦੌਰ ਦੌਰਾਨ ਉਸ ਨੇ ਚਾਰ ਟੈਸ ਮੈਚ ਖੇਡੇ। ਕੌਮਾਂਤਰੀ ਪੱਧਰ 'ਤੇ ਪਹਿਲੀ ਵਾਰ ਕਪਤਾਨੀ ਦਾ ਮੌਕਾ ਉਸ ਨੂੰ 1985 ਵਿੱਚ ਹੀ ਮਿਲਿਆ ਜਦੋਂ ਉਸ ਨੇ ਜਪਾਨ ਵਿਖੇ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਭਾਰਤੀ ਯੂਨੀਵਰਸਿਟੀਆਂ ਦੀ ਵਾਲੀਬਾਲ ਟੀਮ ਦੀ ਕਪਤਾਨੀ ਕੀਤੀ। 1986 ਵਿੱਚ ਪਾਲੀ ਦੀ ਖੇਡ ਸਿਖਰ 'ਤੇ ਸੀ। ਹੈਦਰਾਬਾਦ ਵਿਖੇ ਗੋਲਡ ਕੱਪ ਕੌਮਾਂਤਰੀ ਟੂਰਨਾਮੈਂਟ ਵਿੱਚ ਝੰਡੇ ਗੱਡਣ ਵਾਲਾ ਪਾਲੀ ਇਸੇ ਸਾਲ ਸਿਓਲ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਟੀਮ ਦਾ ਅਹਿਮ ਖਿਡਾਰੀ ਹੋ ਨਿਬੜਿਆ ਜਿੱਥੇ ਭਾਰਤ ਨੇ ਕਾਂਸੀ ਦਾ ਤਮਗਾ ਜਿੱਤਿਆ।1989 ਵਿੱਚ ਇਸਲਾਮਾਬਾਦ ਵਿਖੇ ਹੋਈਆਂ ਸੈਫ ਖੇਡਾਂ ਵਿੱਚ ਪਾਲੀ ਨੇ ਭਾਰਤੀ ਟੀਮ ਨੂੰ ਚਾਂਦੀ ਦਾ ਤਮਗਾ ਜਿਤਾਇਆ। 1990 ਵਿੱਚ ਹੈਦਰਾਬਾਦ ਵਿਖੇ ਐਲਵਿਨ ਕੌਮਾਂਤਰੀ ਗੋਲਡ ਕੱਪ ਟੂਰਨਾਮੈਂਟ ਵਿੱਚ ਵੀ ਉਸ ਨੇ ਭਾਰਤ ਨੂੰ ਚਾਂਦੀ ਦਾ ਤਮਗਾ ਜਿਤਾਇਆ। ਪਾਲੀ ਦੇ ਤਜ਼ਰਬੇ ਅਤੇ ਖੇਡ ਨੂੰ ਦੇਖਦਿਆਂ 1992 ਵਿੱਚ ਭਾਰਤੀ ਵਾਲੀਬਾਲ ਟੀਮ ਦਾ ਕਪਤਾਨ ਬਣਾ ਦਿੱਤਾ ਗਿਆ। ਢਾਕਾ ਵਿਖੇ ਹੋਈਆਂ ਸੈਫ ਖੇਡਾਂ ਵਿੱਚ ਭਾਰਤ ਨੇ ਮੁੜ ਚਾਂਦੀ ਦਾ ਤਮਗਾ ਜਿਤਾਇਆ। 1994 ਵਿੱਚ ਕੌਮਾਂਤਰੀ ਖੇਡ ਜੀਵਨ ਨੂੰ ਅਲਵਿਦਾ ਕਹਿਣ ਵਾਲੇ ਪਾਲੀ ਨੇ ਕਤਰ ਵਿਖੇ ਆਪਣੇ ਆਖਰੀ ਕੌਮਾਂਤਰੀ ਟੂਰਨਾਮੈਂਟ ਵਿੱਚ ਭਾਰਤ ਨੂੰ ਸੋਨ ਤਮਗਾ ਜਿਤਾਇਆ ਅਤੇ ਆਪਣੇ ਖੇਡ ਜੀਵਨ ਨੂੰ ਸਿਖਰਾਂ 'ਤੇ ਸਮਾਪਤ ਕੀਤਾ। ਪੰਜਾਬ ਪੁਲਿਸ ਵਿੱਚ ਐਸ.ਪੀ. ਵਜੋਂ ਸੇਵਾਵਾਂ ਨਿਭਾਅ ਰਹੇ ਪਾਲੀ ਦੀਆਂ ਖੇਡ ਪ੍ਰਾਪਤੀਆਂ ਬਦਲੇ ਪੰਜਾਬ ਸਰਕਾਰ ਨੇ ਉਸ ਨੂੰ 'ਮਹਾਰਾਜਾ ਰਣਜੀਤ ਸਿੰਘ ਐਵਾਰਡ' ਅਤੇ ਭਾਰਤ ਸਰਕਾਰ ਨੇ 'ਅਰਜੁਨਾ ਐਵਾਰਡ' ਨਾਲ ਸਨਮਾਨਿਆ।

ਕੋਚ ਸੁਖਦੇਵ ਸਿੰਘ ਪੰਨੂੰ (ਮਾਝੇ ਦਾ ਮਾਣ ਐਵਾਰਡ)

ਅਥਲੈਟਿਕਸ ਕੋਚ ਸ.ਸੁਖਦੇਵ ਸਿੰਘ ਪੰਨੂੰ ਨੂੰ ਕਮਲਜੀਤ ਖੇਡਾਂ-2017 ਮੌਕੇ ਮਾਝੇ ਦਾ ਐਵਾਰਡ ਨਾਲ ਸਨਮਾਨਿਆ ਗਿਆ। ਗੁਰਜਾਸਪੁਰ ਜ਼ਿਲੇ ਦੇ ਪਿੰਡ ਕਿਲਾ ਦੇਸਾ ਸਿੰਘ ਦੇ ਜੰਮਪਲ ਸੁਖਦੇਵ ਸਿੰਘ ਪੰਨੂੰ ਭਾਰਤੀ ਅਥਲੈਟਿਕਸ ਟੀਮ ਦੇ ਛਾਲਾਂ ਦੇ ਫੀਲਡ ਈਵੈਂਟਾਂ ਦੇ ਕੋਚ ਰਹੇ ਹਨ। ਉਨ੍ਹਾਂ ਦੇ ਤਿਆਰ ਕੀਤੇ 26 ਕੌਮਾਂਤਰੀ ਪੱਧਰ ਦੇ ਅਥਲੀਟਾਂ ਨੇ ਓਲੰਪਿਕ, ਏਸ਼ਿਆਈ, ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ ਕਈ ਤਮਗੇ ਵੀ ਜਿੱਤੇ। ਇਸ ਤੋਂ ਇਲਾਵਾ ਉਨ੍ਹਾਂ ਦੇ ਚਾਰ ਅਥਲੀਟਾਂ ਨੇ ਪੁਰਾਣੇ ਕੌਮੀ ਰਿਕਾਰਡ ਤੋੜ ਕੇ ਨਵੇਂ ਰਿਕਾਰਡ ਕਾਇਮ ਕੀਤੇ। ਸੁਖਦੇਵ ਸਿੰਘ ਪੰਨੂੰ ਨੇ ਪੰਜਾਬੀ ਯੂਨੀਵਰਸਿਟੀ ਤੋਂ ਫਿਜੀਕਲ ਐਜੂਕੇਸ਼ਨ ਵਿੱਚ ਗੋਲਡ ਮੈਡਲ ਨਾਲ ਮਾਸਟਰ ਡਿਗਰੀ ਅਤੇ ਐਨ.ਆਈ.ਐਸ. ਪਟਿਆਲਾ ਤੋਂ ਐਨ.ਆਈ.ਐਸ. ਡਿਪਲੋਮਾ ਕੀਤਾ। 1984 ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਕੋਚ ਵਜੋਂ ਕੈਰੀਅਰ ਸ਼ੁਰੂ ਕਰਨ ਵਾਲੇ ਕੋਚ ਪੰਨੂੰ ਦੀ ਪਹਿਲੀ ਪੋਸਟਿੰਗ ਮੱਧ ਪ੍ਰਦੇਸ਼ ਸੀ ਅਤੇ ਫੇਰ 1994 ਵਿੱਚ ਲੁਧਿਆਣਾ ਦੀ ਬਦਲੀ ਹੋ ਗਈ ਜਿੱਥੇ ਕਈ ਅਥਲੀਟ ਤਿਆਰ ਕੀਤੇ। 2004 ਵਿੱਚ ਸੀਨੀਅਰ ਭਾਰਤੀ ਅਥਲੈਟਿਕਸ ਟੀਮ ਦੇ ਕੈਂਪ ਵਿੱਚ ਬਤੌਰ ਜੰਪਰ ਕੋਚ ਨਿਯੁਕਤੀ ਹੋਈ ਅਤੇ 30 ਜੂਨ 2015 ਤੱਕ ਸੇਵਾ ਮੁਕਤੀ ਤੱਕ ਕੋਚ ਬਣੇ ਰਹੇ। ਮੌਜੂਦਾ ਸਮੇਂ ਉਹ ਲੁਧਿਆਣਾ ਵਿਖੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਕੋਚ ਵਜੋਂ ਸੇਵਾਵਾਂ ਨਿਭਾਅ ਰਹੇ ਹਨ।

ਅਥਲੈਟਿਕਸ ਵਿੱਚ ਉਨ੍ਹਾਂ ਦੇ ਕਈ ਸ਼ਾਗਿਰਦਾਂ ਨੇ ਭਾਰਤ ਲਈ ਵੱਡਾ ਨਾਮਣਾ ਖੱਟਿਆ ਹੈ। ਉਨ੍ਹਾਂ ਦੇ ਤਿੰਨ ਸ਼ਾਗਿਰਦ ਅਜੈ ਰਾਜ ਸਿੰਘ (4 ਗੁਣਾਂ 100 ਰਿਲੇਅ ਦੌੜ), ਅੰਮ੍ਰਿਤਪਾਲ ਸਿੰਘ (ਲੰਬੀ ਛਾਲ) ਤੇ ਰਣਜੀਤ ਮਹੇਸ਼ਵਰੀ (ਤੀਹਰੀ ਛਾਲ) ਨੇ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਸ਼ਾਗਿਰਦ ਅਰਪਿੰਦਰ ਸਿੰਘ ਨੇ ਰਾਸ਼ਟਰਮੰਡਲ ਖੇਡਾਂ ਦੇ ਤੀਹਰੀ ਛਾਲ ਈਵੈਂਟ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਏਸ਼ਿਆਈ ਖੇਡਾਂ ਵਿੱਚ ਉਨ੍ਹਾਂ ਦੇ ਤਿੰਨ ਸ਼ਾਗਿਰਦਾਂ ਰਣਜੀਤ ਮਹੇਸ਼ਵਰੀ ਤੇ ਅਰਪਿੰਦਰ ਸਿੰਘ (ਦੋਵੇਂ ਤੀਹਰੀ ਛਾਲ) ਤੇ ਸ਼ਿਵ ਸ਼ੰਕਰ (ਲੰਬੀ ਛਾਲ) ਵਿੱਚ ਹਿੱਸਾ ਲਿਆ। ਰਣਜੀਤ ਮਹੇਸ਼ਵਰੀ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਅਤੇ ਅਰਪਿੰਦਰ ਸਿੰਘ ਤੇ ਬੀਬੂ ਮੈਥਿਊ ਨਵੇ ਕਾਂਸੀ ਦੇ ਤਮਗੇ ਜਿੱਤੇ। ਹੋਰਨਾਂ ਅਥਲੀਟਾਂ ਵਿੱਚ ਅਮਰਜੀਤ ਕੌਰ, ਪਰਮਜੀਤ ਕੌਰ, ਅੰਮ੍ਰਿਤਪਾਲ ਸਿੰਘ (ਜੂਨੀਅਰ), ਮਲਕੀਤ ਸਿੰਘ, ਸੋਨੂ ਕੁਮਾਰ, ਬਲਰਾਜ ਸਿੰਘ, ਹਰਪ੍ਰੀਤ ਕੌਰ ਤੇ ਅਮਰਜੀਤ ਸਿੰਘ ਨੇ ਵੱਖ-ਵੱਖ ਪੱਧਰ ਦੇ ਕੌਮਾਂਤਰੀ ਮੁਕਾਬਲਿਆਂ ਵਿੱਚ ਤਮਗੇ ਜਿੱਤੇ।ਕੌਮੀ ਰਿਕਾਰਡਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਚਾਰ ਸ਼ਾਗਿਰਦ ਅਥਲੀਟਾਂ ਨੇ ਇਹ ਪ੍ਰਾਪਤੀ ਹਾਸਲ ਕੀਤੀ। ਅੰਮ੍ਰਿਤਪਾਲ ਸਿੰਘ ਨੇ ਲੰਬੀ ਛਾਲ ਵਿੱਚ 30 ਸਾਲ ਪੁਰਾਣਾ ਰਿਕਾਰਡ ਤੋੜਦਿਆਂ 8.08 ਮੀਟਰ ਦਾ ਨਵਾਂ ਕੌਮੀ ਰਿਕਾਰਡ ਕਾਇਮ ਕੀਤਾ, ਰਣਜੀਤ ਮਹੇਸ਼ਵਰੀ ਨੇ ਤੀਹਰੀ ਛਾਲ ਵਿੱਚ 36 ਸਾਲ ਪੁਰਾਣਾ ਰਿਕਾਰਡ ਤੋੜਦਿਆਂ 17.04 ਮੀਟਰ ਦਾ ਨਵਾਂ ਰਿਕਾਰਡ ਕਾਇਮ ਕੀਤਾ ਅਤੇ ਅਰਪਿੰਦਰ ਸਿੰਘ ਨੇ ਫੇਰ ਇਹ ਰਿਕਾਰਡ ਤੋੜਦਿਆਂ 17.17 ਮੀਟਰ ਦਾ ਨਵਾਂ ਰਿਕਾਰਡ ਕਾਇਮ ਕੀਤਾ। ਗੁਰਪ੍ਰੀਤ ਸਿੰਘ ਨੇ 110 ਮੀਟਰ ਹਰਡਲਜ਼ ਦੌੜ ਵਿੱਚ 14.07 ਸਕਿੰਟ ਦੇ ਸਮੇਂ ਨਾਲ ਕਈ ਦਹਾਕੇ ਪੁਰਾਣਾ ਰਿਕਾਰਡ ਤੋੜਿਆ।

ਅਥਲੀਟ ਕੁਲਵਿੰਦਰ ਕੌਰ (ਕਮਲਜੀਤ ਯਾਦਗਾਰੀ ਐਵਾਰਡ)

ਕਮਲਜੀਤ ਖੇਡਾਂ-2017 ਮੌਕੇ ਕਮਲਜੀਤ ਯਾਦਗਾਰੀ ਐਵਾਰਡ ਅਥਲੀਟ ਕੁਲਵਿੰਦਰ ਕੌਰ ਨੂੰ ਦਿੱਤਾ ਗਿਆ। ਗੁਰਦਾਸਪੁਰ ਜ਼ਿਲੇ ਦੇ ਪਿੰਡ ਖੁਜਾਲਾ ਦੀ ਕੁਲਵਿੰਦਰ ਕੌਰ ਪੰਜਾਬ ਪੁਲਿਸ ਵਿੱਚ ਬਤੌਰ ਏ.ਐਸ.ਆਈ. ਵਜੋਂ ਸੇਵਾ ਨਿਭਾ ਰਹੀ ਹੈ। 9 ਮਾਰਚ 1982 ਨੂੰ ਜਨਮੀ ਕੁਲਵਿੰਦਰ ਕੌਰ ਨੇ ਕੌਮਾਂਤਰੀ ਪੱਧਰ 'ਤੇ ਵਿਸ਼ਵ ਫਾਇਰ ਤੇ ਪੁਲਿਸ ਖੇਡਾਂ ਵਿੱਚ ਅਨੇਕਾਂ ਤਮਗੇ ਜਿੱਤੇ ਹਨ। ਕੁਲਵਿੰਦਰ ਕੌਰ ਦਾ ਆਪਣਾ ਪਸੰਦੀਦਾ ਈਵੈਂਟ ਭਾਵੇਂ ਤੀਹਰੀ ਛਾਲ ਹੈ ਪ੍ਰੰਤੂ ਉਸ ਨੇ ਛਾਲਾਂ ਸਮੇਤ ਤੇਜ਼ ਦੌੜਾਂ, ਹਰਡਲਜ਼ ਤੇ ਰਿਲੇਅ ਦੌੜਾਂ ਵਿੱਚ ਵੀ ਪੰਜਾਬ ਪੁਲਿਸ ਲਈ ਤਮਗੇ ਜਿੱਤੇ ਹਨ। ਅੰਤਰ ਕਾਲਜ ਮੁਕਾਬਲਿਆਂ ਵਿੱਚ ਹੈਪਟੈਥਲਨ ਈਵੈਂਟ ਕਰਦੀ ਹੋਣ ਕਰ ਕੇ ਕੁਲਵਿੰਦਰ ਕੌਰ ਮਲਟੀ ਈਵੈਂਟ ਦੀ ਅਥਲੀਟ ਬਣ ਗਈ।ਵਿਸ਼ਵ ਫਾਇਰ ਤੇ ਪੁਲਿਸ ਖੇਡਾਂ ਵਿੱਚ ਹੁਣ ਤੱਕ ਉਹ 17 ਸੋਨੇ ਦੇ ਤਮਗੇ, 5 ਚਾਂਦੀ ਅਤੇ ਇਕ ਕਾਂਸੀ ਦਾ ਤਮਗਾ ਜਿੱਤਿਆ। 2009 ਵਿੱਚ ਕੈਨੇਡਾ ਵਿਖੇ ਹੋਈਆਂ ਵਿਸ਼ਵ ਫਾਇਰ ਤੇ ਪੁਲਿਸ ਖੇਡਾਂ ਵਿੱਚ ਕੁਲਵਿੰਦਰ ਕੌਰ ਨੇ 4 ਸੋਨੇ ਤੇ 2 ਚਾਂਦੀ ਦੇ ਤਮਗੇ, 2011 ਵਿੱਚ 4 ਸੋਨੇ, 1-1 ਚਾਂਦੀ ਤੇ ਕਾਂਸੀ ਦਾ ਤਮਗਾ, 2015 ਵਿੱਚ 5 ਸੋਨੇ ਦੇ ਤਮਗੇ ਅਤੇ 2017 ਵਿੱਚ 4 ਸੋਨੇ ਤੇ 2 ਚਾਂਦੀ ਦੇ ਤਮਗੇ ਜਿੱਤੇ ਹਨ। ਲੰਬੀ ਛਾਲ ਵਿੱਚ ਉਹ ਲਗਾਤਾਰ ਚਾਰ ਵਾਰ ਚੈਂਪੀਅਨ ਰਹੀ ਹੈ। ਰਾਂਚੀ ਵਿਖੇ ਹੋਈਆਂ ਕੌਮੀ ਖੇਡਾਂ ਵਿੱਚ ਤੀਹਰੀ ਛਾਲ ਵਿੱਚ ਸੋਨੇ ਦਾ ਤਮਗਾ ਜਿੱਤਿਆ। ਇਸ ਤੋਂ ਇਲਾਵਾ ਕੁਲਵਿੰਦਰ ਨੇ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਉਚੀ ਛਾਲ, ਤੀਹਰੀ ਛਾਲ, ਲੰਬੀ ਛਾਲ ਅਤੇ ਰਿਲੇਅ ਦੌੜਾਂ ਵਿੱਚ 21 ਤਮਗੇ ਜਿੱਤੇ ਹਨ। ਵਿਮੈਨ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਲੰਬੀ ਛਾਲ ਵਿੱਚ ਸੋਨੇ ਦਾ ਤਮਗਾ ਅਤੇ ਇੰਟਰ ਸਟੇਟ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਤੀਹਰੀ ਛਾਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਇਸੇ ਤਰ੍ਹਾ ਆਲ ਇੰਡੀਆ ਓਪਨ ਨੈਸ਼ਨਲ ਚੈਂਪੀਅਨਸ਼ਿਪ ਦੇ ਤੀਹਰੀ ਛਾਲ ਮੁਕਾਬਲਿਆਂ ਵਿੱਚ ਇਕ ਵਾਰ ਸੋਨੇ ਅਤੇ ਇਕ ਵਾਰ ਕਾਂਸੀ ਦਾ ਤਮਗਾ ਜਿੱਤਿਆ।

ਅਥਲੀਟ ਦਮਨੀਤ ਸਿੰਘ (ਹਰਜੀਤ ਬਾਜਾਖਾਨਾ ਯਾਦਗਾਰੀ ਐਵਾਰਡ)

ਕਮਲਜੀਤ ਖੇਡਾਂ-2017 ਮੌਕੇ ਅਥਲੀਟ ਦਮਨੀਤ ਸਿੰਘ ਸਭ ਤੋਂ ਛੋਟੀ ਉਮਰ ਦੀ ਸਨਮਾਨਤ ਸਖਸ਼ੀਅਤ ਹੈ ਜਿਸ ਨੂੰ ਹਰਜੀਤ ਬਰਾੜ ਬਾਜਾਖਾਨਾ ਯਾਦਗਾਰੀ ਐਵਾਰਡ ਦਿੱਤਾ ਗਿਆ। ਬਰਨਾਲਾ ਦੇ ਵਸਨੀਕ ਦਮਨੀਤ ਸਿੰਘ ਦੇ ਪਿਤਾ ਬਲਦੇਵ ਸਿੰਘ ਵੀ ਆਪਣੇ ਸਮੇਂ ਦੇ ਚੋਟੀ ਦੇ ਅਥਲੀਟ ਸਨ। ਕੋਚ ਸੁਖਰਾਜ ਸਿੰਘ ਦੀ ਬਾਠ ਹੈਮਰ ਅਕੈਡਮੀ ਦੇ ਦਮਨੀਤ ਸਿੰਘ ਨੇ ਛੋਟੀ ਉਮਰੇ ਹੀ ਹੈਮਰ ਖੇਡ ਨੂੰ ਅਪਣਾ ਲਿਆ। 17 ਵਰ੍ਹਿਆਂ ਦੇ ਦਮਨੀਤ ਸਿੰਘ ਨੇ ਇਸ ਸਾਲ ਕੀਨੀਆ ਵਿਖੇ ਹੋਏ ਵਿਸ਼ਵ ਯੂਥ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹੈਮਰ ਥਰੋਅ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਦਮਨੀਤ ਨੇ 74.20 ਮੀਟਰ ਹੈਮਰ ਥਰੋਅ ਸੁੱਟੀ। ਇਹ ਪ੍ਰਾਪਤੀ ਵਾਲਾ ਉਹ ਇਕਲੌਤਾ ਭਾਰਤੀ ਖਿਡਾਰੀ ਸੀ ਜਿਸ ਨੇ ਇਸ ਚੈਂਪੀਅਨਸ਼ਿਪ ਵਿੱਚ ਕੋਈ ਤਮਗਾ ਜਿੱਤਿਆ ਹੋਵੇ। ਦਮਨੀਤ ਸਿੰਘ ਨੇ ਬੈਂਕਾਕ ਵਿਖੇ ਹੋਈ ਏਸ਼ੀਅਨ ਯੂਥ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਸ ਤੋਂ ਇਲਾਵਾ ਕੌਮੀ ਪੱਧਰ 'ਤੇ ਉਹ ਕੌਮੀ ਸਕੂਲ ਖੇਡਾਂ ਵਿੱਚ ਅੰਡਰ 17 ਤੇ ਅੰਡਰ 19 ਅਤੇ ਓਪਨ ਜੂਨੀਅਰ ਵਿੱਚ ਅੰਡਰ 18 ਵਰਗ ਵਿੱਚ ਹੈਮਰ ਥਰੋਅ ਦਾ ਰਿਕਾਰਡ ਹੋਲਡਰ ਵੀ ਹੈ। ਛੋਟੀ ਉਮਰ ਦੇ ਇਸ ਅਥਲੀਟ ਤੋਂ ਦੇਸ਼ ਨੂੰ ਵੱਡੀਆਂ ਆਸਾਂ ਹਨ।ਕੌਮੀ ਪੱਧਰ 'ਤੇ ਮੁਕਾਬਲਿਆਂ ਵਿੱਚ ਦਮਨੀਤ ਨੇ ਇਸ ਸਾਲ 33ਵੀਂ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤਿਆ। ਇਸੇ ਤਰ੍ਹਾਂ ਨੈਸ਼ਨਲ ਯੂਥ ਚੈਂਪੀਅਨਸ਼ਿਪ ਵਿੱਚ ਨਵੇਂ ਕੌਮੀ ਰਿਕਾਰਡ ਨਾਲ ਚੈਂਪੀਅਨ ਬਣਿਆ। ਕੌਮੀ ਸਕੂਲ ਖੇਡਾਂ ਵਿੱਚ ਨਵੇਂ ਰਿਕਾਰਡ ਨਾਲ ਸੋਨੇ ਦਾ ਤਮਗਾ ਜਿੱਤਿਆ। ਨੌਰਥ ਜ਼ੋਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਵੀ ਸੋਨੇ ਦਾ ਤਮਗਾ ਜਿੱਤਿਆ। ਸਾਲ 2016 ਵਿੱਚ ਚੇਨਈ ਵਿਖੇ 32ਵੀਂ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਨੌਰਥ ਜੋਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਅਤੇ ਕੌਮੀ ਸਕੂਲ ਖੇਡਾਂ ਵਿੱਚ ਨਵੇਂ ਰਿਕਾਰਡ ਨਾਲ ਸੋਨੇ ਦਾ ਤਮਗਾ ਜਿੱਤਿਆ। ਸਾਲ 2015 ਵਿੱਚ 31ਵੀਂ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਨੌਰਥ ਜੋਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਅਤੇ ਕੌਮੀ ਸਕੂਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਸਾਲ 2014 ਵਿੱਚ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ।

ਸ਼ੇਰ-ਏ-ਪੰਜਾਬ ਅਕਡੈਮੀ ਚਕਰ (ਅਮਰਜੀਤ ਸਿੰਘ ਗਰੇਵਾਲ ਯਾਦਗਾਰੀ ਐਵਾਰਡ)

ਖੇਡਾਂ ਵਿੱਚ ਪ੍ਰਮੋਸ਼ਨ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਬਦਲੇ ਲੁਧਿਆਣਾ ਜ਼ਿਲੇ ਦੇ ਪਿੰਡ ਚਕਰ ਦੀ ਸ਼ੇਰ-ਏ-ਪੰਜਾਬ ਅਕੈਡਮੀ ਨੂੰ ਇਸ ਸਾਲ ਕਮਲਜੀਤ ਖੇਡਾਂ ਮੌਕੇ ਅਮਰਜੀਤ ਸਿੰਘ ਗਰੇਵਾਲ ਯਾਦਗਾਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਪਹਿਲੀ ਵਾਰ ਕਿਸੇ ਸੰਸਥਾ ਦੀ ਇਸ ਵੱਕਾਰੀ ਸਨਮਾਨ ਲਈ ਚੋਣ ਕੀਤੀ ਗਈ ਹੈ। ਚਕਰ ਦੀ ਇਸ ਅਕੈਡਮੀ ਨੇ ਆਪਣੇ ਬਲਬੂਤੇ ਖੇਡਾਂ ਵਿੱਚ ਅਜਿਹਾ ਸਥਾਨ ਹਾਸਲ ਕੀਤਾ ਹੈ ਕਿ ਇਥੋਂ ਦੀਆਂ ਕੁੜੀਆਂ ਨੇ ਮੁੱਕੇਬਾਜ਼ੀ ਵਿੱਚ ਕੌਮਾਂਤਰੀ ਅਤੇ ਮੁੰਡਿਆਂ ਨੇ ਫੁਟਬਾਲ ਵਿੱਚ ਕੌਮੀ ਪੱਧਰ ਤੱਕ ਪ੍ਰਾਪਤੀਆਂ ਕੀਤੀਆਂ ਹਨ। ਚਕਰ ਨੂੰ ਮਹਿਲਾ ਮੁੱਕੇਬਾਜ਼ੀ ਦਾ ਕਿਊਬਾ ਵੀ ਕਿਹਾ ਜਾਣ ਲੱਗਾ ਹੈ। ਇੰਗਲੈਂਡ ਵਸਦੇ ਸਿੱਧੂ ਭਰਾਵਾਂ (ਅਜਮੇਰ ਸਿੰਘ ਤੇ ਬਲਦੇਵ ਸਿੰਘ) ਦੇ ਯਤਨਾਂ ਸਦਕਾ 2006 ਵਿੱਚ 10 ਖਿਡਾਰੀਆਂ ਨਾਲ ਸ਼ੁਰੂ ਹੋਈ ਇਸ ਅਕੈਡਮੀ ਵਿੱਚ ਇਸ ਵੇਲੇ 400 ਤੋਂ ਵੱਧ ਖਿਡਾਰੀ ਹਨ ਜਿਹੜੇ ਮੁੱਕੇਬਾਜ਼ੀ, ਫੁਟਬਾਲ ਤੇ ਅਥਲੈਟਿਕਸ ਵਿੱਚ ਮੱਲਾਂ ਮਾਰ ਰਹੇ ਹਨ। ਅਕੈਡਮੀ ਦੇ ਪਿੰਡ ਦੇ ਹੀ ਖੇਡ ਮੈਦਾਨ ਵਿੱਚ ਮੁੱਕੇਬਾਜ਼ੀ ਰਿੰਗ, ਅਥਲੈਟਿਕਸ ਟਰੈਕ ਅਤੇ ਫੁਟਬਾਲ ਦਾ ਮੈਦਾਨ ਹੈ। ਪ੍ਰੋ. ਬਲਵੰਤ ਸਿੰਘ ਸੰਧੂ ਨੇ ਵੀ ਇਸ ਅਕੈਡਮੀ ਨੂੰ ਅੱਗੇ ਤੋਰਨ ਵਿੱਚ ਅਹਿਮ ਯੋਗਦਾਨ ਪਾਇਆ।

ਸ਼ੇਰ-ਏ-ਪੰਜਾਬ ਅਕੈਡਮੀ ਦੀ ਮਨਦੀਪ ਕੌਰ ਨੇ 2015 ਵਿੱਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਜਿੱਤੀ ਅਤੇ ਏਸ਼ੀਆ ਦੀ ਸਰਵੋਤਮ ਮੁੱਕੇਬਾਜ਼ ਬਣੀ।  ਸਰਬੀਆ ਵਿਖੇ ਲਗਾਤਾਰ ਦੋ ਸਾਲ ਕੱਪ ਜਿੱਤਿਆ। ਸੁਖਦੀਪ ਕੌਰ ਨੇ 2014-15 ਵਿੱਚ ਸਾਈਪਰਸ ਵਿਖੇ ਇੰਟਰਨੈਸ਼ਨਲ ਮੁੱਕੇਬਾਜ਼ੀ ਕੱਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਸੁਪਰ ਬਾਕਸਿੰਗ ਲੀਗ ਦੀ ਸਰਵੋਤਮ ਮੁੱਕੇਬਾਜ਼ ਸੁਖਦੀਪ ਨੇ ਸੀਨੀਅਰ ਨੈਸ਼ਨਲ ਵਿੱਚ ਵੀ ਸੋਨੇ ਦਾ ਤਮਗਾ ਜਿੱਤਿਆ। ਹਰਪ੍ਰੀਤ ਕੌਰ ਨੇ ਸਰਬੀਆ ਵਿਖੇ ਚਾਂਦੀ ਦਾ ਤਮਗਾ ਜਿੱਤਿਆ ਅਤੇ ਕੌਮੀ ਪੱਧਰ 'ਤੇ ਲਗਾਤਾਰ ਤਿੰਨ ਸਾਲ ਸੋਨੇ ਦਾ ਤਮਗਾ ਜਿੱਤਿਆ। ਸ਼ਵਿੰਦਰ ਕੌਰ ਨੇ ਸ੍ਰੀਲੰਕਾ ਚੈਲੇਂਜ ਕੱਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਸਿਮਰਨਜੀਤ ਕੌਰ ਨੇ ਏ.ਆਈ.ਬੀ.ਏ. ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਦੋ ਵਾਰ ਪੰਜਾਬ ਯੂਨੀਵਰਸਿਟੀ ਦੀ ਚੈਂਪੀਅਨ ਬਣੀ। ਮਹਿਲਾ ਮੁੱਕੇਬਾਜ਼ੀ ਵਿੱਚ ਪਰਮਿੰਦਰ ਕੌਰ, ਮੁਸਕਾਨ ਸਿੱਧੂ, ਜਸਪ੍ਰੀਤ ਕੌਰ, ਨਵਦੀਪ ਕੌਰ, ਜਸਪ੍ਰੀਤ ਕੌਰ ਤੇ ਰਮਨਪ੍ਰੀਤ ਕੌਰ ਵੀ ਅਜਿਹੀਆਂ ਮੁੱਕੇਬਾਜ਼ ਖਿਡਾਰਨਾਂ ਹਨ ਜਿਨ੍ਹਾਂ ਨੇ ਕੌਮੀ ਪੱਧਰ 'ਤੇ ਤਮਗੇ ਜਿੱਤੇ।ਇਸ ਅਕੈਡਮੀ ਦੇ ਖਿਡਾਰੀਆਂ ਨੇ ਫੁਟਬਾਲ ਵਿੱਚ ਵੀ ਵੱਡਾ ਨਾਮਣਾ ਖੱਟਿਆ ਹੈ। ਗੁਰਮੁਖ ਸਿੰਘ ਨੇ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਤੇ ਅੰਡਰ-18 ਆਈ ਲੀਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਤਰਨਪ੍ਰੀਤ ਸਿੰਘ ਦੋ ਵਾਰ ਅੰਡਰ-15 ਆਈ ਲੀਗ ਦਾ ਚੈਂਪੀਅਨ ਬਣਿਆ। ਅਮਿਤ ਕੁਮਾਰ ਨੇ ਕੌਮੀ ਸਕੂਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਕਰਨ ਸਿੰਘ ਨੇ ਸੁਬੋਰਤੋ ਮੁਖਰਜੀ ਕੱਪ ਅੰਡਰ-14 ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਪਰਮੋਦ ਕੁਮਾਰ ਤੇ ਹਰਮਨਜੀਤ ਸਿੰਘ ਨੇ ਕੌਮੀ ਪੱਧਰ 'ਤੇ ਹਿੱਸਾ ਲਿਆ। ਸਟੇਟ ਪੱਧਰ ਤੱਕ ਖੇਡਣ ਵਾਲਿਆਂ ਵਿੱਚ ਵੀ ਹਰਮਨ ਸਿੰਘ, ਜਗ ਕੀਰਤ ਸਿੰਘ, ਹਰਮਨਦੀਪ ਸਿੰਘ, ਅਕਾਸ਼ਦੀਪ ਸਿੰਘ, ਪਵਨਦੀਪ ਸਿੰਘ, ਇੰਦਰਪਾਲ ਸਿੰਘ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ, ਅਰਸ਼ਦੀਪ ਸਿੰਘ ਤੇ ਸੰਦੀਪ ਸਿੰਘ ਦੇ ਨਾਂ ਸ਼ਾਮਲ ਹਨ।

 

Tags: Tript Rajinder Singh Bajwa , SPORTS NEWS

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD