ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਕਿਸਾਨਾਂ ਦੀ ਜਮੀਨ ਵਿਚੋਂ ਮਿੱਟੀ ਦੀ ਪਰਖ ਕਰਨ ਲਈ ਇਸ ਸਾਲ ਹੁਣ ਤੱਕ 14 ਹਜਾਰ ਦੇ ਕਰੀਬ ਮਿੱਟੀ ਦੇ ਸੈਂਪਲ ਇਕੱਤਰ ਕੀਤੇ ਗਏ ਹਨ ਅਤੇ ਸਾਲ ਦੇ ਅੰਤ ਤੱਕ 16 ਹਜ਼ਾਰ 476 ਮਿੱਟੀ ਦੇ ਸੈਂਪਲ ਇਕੱਠੇ ਕਰਨ ਦਾ ਟੀਚਾ ਮਿੱਖਿਆ ਗਿਆ ਹੈ। ਜਿਸ ਨੂੰ ਕਿ 100 ਫੀਸਦੀ ਮੁਕੰਮਲ ਕਰ ਲਿਆ ਜਾਵੇਗਾ। ਇਸ ਗੱਲ ਦੀ ਜਾਣਕਾਰੀ ਮੁੱਖ ਖੇਤੀਬਾੜ੍ਹੀ ਅਫਸਰ ਡਾ: ਪਰਮਿੰਦਰ ਸਿੰਘ ਡਾਇਰੈਕਟਰ ਖੇਤੀਬਾੜ੍ਹੀ ਵਿਭਾਗ ਜਸਬੀਰ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਰਾਏਪੁਰ ਖੁਰਦ ਵਿਖੇ ਮਿੱਟੀ ਪਰਖ ਲਈ ਸੈਂਪਲ ਇਕੱਤਰ ਕੀਤੇ ਗਏ। ਮੁੱਖ ਖੇਤੀਬਾੜ੍ਹੀ ਅਫਸਰ ਨੇ ਦੱਸਿਆ ਕਿ ਖੇਤੀਬਾੜ੍ਹੀ ਵਿਭਾਗ ਵੱਲੋਂ ਕਿਸਾਨਾਂ ਦੀ ਜਮੀਨ ਦੀ ਮਿੱਟੀ ਦੀ ਪਰਖ ਬਿਲਕੁਲ ਮੁਫਤ ਕੀਤੀ ਜਾਂਦੀ ਹੈ। ਜਿਸ ਲਈ ਡੇਰਾਬਸੀ ਵਿਖੇ ਭੌਂ ਪਰਖ ਲੈਬੋਰਾਟਰੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਮਿੱਟੀ ਪਰਖ ਕਰਨ ਦਾ ਮੁੱਖ ਮੰਤਵ ਕਿਸਾਨ ਦੇ ਖੇਤਾਂ ਦੀ ਜਮੀਨ ਦੀ ਸਿਹਤ ਦਾ ਪਤਾ ਕਰਨਾ ਹੈ ਤਾਂ ਜੋ ਜਰੂਰਤ ਅਨੁਸਾਰ ਖਾਦਾਂ ਦੀ ਵਰਤੋਂ ਕਰ ਕੇ ਫ਼ਸਲ ਦਾ ਵੱਧ ਝਾੜ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਮੀਨ ਦੀ ਮਿੱਟੀ ਦੀ ਪਰਖ ਅਤੇ ਪਾਣੀ ਦੀ ਪਰਖ ਜਰੂਰ ਕਰਾਉਣ। ਉਨ੍ਹਾਂ ਦੱਸਿਆ ਕਿ ਮਿੱਟੀ ਟੈਸਟ ਕਰਾਉਣ ਉਪਰੰਤ ਪਤਾ ਲੱਗਦਾ ਹੈ ਕਿ ਭੂਮੀ ਵਿਚ ਕਿਸ ਤੱਤ ਦੀ ਘਾਟ ਹੈ।
ਉਸ ਅਨੁਸਾਰ ਹੀ ਰਸਾਇਣਕ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜਿਸ ਨਾਲ ਬੇਲੋੜੇ ਖਰਚੇ ਦੀ ਬੱਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਸੁਆਇਲ ਹੈਲਥ ਕਾਰਡ ਵੀ ਜਾਰੀ ਕੀਤੇ ਜਾਣਗੇ। ਉਨ੍ਹਾਂ ਹੋਰ ਦੱਸਿਆ ਕਿ ਫ਼ਸਲਾਂ ਦੇ ਵਿਕਾਸ ਲਈ 17 ਤੱਤਾਂ ਦੀ ਲੋੜ ਹੁੰਦੀ ਹੈ ਜਿੰਨ੍ਹਾਂ ਵਿਚੋਂ ਕਾਰਬਨ, ਨਾਈਟਰੋਜ਼ਨ ਅਤੇ ਆਕਸੀਜਨ ਨੂੰ ਛੱਡ ਕੇ ਬਾਕੀ ਸਾਰੇ ਪੋਸ਼ਕ ਤੱਕ ਪੌਦੇ ਮਿੱਟੀ ਤੋਂ ਪ੍ਰਾਪਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਲਗਾਤਾਰ ਖੇਤੀ ਕਰਨ ਨਾਲ ਜਮੀਨ ਵਿਚ ਇੰਨਾਂ ਤੱਤਾਂ ਦੀ ਮਾਤਰਾ ਘੱਟ ਜਾਂਦੀ ਹੈ। ਜਮੀਨ ਵਿਚ ਇੰਨ੍ਹਾਂ ਤੱਤਾਂ ਦੀ ਸੰਤੁਲਿਤ ਮਾਤਰਾ ਰੱਖਣ ਲਈ ਮਿੱਟੀ ਦੀ ਪਰਖ ਕਰਾਉਣੀ ਜਰੂਰੀ ਹੈ। ਜਿਸ ਲਈ ਜ਼ਿਲ੍ਹੇ ਦੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੀ ਪਰਖ ਕਰਾਉਣ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਮੁੱਖ ਖੇਤੀਬਾੜ੍ਹੀ ਅਫਸਰ ਨੇ ਦੱਸਿਆ ਕਿ ਪਿੰਡ ਰਾਏਪੁਰ ਖੁਰਦ ਵਿਚ ਕਿਸਾਨਾਂ ਦੇ ਖੇਤਾਂ ਵਿਚੋਂ ਮਿੱਟੀ ਦੇ ਸੈਂਪਲ ਕਿਸਾਨਾਂ ਦੇ ਸਾਹਮਣੇ ਲਏ ਗਏ ਤਾਂ ਜੋ ਹੋਰਨਾਂ ਕਿਸਾਨਾਂ ਨੂੰ ਵੀ ਮਿੱਟੀ ਪਰਖ ਕਰਾਉਣ ਸਬੰਧੀ ਜਾਣਕਾਰੀ ਹਾਸਿਲ ਹੋ ਸਕੇ। ਇਸ ਮੌਕੇ ਪਿੰਡ ਦੇ ਕਿਸਾਨ ਸ੍ਰੀ ਮੋਹਨ ਸਿੰਘ ਅਵਤਾਰ ਸਿੰਘ, ਜਰਨੈਲ ਸਿੰਘ, ਸ਼ੇਰ ਸਿੰਘ ਅਤੇ ਮਨਦੀਪ ਸਿੰਘ, ਸ੍ਰੀ ਚਮਨ ਲਾਲ ਸਮੇਤ ਖੇਤੀਬਾੜ੍ਹੀ ਵਿਕਾਸ ਅਫਸਰ ਡਾ: ਸੰਦੀਪ ਬਹਿਲ, ਖੇਤੀਬਾੜ੍ਹੀ ਉਪ-ਨਿਰੀਖਕ ਸ੍ਰੀ ਅਜੈ ਕੁਮਾਰ ਵੀ ਮੌਜੂਦ ਸਨ।