ਸਥਾਨਕ ਸ਼ਹਿਰ ਦੇ ਚੰਡੀਗੜ੍ਹ-ਖਰੜ ਰੋਡ ਤੇ ਲਵਾਰਸ਼ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ 'ਪ੍ਰਭ ਆਸਰਾ' ਸੰਸਥਾ ਵਿਚ ਪਿਛਲੇ 15 ਦਿਨ ਦੌਰਾਨ ਤਿੰਨ ਲਾਚਾਰ ਔਰਤਾਂ ਗਰਭਵਤੀ ਅਵਸਥਾ ਵਿਚ ਦਾਖਲ ਹੋਈਆਂ ਹਨ ਜਿਨ੍ਹਾਂ ਦਾ ਇਲਾਜ਼ ਅਤੇ ਸੇਵਾ ਸੰਭਾਲ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁਖ ਪ੍ਰਬੰਧਕ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਦਿਮਾਗੀ ਤੌਰ ਤੇ ਪ੍ਰੇਸ਼ਾਨ ਜਸਵਿੰਦਰ ਕੌਰ (35) ਨਾਮਕ ਔਰਤ ਨੂੰ ਪਿੰਡ ਬੀਕਾ ਜਿਲ੍ਹਾ ਨਵਾਂਸ਼ਹਿਰ ਦੀ ਪੰਚਾਇਤ ਵੱਲੋਂ ਸੰਸਥਾ ਵਿਚ ਦਾਖਲ ਕਰਵਾਇਆ ਗਿਆ ਹੈ ਜੋ ਕਿ ਪੰਚਾਇਤ ਮੈਂਬਰਾਂ ਨੂੰ ਜਿਲ੍ਹਾ ਲੁਧਿਆਣਾ ਦੇ ਪ੍ਰਤਾਪ ਸਿੰਘ ਹਸਪਤਾਲ ਦੇ ਸਾਹਮਣੇ ਗਰਭਵਤੀ ਹਾਲਤ ਵਿਚ ਲਵਾਰਸ ਘੁੰਮਦੀ ਮਿਲ ਸੀ। ਉਨ੍ਹਾਂ ਦੱਸਿਆ ਕਿ ਦਿਮਾਗੀ ਤੌਰ ਤੇ ਪ੍ਰੇਸ਼ਾਨ ਅੰਜਲੀ 23 ਸਾਲਾ ਔਰਤ ਜੋ ਕਿ ਪਿੰਡ ਮੁਗਲਮਾਜਰੀ ਵਿਚ ਲਵਾਰਸ਼ ਘੁੰਮ ਰਹੀ ਸੀ ਨੂੰ ਸਮਾਜ ਦਰਦੀ ਸੱਜਣਾਂ ਦੇ ਸਹਿਯੋਗ ਨਾਲ ਥਾਣਾ ਸਿੰਘ ਭਗਵੰਤਪੁਰਾ ਦੀ ਪੁਲਿਸ ਵੱਲੋਂ ਸੰਸਥਾ ਵਿਚ ਦਾਖਲ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਜਸਵੀਰ ਕੌਰ (35) ਨਾਮਕ ਔਰਤ ਜਿਸ ਨਾਲ ਇੱਕ ਅੱਠ ਮਹੀਨਿਆਂ ਦੀ ਕਿਰਨ ਨਾਮਕ ਬੱਚੀ ਵੀ ਹੈ ਜੋ ਕਿ ਗਰਭਵਤੀ ਹਾਲਤ ਵਿਚ ਸੰਸਥਾ ਪਹੁੰਚੀ ਹੈ। ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਉਕਤ ਤਿੰਨੋ ਔਰਤਾਂ ਦਾ ਡਾਕਟਰੀ ਮੁਆਇਨਾ ਸਰਕਾਰੀ ਹਸਪਤਾਲ ਖਰੜ ਤੋਂ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਦੇ ਗਰਭਵਤੀ ਹੋਣ ਦੀ ਪੁਸ਼ਟੀ ਕੀਤੀ। ਇਸ ਸਬੰਧੀ ਗਲਬਾਤ ਕਰਦਿਆਂ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਕਿਹਾ ਕਿ ਅਜਿਹੀਆਂ ਮਾਨਸਿਕ ਤੌਰ ਤੇ ਕਮਜ਼ੋਰ ਔਰਤਾਂ ਦੀ ਸਬੰਧੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਇਹ ਔਰਤਾਂ ਆਪਣੇ ਨਾਲ ਹੋਣ ਵਾਲੀਆਂ ਚੰਗੀਆਂ ਮਾੜੀਆਂ ਘਟਨਾਵਾਂ ਤੋਂ ਅਣਜਾਣ ਹੁੰਦੀਆਂ ਹਨ। ਇਸ ਲਈ ਸਮਾਜ ਅਤੇ ਪ੍ਰਸ਼ਾਸਨ ਨੂੰ ਆਪਣੀ ਬਣਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਨਾਲ ਹੋਰ ਮੰਦਭਾਗੀ ਘਟਨਾ ਵਾਪਰਨ ਤੋਂ ਬਚਾਅ ਹੋ ਸਕੇ।