ਪੰਜਾਬ ਸਰਕਾਰ ਆਉਣ ਵਾਲੇ ਦੋ ਸਾਲਾਂ ਦੌਰਾਨ ਸਮੁੱਚੀਆਂ 15170 ਪੇਂਡੂ ਅਬਾਦੀਆਂ ਨੂੰ 70 ਐਲ.ਪੀ.ਪੀ.ਪੀ.ਡੀ. ਜਲ ਸਪਲਾਈ ਕਰਨਾ ਯਕੀਨੀ ਬਣਾਏਗੀ।ਇਹ ਖੁਲਾਸਾ ਕਰਦਿਆਂ ਪੰਜਾਬ ਦੇ ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ, ਸੁਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ. ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚਾਲੂ ਸਾਲ 2013-14 ਦੌਰਾਨ ਪੇਂਡੂ ਜਲ ਸਪਲਾਈ ਨੂੰ ਹੋਰ ਬਿਹਤਰ ਬਣਾਉਣ ਅਤੋ ਸੂਬੇ ਦੇ ਸਮੁੱਚੇ ਪੇਂਡੂ ਖੇਤਰਾਂ ਵਿੱਚ ਸਾਫ਼ ਪੀਣਯੋਗ ਪਾਣੀ ਮੁਹੱਈਆ ਕਰਾਉਣ ਲਈ ਨਵੀਂ ਯੋਜਨਾ ਉਲੀਕੀ ਹੈ, ਜਿਸ ਤਹਿਤ ਸੂਬੇ ਦੇ 5000 ਪਿੰਡਾਂ 'ਚ ਇੱਕ ਦਿਨ 'ਚ ਇੱਕ ਆਦਮੀ ਪਿੱਛੇ 70 ਲੀਟਰ ਪਾਣੀ ਸਪਲਾਈ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੀਂ ਯੋਜਨਾ ਤਹਿਤ ਇਹ ਨਿਸ਼ਚਿਤ ਕੀਤਾ ਗਿਆ ਹੈ ਕਿ ਪਾਣੀ 'ਚ ਪਾਏ ਜਾਣ ਵਾਲੇ ਯੂਰੇਨੀਅਮ ਅਤੇ ਹੋਰ ਘਾਤਕ ਤੱਤਾਂ ਦੀ ਸਪਲਾਈ ਨਿਸ਼ਚਿਤ ਮਾਪਦੰਡਾਂ ਤੋਂ ਵੱਧ ਨਾ ਹੋਵੇ ਅਤੇ ਪਾਣੀ ਦੀ ਗੈਰ-ਕਾਨੂੰਨੀ ਵਰਤੋਂ ਨਾ ਹੋਵੇ।
ਸ. ਵਲਟੋਹਾ ਨੇ ਅਕਾਲੀ-ਭਾਜਪਾ ਸਰਕਾਰ ਦੁਆਰਾ ਮਿੱਥੇ ਹੋਏ ਟੀਚੇ ਹਰ ਹਾਲਤ 100 ਫੀਸਦੀ ਪੂਰੇ ਕਰਨ ਬਾਰੇ ਯਕੀਨ ਦਿਵਾਉਂਦਿਆਂ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ਦੇ ਲੋਕਾਂ ਨੂੰ ਸਵੱਛ ਪਾਣੀ ਦੇਣ ਲਈ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵੇਖਣ 'ਚ ਆਇਆ ਹੈ ਕਿ ਸੂਬੇ ਦੇ ਕੁੱਝ ਪੇਂਡੂ ਖੇਤਰਾਂ 'ਚ ਪੇਂਡੂ ਜਲ ਸਪਲਾਈ ਸਕੀਮਾਂ ਜਾਂ ਤਾਂ ਬੰਦ ਹਨ ਜਾਂ ਉਨ੍ਹਾਂ ਦੇ ਮਿੱਥੇ ਹੋਏ ਟੀਚੇ ਪੂਰੇ ਨਹੀਂ ਹੋਏ। ਉਨ੍ਹਾਂ ਸੂਬੇ ਦੇ ਲੋਕਾਂ, ਇਲਾਕਾਈ ਆਗੂਆਂ ਨੂੰ ਅਪੀਲ ਕੀਤੀ ਕਿ ਆਪਣੇ ਇਲਾਕੇ 'ਚ ਵਿਭਾਗ ਦੀਆਂ ਬੰਦ ਹੋ ਚੁੱਕੀਆਂ ਸਕੀਮਾਂ ਜਾਂ ਜਿਨ੍ਹਾਂ ਸਕੀਮਾਂ ਪ੍ਰਤੀ ਉਨ੍ਹਾਂ ਨੂੰ ਕੋਈ ਸ਼ਿਕਾਇਤ ਹੈ, ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਜਾਣ ਤਾਂਕਿ ਸਬੰਧਤ ਸਕੀਮਾਂ ਨੂੰ ਮੁੜ ਚਾਲੂ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਭਾਗ ਦੇ ਸਮੂਹ ਜ਼ਿਲ੍ਹਿਆਂ ਮੁਖੀਆਂ ਨੂੰ ਪੇਂਡੂ ਜਲ ਸਪਲਾਈ ਸਕੀਮਾਂ ਦੀ ਸਟੇਟਸ ਰਿਪੋਰਟ ਤੁੰਰਤ ਭੇਜਣ ਦੇ ਆਦੇਸ਼ ਦਿੱਤੇ ਗਏ ਹਨ।