ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਸੂਬੇ ਨੂੰ ਹਰੀ ਕ੍ਰਾਂਤੀ, ਪਸ਼ੂ ਪਾਲਣ ਦੇ ਖੇਤਰ ਵਿੱਚ ਮੋਹਰੀ ਹੋਣ ਅਤੇ ਦੋਵੇਂ ਖੇਤਰਾਂ ਸਮੇਤ ਹੋਰ ਖੇਤਰਾਂ ਵਿੱਚ ਤਕਨੀਕ ਦੀ ਵਰਤੋਂ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਇਨ੍ਹਾਂ ਮਾਮਲਿਆਂ ਵਿੱਚ ਦੇਸ਼ ਦੇ ਦੂਜੇ ਸੂਬਿਆਂ ਨਾਲੋਂ ਕਿਤੇ ਅੱਗੇ ਲੰਘ ਗਿਆ ਹੈ। ਜਿਸ ਤੋਂ ਦੇਸ਼ ਦੇ ਹੋਰ ਸੂਬਿਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਦੇਸ਼ ਨੂੰ ਅਨਾਜ ਉਤਪਾਦਨ ਅਤੇ ਪਸ਼ੂ ਪਾਲਣ ਸਮੇਤ ਹੋਰ ਖੇਤਰਾਂ ਵਿੱਚ ਵਿਸ਼ਵ ਦਾ ਸਰਬੋਤਮ ਦੇਸ਼ ਬਣਾਇਆ ਜਾ ਸਕੇ।ਅੱਜ ਦੇਰ ਸ਼ਾਮ ਸਥਾਨਕ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ) ਦੇ ਵੱਖ-ਵੱਖ ਵਿੰਗਾਂ ਦਾ ਦੌਰਾ ਕਰਨ ਦੌਰਾਨ ਪੱਤਰਕਾਰਾਂ ਨਾਲ ਗੈਰ ਰਸਮੀਂ ਗੱਲਬਾਤ ਕਰਦਿਆਂ ਸ੍ਰੀ ਬਦਨੌਰ ਨੇ ਕਿਹਾ ਕਿ ਪੂਰਾ ਦੇਸ਼ ਗਵਾਹ ਹੈ ਕਿ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਉਣ ਵਿੱਚ ਮੋਹਰੀ ਰੋਲ ਅਦਾ ਕੀਤਾ ਸੀ ਅਤੇ ਹੁਣ ਵੀ ਕਰਦਾ ਆ ਰਿਹਾ ਹੈ। ਇਸ ਤੋਂ ਇਲਾਵਾ ਪਸ਼ੂ ਪਾਲਣ, ਖੇਤੀਬਾੜੀ, ਮੱਛੀ ਪਾਲਣ ਅਤੇ ਹੋਰ ਖੇਤਰਾਂ ਵਿੱਚ ਪੰਜਾਬ ਵੱਲੋਂ ਕੀਤੇ ਜਾ ਰਹੇ ਸੁਚੱਜੇ ਯਤਨਾਂ ਨਾਲ ਸੂਬੇ ਦਾ ਨਾਮ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਸਭ ਤੋਂ ਅੱਗੇ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਨੂੰ ਦੇਖਦਿਆਂ ਬਾਕੀ ਸੂਬਿਆਂ ਨੂੰ ਪੰਜਾਬ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਕਿਵੇਂ ਪੰਜਾਬ ਇਨ੍ਹਾਂ ਖੇਤਰਾਂ ਵਿੱਚ ਨਵੀਂਆਂ ਤਕਨੀਕਾਂ ਦੇ ਸਹਾਰੇ ਨਾਲ ਪੁਲਾਂਘਾ ਪੁੱਟ ਰਿਹਾ ਹੈ।
ਇਸ ਮੌਕੇ ਸ੍ਰੀ ਬਦਨੌਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੁਝਾਏ ਤਰੀਕੇ ਮੁਤਾਬਿਕ ਹੀ ਖਾਦਾਂ ਦੀ ਵਰਤੋਂ ਕਰਨ ਤਾਂ ਜੋ ਫਸਲਾਂ ਵੀ ਸਹੀ ਰਹਿਣ ਅਤੇ ਮਨੁੱਖੀ ਜਾਨਾਂ ਨੂੰ ਵੀ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਖੇਤੀਬਾੜੀ ਨਾਲ ਮੁੜ ਤੋਂ ਜੋੜਨ ਲਈ ਸੁਚੱਜੇ ਯਤਨ ਕਰਨ ਦੀ ਲੋੜ ਹੈ।ਸ੍ਰੀ ਬਦਨੌਰ ਨੇ ਯੂਨੀਵਰਸਿਟੀ ਦਾ ਦੌਰਾ ਕਰਦਿਆਂ ਗਹਿਰੀ ਦਿਲਸਚਪੀ ਦਿਖਾਉਂਦਿਆਂ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਅਮਰਜੀਤ ਸਿੰਘ ਨੰਦਾ ਕੋਲੋਂ ਵਿਦੇਸ਼ੀ ਗਾਵਾਂ, ਮੱਝਾਂ, ਮੱਛੀਆਂ ਅਤੇ ਸਾਨਾਂ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਲਈ। ਉਨ੍ਹਾਂ ਸਲਾਹ ਦਿੱਤੀ ਕਿ ਕੈਟ ਫਿਸ਼ ਜੋ ਦੂਜੀਆਂ ਮੱਛੀਆਂ ਨੂੰ ਖਾ ਜਾਂਦੀਆਂ ਹਨ, ਉਨ੍ਹਾਂ ਨੂੰ ਖ਼ਤਮ ਕਰਨ ਦੀ ਲੋੜ ਹੈ। ਇਸ ਲਈ ਖੋਜਕਰਤਾਵਾਂ ਅਤੇ ਵਿਗਿਆਨੀਆਂ ਨੂੰ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਯੂਨੀਵਰਸਿਟੀ ਵੱਲੋਂ ਪਸ਼ੂਆਂ ਦੇ ਇਲਾਜ਼ ਲਈ ਵਰਤੀ ਜਾਂਦੀ ਤਕਨੀਕ ਬਾਰੇ ਵੀ ਜਾਣਕਾਰੀ ਲਈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਧਿਰੂਮਨ ਨਿੰਬਲ, ਰਾਜਪਾਲ ਦੇ ਜੁਆਇੰਟ ਡਾਇਰੈਕਟਰ ਪ੍ਰੈੱਸ ਸ੍ਰ. ਨਗਿੰਦਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਸ੍ਰੀ ਬਦਨੌਰ ਮਿਤੀ 22 ਅਤੇ 23 ਸਤੰਬਰ ਨੂੰ ਯੂਨੀਵਰਸਿਟੀ ਵਿਖੇ ਲੱਗ ਰਹੇ ਦੋ ਰੋਜ਼ਾ ਪਸ਼ੂ ਪਾਲਣ ਮੇਲੇ ਵਿੱਚ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ 'ਤੇ ਇਥੇ ਪੁੱਜੇ ਹੋਏ ਹਨ।