ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਅੱਜ ਆਪਣੀ ਫਰੀਦਕੋਟ ਫੇਰੀ ਮੌਕੇ ਇਥੋਂ ਦੀ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵਿਚ ਸਥਾਪਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲ, ਬਿਰਧ ਆਸ਼ਰਮ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਅਲੋਕ ਸ਼ੇਖਰ ਮੁੱਖ ਸਕੱਤਰ ਮੈਡੀਕਲ ਸਿੱਖਿਆ, ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ, ਵੀ.ਸੀ ਡਾ. ਰਾਜ ਬਹਾਦਰ, ਸ. ਸੁਰਜੀਤ ਸਿੰਘ ਡੀ.ਆਈ.ਜੀ ਫਰੀਦਕੋਟ ਰੇਂਜ, ਸ੍ਰੀ ਸਵਰਨਦੀਪ ਸਿੰਘ ਐੱਸ.ਐੱਸ.ਪੀ. ਸਮੇਤ ਰੈੱਡ ਕਰਾਸ ਭਲਾਈ ਸ਼ਾਖਾ ਦੇ ਮੈਂਬਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਮੌਕੇ ਗਵਰਨਰ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਸੰਸਥਾ ਵਿਖੇ ਫਰੀਦਕੋਟ ਜ਼ਿਲ੍ਹੇ ਦੇ 50 ਸਾਲ ਪੂਰੇ ਹੋਣ ਤੇ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਸੰਸਥਾ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਬਣਾਈਆਂ ਗਈਆਂ ਕਲਾਂ-ਕ੍ਰਿਤੀਆਂ ਨੂੰ ਵਿਸ਼ੇਸ਼ ਤੌਰ ਤੇ ਸਰਾਹਿਆ ਅਤੇ ਜ਼ਿਲਾ ਪ੍ਰਸ਼ਾਸ਼ਨ ਅਤੇ ਰੈਡ ਕਰਾਸ ਸ਼ਾਖਾ ਵੱਲੋਂ ਬਚਿਆਂ ਅਤੇ ਬਜੁਰਗਾਂ ਦੀ ਸਹੂਲਤ ਲਈ ਕੀਤੇ ਗਏ ਵਧੀਆ ਪ੍ਰਬੰਧਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਰਾਜਪਾਲ ਜੋ ਕਿ ਰੈਡ ਕਰਾਸ ਸੰਸਥਾ ਪੰਜਾਬ ਦੇ ਪ੍ਰਧਾਨ ਵੀ ਹਨ ਨੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਰੈੱਡ ਕਰਾਸ ਸੰਸਥਾ ਪੰਜਾਬ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੋਵੇ ਤਾਂ ਉਹ ਉਨ੍ਹਾਂ ਵੱਲੋਂ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਰੈੱਡ ਕਰਾਸ ਸੰਸਥਾ ਵੱਲੋਂ ਚਲਾਈਆਂ ਜਾ ਰਹੀਆਂ ਸੰਸਥਾਵਾਂ ਦੀ ਬਿਹਤਰੀ ਲਈ ਵੀ ਲੋੜੀਂਦੀ ਮਦਦ ਕੀਤੀ ਜਾਵੇਗੀ।ਇਸ ਮੌਕੇ ਤੇ ਡਿਪਟੀ ਕਮਿਸ਼ਨਰ ਵੱਲੋਂ ਮਾਨਯੋਗ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ, ਸ੍ਰੀ ਅਲੋਕ ਸ਼ੇਖਰ, ਡਾ. ਰਾਜ ਬਹਾਦਰ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਗਵਰਨਰ ਪੰਜਾਬ ਟਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੋਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।ਇਸ ਮੌਕੇ ਏ.ਡੀ.ਸੀ. ਰਾਜਦੀਪ ਸਿੰਘ ਬਰਾੜ, ਸ੍ਰੀ ਸੁਭਾਸ਼ ਚੰਦਰ ਸੈਕਟਰੀ ਰੈੱਡ ਕਰਾਸ,ਰਮੇਸ਼ ਕੁਮਾਰ ਜਿਲ੍ਹਾਂ ਰੁਜ਼ਗਾਰ ਤੇ ਕਾਰੋਬਾਰ ਬਿਉਰੋ, ਸ੍ਰੀ ਰਮੇਸ਼ ਚੰਦਰ ਜੈਨ, ਸ੍ਰੀਮਤੀ ਸੁਨੀਤਾ ਜੈਨ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।