ਮਾਲ ਤੇ ਮੁੜ ਵਸੇਬਾ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੋਗਲੀ ਰਾਜਨੀਤੀ ਕਰ ਰਹੀ ਹੈ ਅਤੇ ਅਜਿਹੀ ਪਾਰਟੀ ਸੂਬੇ ਦਾ ਕੁਝ ਨਹੀਂ ਸਵਾਰ ਸਕਦੀ। ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਸ੍ਰ: ਜਤਿੰਦਰ ਸਿੰਘ ਲਾਲੀ ਬਾਜਵਾ ਵਲੋਂ ਰੱਖੀ ਗਈ ਧੰਨਵਾਦੀ ਰੈਲੀ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਵਾਸੀਆਂ ਨਾਲ ਝੂਠੇ ਵਾਅਦੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਲੋਕ ਤਰਾਹ-ਤਰਾਹ ਕਰ ਰਹੇ ਹਨ ਅਤੇ ਇਹ ਪਾਰਟੀ ਪੰਜਾਬ ਵਿੱਚ ਸਹੂਲਤਾਂ ਦੇਣ ਦੀ ਗੱਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐਸ.ਵਾਈ.ਐਲ. ਮੁੱਦੇ 'ਤੇ ਵੀ ਇਸ ਪਾਰਟੀ ਵਲੋਂ ਦੋਗਲੀ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀਆਂ ਗਲਤ ਨੀਤੀਆਂ ਕਰਕੇ ਅੰਨਾ ਹਜ਼ਾਰੇ, ਪ੍ਰਭਾਤ ਭੂਸ਼ਨ ਅਤੇ ਸੁੱਚਾ ਸਿੰਘ ਛੋਟੇਪੁਰ ਵਰਗੇ ਵਿਅਕਤੀ ਪਾਰਟੀ ਤੋਂ ਅਲੱਗ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵਲੋਂ ਗਲਤ ਲੀਡਰਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਅਵਾਜ਼ ਉਠਾਉਣ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ।
ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਸ੍ਰ: ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਗਰਾਫ਼ ਦਿਨੋ-ਦਿਨ ਡਿੱਗਦਾ ਜਾ ਰਿਹਾ ਹੈ ਅਤੇ ਕਾਂਗਰਸ ਪਾਰਟੀ ਦੀ ਇਸ ਮੰਦਹਾਲੀ ਲਈ ਕੈਪਟਨ ਅਮਰਿੰਦਰ ਸਿੰਘ ਖੁਦ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਉਹ ਆਪਣੇ ਵਜ਼ੀਰਾਂ ਅਤੇ ਹਲਕਾ ਵਿਧਾਇਕਾਂ ਨੂੰ ਵੀ ਨਹੀਂ ਮਿਲਦੇ ਸਨ ਅਤੇ ਹੁਣ 'ਹਲਕੇ ਵਿੱਚ ਕੈਪਟਨ' ਪ੍ਰੋਗਰਾਮ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਨਕਸ਼ੇ ਤੋਂ ਗਾਇਬ ਹੋਣ ਲਈ ਜਿਥੇ ਕੇਂਦਰ ਦੇ ਕਾਂਗਰਸੀ ਮੰਤਰੀਆਂ ਦਾ ਹੱਥ ਸੀ, ਉਥੇ ਰਾਜ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਗਲਤ ਨੀਤੀਆਂ ਦੁਆਰਾ ਖੁਦ ਕਾਂਗਰਸ ਦਾ ਸਫਾਇਆ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਮੰਦਰ ਵਿਧਾਨ ਸਭਾ ਵਿੱਚ ਵੀ ਕਾਂਗਰਸੀ ਹੱਥੋਪਾਈ 'ਤੇ ਉਤਰ ਆਏ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸੀ ਪੂਰੀ ਤਰ੍ਹਾਂ ਬੌਖਲਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ੍ਰ: ਵਿਰਸਾ ਸਿੰਘ ਵਲਟੋਹਾ ਨੇ ਕੋਈ ਵੀ ਅਪਸ਼ਬਦ ਨਹੀਂ ਬੋਲੇ, ਪਰ ਕਾਂਗਰਸੀ ਸ਼ਰਾਰਤ ਕਰਕੇ ਪਾੜੋ ਤੇ ਰਾਜ ਕਰਨ ਦੀ ਨੀਤੀ 'ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਜੋ ਹਸ਼ਰ ਹੋਇਆ, ਉਹ ਸਾਰਿਆਂ ਦੇ ਸਾਹਮਣੇ ਹੈ।ਆਪ ਦੇ ਅੱਧੇ ਤੋਂ ਜ਼ਿਆਦਾ ਮੰਤਰੀ ਕਿਸੇ ਨਾ ਕਿਸੇ ਕੇਸ ਵਿੱਚ ਫ਼ਸੇ ਹੋਏ ਹਨ। ਜਿਹੜੀਆਂ ਸਹੂਲਤਾਂ ਆਮ ਆਦਮੀ ਪਾਰਟੀ ਰਾਜ ਦੇ ਲੋਕਾਂ ਨੂੰ ਦੇਣ ਦਾ ਵਾਅਦਾ ਕਰ ਰਹੀ ਹੈ, ਉਸ ਤੋਂ ਵੱਧ ਸਹੂਲਤਾਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਮੁਹੱਈਆ ਕਰਵਾਈਆਂ ਹਨ।
ਸ੍ਰ: ਮਜੀਠੀਆ ਨੇ ਕਿਹਾ ਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਹਨ, ਤਾਂ ਆਪਣੇ ਨਿਜੀ ਹਿੱਤਾਂ ਦੇ ਖਾਤਰ ਤੀਜੇ-ਚੌਥੇ ਫਰੰਟ ਬਣਾਉਣ ਵਾਲੇ ਰਾਜਨੀਤਿਕ ਆਗੂ ਇਸ ਤਰ੍ਹਾਂ ਦੇ ਕਈ ਡਰਾਮੇਬਾਜ਼ੀ ਵਾਲੀਆਂ ਖੇਡਾਂ ਖੇਡਦੇ ਹਨ, ਪਰ ਪੰਜਾਬ ਦੇ ਸੂਝਵਾਨ ਵੋਟਰ ਕਿਸੇ ਵੀ ਵਿਰੋਧੀ ਪਾਰਟੀ ਜਾਂ ਫਰੰਟ ਦੇ ਝਾਂਸੇ ਵਿੱਚ ਨਹੀਂ ਆਉਣਗੇ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਲਗਾਤਾਰ ਤੀਜੀ ਵਾਰ ਲੋਕਾਂ ਦੀ ਸੇਵਾ ਕਰਦੇ ਹੋਏ ਸੱਤਾ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਇੰਟਰ ਨੈਸ਼ਨਲ ਏਅਰਪੋਰਟ, 24 ਘੰਟੇ ਬਿਜਲੀ ਸਪਲਾਈ, ਪਿੰਡਾਂ ਤੇ ਸ਼ਹਿਰਾਂ ਵਿੱਚ ਰਿਕਾਰਡ ਤੋੜ ਵਿਕਾਸ, ਏਮਜ ਵਰਗੇ ਵੱਡੇ-ਵੱਡੇ ਹਸਪਤਾਲ, ਕੈਂਸਰ ਇੰਸਟੀਚਿਊਟ, ਇੰਡਸਟਰੀ ਲਈ ਸਹੂਲਤਾਂ ਅਤੇ ਸਮਾਜਿਕ ਸੁਰੱਖਿਆ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਇਆ ਹੈ ਅਤੇ ਰਾਜ ਦੇ ਲੋਕ ਤੀਜੀ ਵਾਰ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੂੰ ਬਣਾਉਣ ਲਈ ਇਕਜੁੱਟ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਯੂਥ ਅਕਾਲੀ ਦਲ ਗੜ੍ਹਸ਼ੰਕਰ ਵਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਕਰੀਬ 250 ਨੌਜਵਾਨਾਂ ਵਲੋਂ ਕੀਤੇ ਗਏ ਖੂਨਦਾਨ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਲਈ ਪ੍ਰੇਰਿਤ ਕੀਤਾ।
ਜੇਲ੍ਹਾਂ, ਸੈਰ ਸਪਾਟਾ ਤੇ ਸਭਿਆਚਾਰ ਮਾਮਲੇ ਮੰਤਰੀ ਪੰਜਾਬ ਸ੍ਰ: ਸੋਹਣ ਸਿੰਘ ਠੰਡਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਵਰਗੇ ਤਜ਼ਰਬੇਕਾਰ ਨੇਤਾ ਕਿਸੇ ਵੀ ਪਾਰਟੀ ਕੋਲ ਨਹੀਂ ਹੈ। ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਦੇ ਅੱਗੇ ਕੋਈ ਵੀ ਪਾਰਟੀ ਟਿਕ ਨਹੀਂ ਸਕੇਗੀ ਅਤੇ ਗਠਜੋੜ ਨਿਸ਼ਚਿਤ ਤੌਰ 'ਤੇ ਲਗਾਤਾਰ ਤੀਜੀ ਵਾਰ ਜਿੱਤ ਦਰਜ ਕਰੇਗਾ। ਉਨ੍ਹਾਂ ਨੇ ਰਾਜ ਵਿੱਚ 66 ਹਜ਼ਾਰ ਕਰੋੜ ਰੁਪਏ ਨਾਲ ਬਣਾਈਆਂ ਜਾ ਰਹੀਆਂ ਚਾਰ ਅਤੇ ਛੇ ਮਾਰਗੀ ਸੜਕਾਂ, ਹਰੇਕ ਹਲਕੇ ਦੇ ਪਿੰਡਾਂ ਵਿੱਚ 50-50 ਲੱਖ ਰੁਪਏ ਨਾਲ ਹੋਏ ਵਿਕਾਸ ਕਾਰਜ ਸਮੇਤ ਸਮਾਜ ਭਲਾਈ ਦੀਆਂ ਸਕੀਮਾਂ ਬਾਰੇ ਵੀ ਦੱਸਿਆ।ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਸ੍ਰ: ਜਤਿੰਦਰ ਸਿੰਘ ਲਾਲੀ ਬਾਜਵਾ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ 1997 ਤੋਂ ਪਾਰਟੀ ਦੀ ਸੇਵਾ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸੋਚ ਹਮੇਸ਼ਾਂ ਅਗਾਂਹਵਧੂ ਵਾਲੀ ਰਹੀ ਹੈ ਅਤੇ ਇਸ ਸੋਚ 'ਤੇ ਚੱਲਦੇ ਹਰ ਖੇਤਰ ਵਿੱਚ ਬਹੁਮੁੱਲੇ ਨਤੀਜ਼ੇ ਵੀ ਦੇਖਣ ਨੂੰ ਮਿਲੇ ਹਨ।
ਇਸ ਮੌਕੇ ਹਲਕਾ ਵਿਧਾਇਕ ਗੜ੍ਹਸ਼ੰਕਰ ਅਤੇ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ੍ਰੀ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਹਲਕਾ ਵਿਧਾਇਕ ਸ਼ਾਮਚੁਰਾਸੀ ਬੀਬੀ ਮਹਿੰਦਰ ਕੌਰ ਜੋਸ਼ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਦਸੂਹਾ ਬੀਬੀ ਸੁਖਜੀਤ ਕੌਰ ਸਾਹੀ, ਓ.ਐਸ.ਡੀ. ਸ੍ਰੀ ਪਰਮਿੰਦਰ ਸਿੰਘ ਬਰਾੜ, ਯੂਥ ਅਕਾਲੀ ਦੁਆਬਾ ਜ਼ੋਨ ਦੇ ਪ੍ਰਧਾਨ ਸ੍ਰੀ ਸਰਬਜੋਤ ਸਿੰਘ ਸਾਬੀ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਕਰਮਵੀਰ ਸਿੰਘ ਘੁੰਮਣ, ਯੂਥ ਆਗੂ ਸ੍ਰੀ ਰਵਿੰਦਰ ਠੰਡਲ, ਜਿਲ੍ਹਾ ਪ੍ਰਧਾਨ ਭਾਜਪਾ ਡਾ. ਰਮਨ ਘਈ, ਸ੍ਰੀ ਹਰਪ੍ਰੀਤ ਸਿੰਘ ਬੇਦੀ, ਸ੍ਰੀ ਜਸਜੀਤ ਸਿੰਘ ਥਿਆੜਾ, ਸ੍ਰੀ ਅਰਵਿੰਦਰ ਸਿੰਘ ਰਸੂਲਪੁਰ, ਸ੍ਰੀ ਲਖਵਿੰਦਰ ਸਿੰਘ ਲੱਖੀ, ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਅਵਤਾਰ ਸਿੰਘ ਜੌਹਲ, ਸ੍ਰੀ ਤਾਰਾ ਸਿੰਘ ਸੱਲ੍ਹਾ, ਸ੍ਰੀ ਹਰਜਿੰਦਰ ਸਿੰਘ ਧਾਮੀ, ਸ੍ਰੀ ਜਗਮੋਹਨ ਸਿੰਘ ਬੱਬਲੂ, ਐਸ.ਸੀ. ਵਿੰਗ ਜ਼ਿਲ੍ਹਾ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਪੰਜੌੜ, ਚੇਅਰਮੈਨ ਸਹਿਕਾਰਤਾ ਬੈਂਕ ਸ੍ਰੀ ਸਤਵਿੰਦਰ ਪਾਲ ਸਿੰਘ ਢੱਟ, ਸ੍ਰੀ ਮਨਜਿੰਦਰ ਸਿੰਘ ਢਿਲੋਂ, ਸ੍ਰੀ ਬੱਬਲੂ ਜੋਸ਼, ਸ੍ਰੀ ਕੁਲਵਿਦਰ ਸਿੰਘ ਜੰਡਾ, ਸ੍ਰੀ ਵਰਿੰਦਰ ਸਿੰਘ ਪਰਮਾਰ, ਸ੍ਰੀ ਬਲਰਾਜ ਸਿੰਘ ਚੋਹਾਨ, ਸ੍ਰੀ ਹਰਜਿੰਦਰ ਸਿੰਘ ਰੇਹਲ, ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਸ੍ਰੀ ਪ੍ਰੇਮ ਸਿੰਘ ਪਿੱਪਲਾਂਵਾਲਾ, ਡਿਪਟੀ ਮੇਅਰ ਸ੍ਰੀਮਤੀ ਸ਼ੁਕਲਾ ਦੇਵੀ, ਸ੍ਰੀ ਤਜਿੰਦਰ ਸਿੰਘ ਕੱਕੋਂ ਸਮੇਤ ਭਾਰੀ ਸੰਖਿਆ ਵਿੱਚ ਨੌਜਵਾਨ ਯੂਥ ਆਗੂ ਮੌਜੂਦ ਸਨ।