ਬੀਤੇ ਦਿਨੀਂ ਮਿਲਾਵਟੀ ਦੁੱਧ ਦਾ ਮਾਮਲਾ ਉਜਾਗਰ ਕਰਨ ਵਾਲੇ ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਵਿਨੀਤ ਵਰਮਾ ਨੇ ਮਿਲਕਫੈਡ ਪੰਜਾਬ ਐਮ.ਡੀ ਨੂੰ ਪੱਤਰ ਲਿਖ ਕੇ ਮਿਲਕ ਪਲਾਂਟ ਮੁਹਾਲੀ ਵਿੱਚ ਚਲ ਰਹੇ, ਕਥਿਤ ਘਪਲਿਆਂ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ| ਆਪਣੇ ਪੱਤਰ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਦੀ ਜਾਣਕਾਰੀ ਵਿਚ ਇਹ ਗੱਲ ਆਈ ਹੈ ਕਿ ਮਿਲਕ ਪਲਾਂਟ ਵਿਚ ਵੱਡੇ ਪੱਧਰ ਤੇ ਘਪਲੇਬਾਜੀ ਹੋ ਰਹੀ ਹੈ ਅਤੇ ਪਲਾਂਟ ਵੱਲੋਂ ਖਪਤਕਾਰਾਂ ਨੂੰ ਜਿਹੜਾ ਦੁੱਧ ਵੇਚਿਆ ਜਾ ਰਿਹਾ ਹੈ ਉਸਦੀ ਕੁਆਲਟੀ ਦੀ ਜਾਂਚ ਦੇ ਮੁਕੰਮਲ ਪ੍ਰਬੰਧਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ| ਇਸ ਸਬੰਧੀ ਬੀਤੀ 30 ਜੂਨ ਨੂੰ ਮਿਲਕ ਪਲਾਂਟ ਵੱਲੋਂ ਮਿਲਾਵਟੀ ਦੁੱਧ ਦਾ ਮਾਮਲਾ ਸਾਮਣੇ ਆਉਣ ਤੇ 9000 ਲੀਟਰ ਦੁੱਧ ਨਸ਼ਟ ਕੀਤਾ ਜਾ ਚੁੱਕਿਆ ਹੈ| ਉਹਨਾਂ ਲਿਖਿਆ ਹੈ ਕਿ ਬੀਤੇ ਦਿਨੀ ਕੰਵਰਪਾਲ ਸਿੰਘ ਨਾਮ ਦੇ ਇਕ ਵਿਅਕਤੀ ਵੱਲੋਂ ਉਹਨਾਂ ਨੂੰ ਲਿਖਤੀ ਪੱਤਰ ਦੇ ਕੇ ਮਿਲਕ ਪਲਾਂਟ ਮੁਹਾਲੀ ਵਿੱਚ ਚਲਦੀ ਘਪਲੇਬਾਜੀ ਬਾਰੇ ਜਾਣਕਾਰੀ ਦਿੱਤੀ ਗਈ ਹੈ | ਕੰਵਰਪਾਲ ਦਾ ਇਲਜਾਮ ਹੈ ਕਿ ਕੁਝ ਮਹੀਨੇ ਪਹਿਲਾਂ ਤੱਕ ਲੁਧਿਆਣੇ ਵਾਲੇ ਟ੍ਰਾਂਸਪੋਟਰ ਫੀਲਡ ਸਟਾਫ ਨਾਲ ਮਿਲ ਕੇ ਬਹੁਤ ਬੜੇ ਪੱਧਰ ਤੇ ਮਿਲਾਵਟ ਕਰ ਰਿਹਾ ਸੀ| ਕੁਝ ਦਿਨ ਬਾਅਦ ਇਹ ਗਲ ਮੌਕੇ ਦੇ ਚੇਅਰਮੈਨ ਅਤੇ ਜੀ ਐਮ ਮਿਲਕ ਪਲਾਂਟ ਮੁਹਾਲੀ ਕੋਲ ਪਹੁੰਚ ਗਈ| ਉਸ ਤੋ ਬਾਅਦ ਇਹਨਾਂ ਨੇ ਆਪਣੇ ਫੀਲਡ ਸਟਾਫ ਨੂੰ ਬਚਾਇਆ ਅਤੇ ਟ੍ਰਾਂਸਪੋਟਰ ਤੇ ਪਰਚਾ ਕਰਵਾ ਦਿੱਤਾ| ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਹ ਮਿਲਾਵਟੀ ਨਕਲੀ ਦੁੱਧ ਬਣਾ ਕੇ ਵੇਰਕਾ ਮਿਲਕ ਪਲਾਂਟ ਭੇਜ ਦਿਤਾ ਜਾਂਦਾ ਸੀ ਅਤੇ ਬੀ ਐਮ ਸੀ ਤੋਂ ਚੁਕਿਆ ਦੁੱਧ ਬਾਹਰ ਵੇਚ ਦਿੱਤਾ ਜਾਂਦਾ ਸੀ| ਜਿਹੜਾ ਦੁੱਧ ਪੈਕਿੰਗ ਹੋਣ ਤੋਂ ਬਾਅਦ ਪਬਲਿਕ ਵਿੱਚ ਵੇਚ ਦਿੱਤਾ ਜਾਂਦਾ ਸੀ ਅਤੇ ਜੋ ਮਿਲਾਵਟ ਵਾਲਾ ਸਮਾਨ ਸੀ ਉਹ ਵੀ ਇਹਨਾਂ ਨੇ ਉਸ ਟ੍ਰਾਂਸਪੋਟਰ ਦੀ ਨਿਸ਼ਾਨਦੇਹੀ ਤੇ ਬਰਾਮਦ ਕਰ ਲਿਆ ਸੀ | ਇਹ ਕਾਰਵਾਈ ਫੀਲਡ ਸਟਾਫ ਦੇ ਹੈਡ ਅਤੇ ਟ੍ਰਾਂਸਪੋਰਟਰ ਤੇ ਹੋਣੀ ਚਾਹੀਦੀ ਸੀ, ਜੋ ਕਿ ਨਹੀਂ ਹੋਈ|
ਉਹਨਾਂ ਇਹ ਵੀ ਲਿਖਿਆ ਹੈ ਕਿ ਵੇਰਕਾ ਦੇ ਬੀ ਐਮ ਸੀ ਸੈਂਟਰ ਗਜੁ ਖੇੜਾ, ਪਵਾਲਾ, ਮਜਾਤੜੀ ਅਤੇ ਖੁਨੀ ਮਾਜਰਾ ਵਿੱਚ ਵੀ ਨਕਲੀ ਦੁੱਧ ਦੀ ਮਿਲਾਵਟ ਦੀਆਂ ਸ਼ਿਕਾਇਤਾਂ ਹਨ, ਜਿਹਨਾਂ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ| ਪੱਤਰ ਵਿੱਚ ਇਲਜਾਮ ਲਗਾਇਆ ਗਿਆ ਹੈ ਕਿ ਕੁਝ ਸਮਾਂ ਪਹਿਲਾਂ ਇੱਕ ਡਿਪਟੀ ਮੈਨੇਜਰ ਦੇ ਖਿਲਾਫ ਕੁਝ ਵਿਅਕਤੀਆਂ ਨੇ ਬਹੁਤ ਮਿਹਨਤ ਕਰਕੇ ਇਕ ਰਿਪੋਰਟ ਤਿਆਰ ਕੀਤੀ ਸੀ ਜਿਸਦੀ ਸ਼ਿਕਾਇਤ ਮਿਲਕ ਪਲਾਂਟ ਮੁਹਾਲੀ ਦੇ ਪ੍ਰਸ਼ਾਸਨ ਕੋਲ ਇੰਕੁਆਰੀ ਲਈ ਆ ਗਈ| ਉਕਤ ਡਿਪਟੀ ਸਾਹਿਬ ਤੇ ਜੋ ਵੀ ਇਲਜਾਮ ਲਗਾਏ ਸੀ ਉਸ ਟਾਇਮ ਦਾ ਡਿਪਟੀ ਹੋਣ ਕਾਰਨ ਉਸ ਨੇ ਕਈ ਤਰਾਂ ਦੇ ਫਰਜੀ ਐਫੀਡੈਵਿਟ ਬਣਾ ਕੇ ਆਪਣੇ ਆਪ ਨੂੰ ਨਿਰਦੋਸ਼ ਸਿਧ ਕਰ ਲਿਆ| ਜੋ ਸ਼ਿਕਾਇਤ ਅਨੁਸਾਰ ਆਪਣੀਆਂ ਗਡੀਆਂ ਜਿਨ੍ਹਾਂ ਤੋਂ ਮਹੀਨਾ ਵਾਰ ਰਿਸ਼ਵਤ ਲੈਂਦਾ ਸੀ,ਉਹਨਾਂ ਨੂੰ ਵੱਧ ਤੋਂ ਵੱਧ ਆਮਦਨ ਵਾਲੇ ਰੂਟ ਦੇਣਾ ਤੇ ਲੈਬੋਰੇਟਰੀ ਵਿੱਚ ਇਹਨਾਂ ਗੱਡੀਆਂ ਦੀ ਫੈਟ ਵਧਾਉਣ ਵਿੱਚ ਮਦਦ ਕਰਨਾ ਇਹਨਾਂ ਦਾ ਸਬੰਧਤ ਵਿਅਕਤੀਆਂ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਤਾਂ ਸੱਚ ਸਾਮ੍ਹਣੇ ਆ ਸਕਦਾ ਹੈ| ਸ੍ਰੀ ਵਰਮਾ ਨੇ ਮਿਲਕਫੈਡ ਪੰਜਾਬ ਦੇ ਐਮ ਡੀ ਤੋਂ ਮੰਗ ਕੀਤੀ ਹੈ ਕਿ ਇਸ ਸਾਰੇ ਕੁੱਝ ਦੀ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ| ਸਪੰਰਕ ਕਰਨ ਤੇ ਮਿਲਕਫੈਡ ਪੰਜਾਬ ਦੇ ਐਮ.ਡੀ. ਸ੍ਰ.ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਉਹ ਇਸ ਸੰਬੰਧੀ ਜਾਂਚ ਕਰਵਾ ਰਹੇ ਹਨ| ਹਾਲਾਂਕਿ ਉਹਨਾਂ ਕਿਹਾ ਕਿ ਕੁਝ ਮਿਲਕਫੈਡ ਵਿੱਚ ਅਜਿਹੇ ਕਿਸੇ ਘਪਲੇ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਪਰੰਤੂ ਇਸਦੇ ਬਾਵਜੂਦ ਉਹਨਾਂ ਨੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਦੇ ਹੁਕਮ ਦਿੱਤੇ ਹਨ|