ਡਿਪਟੀ ਕਮਿਸ਼ਨਰ ਰਵੀ ਭਗਤ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਸਾਸ਼ਨ ਬਜ਼ੁਰਗਾਂ (ਸੀਨੀਅਰ ਸਿਟੀਜ਼ਨਜ਼) ਦੀ ਸੁਰੱਖਿਆ ਅਤੇ ਭਲਾਈ ਲਈ ਵਚਨਬੱਧ ਹੈ। ਬਜ਼ੁਰਗਾਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦੇ ਇਕੱਲਤਾ ਵਾਲੇ ਜੀਵਨ ਨੂੰ ਸਹਾਰਾ ਦੇਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇੱਕ ਮਹੀਨੇ ਦੇ ਅੰਦਰ-ਅੰਦਰ 'ਸੀਨੀਅਰ ਸਿਟੀਜ਼ਨ ਡੇਅ ਕੇਅਰ ਸੈਂਟਰ' ਤਿਆਰ ਕਰਕੇ ਦਿੱਤਾ ਜਾਵੇਗਾ।ਅੱਜ ਸਥਾਨਕ ਰੋਟਰੀ ਭਵਨ, ਸਰਾਭਾ ਨਗਰ ਵਿਖੇ 'ਵਰਡਲ ਐਲਡਰਜ਼ ਅਬਿਊਜ਼ ਅਵੇਅਰਨੈੱਸ ਡੇਅ' ਮੌਕੇ ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਲੁਧਿਆਣਾ (ਰਜਿ.) ਵੱਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਭਗਤ ਨੇ ਕਿਹਾ ਕਿ ਬਜ਼ੁਰਗ ਸਾਡੇ ਰਾਹ ਦਸੇਰੇ ਹੁੰਦੇ ਹਨ, ਜਿਸ ਕਰਕੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਅਤੇ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ 'ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨਜ਼ ਐਕਟ-2007' ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਲੁਧਿਆਣਾ ਵਿੱਚ ਬਲਾਕ ਪੱਧਰੀ ਕੈਂਪ ਅਤੇ ਸੈਮੀਨਾਰ ਕਰਵਾਏ ਗਏ ਹਨ ਅਤੇ ਭਵਿੱਖ ਵਿੱਚ ਵੀ ਅਜਿਹੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ।
ਸ੍ਰੀ ਭਗਤ ਨੇ ਕਿਹਾ ਕਿ ਬਜ਼ੁਰਗਾਂ ਦੇ ਇਕੱਲਤਾ ਵਾਲੇ ਜੀਵਨ ਨੂੰ ਸਹਾਰਾ ਦੇਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕਰੀਬ ਇੱਕ ਮਹੀਨੇ ਦੇ ਅੰਦਰ-ਅੰਦਰ 'ਸੀਨੀਅਰ ਸਿਟੀਜ਼ਨ ਡੇਅ ਕੇਅਰ ਸੈਂਟਰ' ਤਿਆਰ ਕਰਕੇ ਦਿੱਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਵੈਸੇ ਤਾਂ ਪਹਿਲਾਂ ਹੀ ਜ਼ਿਲ੍ਹਾ ਲੁਧਿਆਣਾ ਦੇ ਹਰੇਕ ਦਫ਼ਤਰ ਜਾਂ ਅਦਾਰੇ ਵਿੱਚ ਬਜ਼ੁਰਗਾਂ, ਔਰਤਾਂ ਅਤੇ ਅੰਗਹੀਣਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਪਰ ਫਿਰ ਉਹ ਇਸ ਸੰਬੰਧੀ ਸਾਰੇ ਅਧਿਕਾਰੀਆਂ ਨੂੰ ਮੁੜ ਤੋਂ ਹਦਾਇਤਾਂ ਜਾਰੀ ਕਰਨਗੇ। ਇਸ ਤੋਂ ਇਲਾਵਾ ਪੁਲਿਸ ਨਾਲ ਸੰਬੰਧਤ ਮਾਮਲਿਆਂ ਵਿੱਚ ਬਜ਼ੁਰਗਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨਾ ਹੋਣ ਦੇਣ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਅਤੇ ਉਹ ਇਸ ਸੰਬੰਧੀ ਪੁਲਿਸ ਅਥਾਰਟੀ ਨਾਲ ਸੀਨੀਅਰ ਸਿਟੀਜ਼ਨਜ਼ ਸੰਸਥਾਵਾਂ ਦੀ ਸਾਂਝੀ ਮੀਟਿੰਗ ਕਰਾਉਣਗੇ।ਸ੍ਰੀ ਭਗਤ ਨੇ ਕਿਹਾ ਕਿ 'ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨਜ਼ ਐਕਟ-2007' ਨੂੰ ਸੁਚੱਜੇ ਤਰੀਕੇ ਨਾਲ ਲਾਗੂ ਕਰਾਉਣ ਦੇ ਮੰਤਵ ਨਾਲ ਸਮੇਂ-ਸਮੇਂ 'ਤੇ ਮੀਟਿੰਗਾਂ ਕਰਕੇ ਬਜ਼ੁਰਗਾਂ ਦੀਆਂ ਮੁਸ਼ਕਿਲਾਂ ਬਾਰੇ ਵਿਚਾਰਾਂ ਕੀਤੀਆਂ ਜਾਂਦੀਆਂ ਹਨ। ਬਜ਼ੁਰਗਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਮੁਹਿੰਮ ਪਹਿਲਾਂ ਹੀ ਸ਼ੁਰੂ ਕੀਤੀ ਹੋਈ ਹੈ, ਜਿਸ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਬਜ਼ੁਰਗਾਂ ਨਾਲ ਸਿੱਧਾ ਸੰਪਰਕ ਬਣਾਉਣ ਹਿੱਤ 100 ਸਾਲ ਤੋਂ ਉੱਪਰ ਉਮਰ ਵਾਲੇ 66 ਬਜ਼ੁਰਗਾਂ ਦਾ ਹਰ ਤਿੰਨ ਮਹੀਨੇ ਬਾਅਦ ਮੁਫ਼ਤ ਮੈਡੀਕਲ ਜਾਂਚ ਵਿੱਚ ਨਿਰੀਖਣ ਅਤੇ ਬਣਦਾ ਇਲਾਜ਼ ਕੀਤਾ ਜਾਂਦਾ ਹੈ। ਉਨ੍ਹਾਂ ਫੈਡਰੇਸ਼ਨ ਆਫ਼ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਪੰਜਾਬ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਬਜ਼ੁਰਗਾਂ ਦੀ ਭਲਾਈ ਹਿੱਤ ਜ਼ਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਕਰਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਐੱਸ. ਪੀ. ਕਰਕਰਾ ਪ੍ਰਧਾਨ ਫੈਡਰੇਸ਼ਨ ਆਫ਼ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਪੰਜਾਬ ਨੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਸ਼ੁਰੂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਫੈੱਡਰੇਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਪੇਸ਼ ਕੀਤਾ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਬਜ਼ੁਰਗਾਂ ਦਾ ਸਰਕਾਰੀ ਦਫ਼ਤਰਾਂ ਵਿੱਚ ਬਣਦਾ ਮਾਣ ਸਤਿਕਾਰ ਬਹਾਲ ਕਰਾਇਆ ਜਾਵੇ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਵਕਤਾ ਸ਼੍ਰੀਮਤੀ ਨੀਲਮ ਬੱਤਰਾ, ਸਾਬਕਾ ਪੁਲਿਸ ਮੁਖੀ ਸ੍ਰੀ ਡੀ. ਆਰ. ਭੱਟੀ, ਉੱਪ ਚੇਅਰਮੈਨ ਸ਼੍ਰੀਮਤੀ ਨੀਲਮ ਖੋਸਲਾ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਕੋਨਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਬਜ਼ੁਰਗ ਹਾਜ਼ਰ ਸਨ।