ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ 19 ਮਈ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਲੋਕ-ਮਾਰੂ ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚੋਂ ਹੂੰਝ ਦੇਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਦੀ ਇਹ ਲੱਕ-ਤੋੜਵੀਂ ਹਾਰ ਆ ਰਹੀਆਂ ਲੋਕ ਸਭਾ ਚੋਣਾਂ ਦਾ ਇੱਕ ਨਮੂਨਾ-ਦ੍ਰਿਸ਼ ਹੋਵੇਗੀ। ਅੱਜ ਹਲਕਾ ਮਜੀਠਾ ਦੇ ਕਸਬਾ ਕੱਥੂਨੰਗਲ ਨੇੜੇ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਕੱਥੂਨੰਗਲ ਜ਼ੋਨ ਤੋਂ ਰੇਸ਼ਮ ਸਿੰਘ ਭੁੱਲਰ ਅਤੇ ਬਲਾਕ ਸੰਮਤੀ ਮਜੀਠਾ ਦੇ ਵੱਖ-ਵੱਖ ਜ਼ੋਨਾਂ ਦੇ ਅਕਾਲੀ ਉਮੀਦਵਾਰਾਂ ਦੇ ਹੱਕ ਵਿੱਚ ਕਰਵਾਈ ਗਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ਵਾਂਗ ਦੇਸ਼ ਭਰ ਵਿੱਚ ਵੀ ਕਾਂਗਰਸ ਦੇ ਪਤਨ ਦਾ ਦੌਰ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਰ ਆਏ ਮਹੀਨੇ ਕੇਂਦਰ ਦੀ ਯੂ.ਪੀ.ਏ. ਸਰਕਾਰ ਦੇ ਕਾਂਗਰਸੀ ਵਜ਼ੀਰ ਘਪਲਿਆਂ ਵਿੱਚ ਬੇਨਕਾਬ ਹੋ ਰਹੇ ਹਨ ਅਤੇ ਸੁਪਰੀਮ ਕੋਰਟ ਵੀ ਕਾਂਗਰਸ ਦੇ ਕਾਲੇ ਕਾਰਨਾਮਿਆਂ ਤੋਂ ਅੱਕ ਚੁੱਕੀ ਹੈ। ਸੁਪਰੀਮ ਕੋਰਟ ਵੱਲੋਂ ਕਾਂਗਰਸੀ ਮੰਤਰੀਆਂ ਨੂੰ ਘੋਟਾਲਿਆਂ ਵਿੱਚੋਂ ਬਚਾਉਣ ਦੇ ਯਤਨ ਕਰਨ ਵਾਲੀ ਸੀ.ਬੀ.ਆਈ. ਦੀ ਸਖਤ ਖਿਚਾਈ ਕਰਦਿਆਂ ਇਸ ਜਾਂਚ ਏਜੰਸੀ ਨੂੰ ਸਰਕਾਰੀ ਤੋਤਾ ਦੱਸੇ ਜਾਣ ਦਾ ਹਵਾਲਾ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਕਿਸੇ ਕੌਮੀ ਅਤੇ ਸੱਤਾਧਾਰੀ ਪਾਰਟੀ ਲਈ ਇਸ ਤੋਂ ਵੱਡੀ ਸ਼ਰਮਨਾਕ ਗੱਲ ਕੋਈ ਹੋਰ ਨਹੀ ਹੋ ਸਕਦੀ ਕਿ ਸੁਪਰੀਮ ਕੋਰਟ ਦਾ ਰੁਖ਼ ਏਨਾ ਕਠੋਰ ਹੋ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਕਾਂਗਰਸ ਨੂੰ ਮਹਿੰਗਾਈ, ਭ੍ਰਿਸ਼ਟਾਚਾਰ, ਕਾਲੇ ਧਨ, ਫ਼ਿਰਕੂ ਕਤਲੇਆਮਾਂ ਅਤੇ ਘਪਲਿਆਂ ਦੀ ਜਨਮਦਾਤੀ ਪਾਰਟੀ ਵਜੋਂ ਜਾਣਿਆ ਜਾਵੇਗਾ। ਮਜੀਠੀਆ ਨੇ ਕਿਹਾ ਕਿ ਸਰਹੱਦੀ ਲੋਕ ਸਭਾ ਹਲਕਾ ਅੰਮ੍ਰਿਤਸਰ ਦਾ ਨੁਮਾਇੰਦਾ ਸਰਹੱਦ ਦੇ ਗ਼ਰੀਬ ਕਿਸਾਨ-ਮਜ਼ਦੂਰ ਪਰਿਵਾਰਾਂ, ਵਪਾਰੀਆਂ ਤੇ ਉਦਯੋਗਿਕ ਉਦਮੀਆਂ ਦਾ ਹਿਤੈਸ਼ੀ ਹੋਣਾ ਜ਼ਰੂਰੀ ਹੈ ਕਿਉਂ ਕਿ ਕਾਂਗਰਸ ਪਾਰਟੀ ਦੇ ਸਾਲਾਂ ਬੱਧੀ ਰਾਜ ਦੌਰਾਨ ਸਰਹੱਦੀ ਵਸਨੀਕਾਂ ਅਤੇ ਇਨ੍ਹਾਂ ਵਰਗਾਂ ਨਾਲ ਵੱਡੀ ਬੇਇਨਸਾਫ਼ੀ ਹੁੰਦੀ ਰਹੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਵਜ਼ੀਰ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਗਲਤਾਨ ਹੋ ਕੇ ਕੁਰਸੀਆਂ ਤੋ ਲਹਿ ਰਹੇ ਹਨ ਉਸ ਤਰ੍ਹਾਂ ਤਾਂ ੨੦੧੪ ਤੱਕ ਕਾਂਗਰਸ ਦਾ ਕੋਈ ਵੀ ਵਜ਼ੀਰ ਕੁਰਸੀ 'ਤੇ ਨਹੀਂ ਰਹੇਗਾ। ਮਜੀਠੀਆ ਨੇ ਕਿਹਾ ਕਿ ਜੇਕਰ ਇਨ੍ਹਾਂ ਘੁਟਾਲਿਆਂ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾ ਲਈ ਜਾਵੇ ਤਾਂ ਘੁਟਾਲਿਆਂ ਵਿੱਚ ਸ਼ਾਮਿਲ ਗਾਂਧੀ ਪਰਿਵਾਰ ਦਾ ਹੱਥ ਵੀ ਸਾਹਮਣੇ ਆ ਜਾਵੇਗਾ। ਮਜੀਠੀਆ ਨੇ ਹਾਜ਼ਰ ਲੋਕਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਅਤੇ ਪੰਜਾਬ ਵਿੱਚੋਂ ਕਾਂਗਰਸ ਦਾ ਸੂਪੜਾ ਸਾਫ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਬਲਾਕ ਸਮੰਤੀ ਜ਼ੋਨ ਲਹਿਰਕਾ ਤੋਂ ਕਾਂਗਰਸ ਦੇ ਪਾਰਟੀ ਉਮੀਦਵਾਰ ਬਲਦੇਵ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਕਾਰ ਸਿੰਘ ਦੇ ਹੱਕ ਵਿੱਚ ਬੈਠਣ ਦਾ ਐਲਾਨ ਕੀਤਾ ਅਤੇ ਆਪਣਾ ਚੋਣ ਪ੍ਰਚਾਰ ਬੰਦ ਕਰ ਦਿੱਤਾ। ਜਿਸ ਨਾਲ ਇਸ ਹਲਕੇ ਤੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਹੋ ਗਈ ਹੈ। ਇਸ ਚੋਣ ਰੈਲੀ ਨੂੰ ਉਮੀਦਵਾਰ ਰੇਸ਼ਮ ਸਿੰਘ ਭੁੱਲਰ, ਤਲਬੀਰ ਸਿੰਘ ਗਿੱਲ, ਰਾਜਮਹਿੰਦਰ ਸਿੰਘ ਮਜੀਠਾ, ਰਣਜੀਤ ਸਿੰਘ ਵਰਿਆਮਨੰਗਲ (ਦੋਵ੍ਹੇਂ ਸਾਬਕਾ ਵਿਧਾਇਕ), ਜੋਧ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ, ਤਰਸੇਮ ਸਿੰਘ ਸਿਆਲਕਾ, ਹਰਵਿੰਦਰ ਸਿੰਘ ਭੁੱਲਰ ਅਤਦਿ ਨੇ ਵੀ ਸੰਬੋਧਨ ਕੀਤਾ ਜਦ ਕਿ ਇਸ ਮੌਕੇ 'ਤੇ ਜ਼ੋਨ ਦੇ ਕਈ ਪਿੰਡਾਂ ਤੋਂ 150 ਦੇ ਕਰੀਬ ਕਾਂਗਰਸੀ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਮਜੀਠੀਆ ਨੇ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ 'ਤੇ ਵੱਖ-ਵੱਖ ਜ਼ੋਨਾਂ ਦੇ ਬਲਾਕ ਸੰਮਤੀ ਉਮੀਦਵਾਰ ਅਤੇ ਹੋਰ ਆਗੂ ਵੀ ਮੌਜੂਦ ਸਨ।