ਕਾਦੀਆਂ ਨੂੰ ਇੱਕ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਦੀਆਂ ਸ਼ਹਿਰ ਦੇ ਸੁੰਦਰੀਕਰਨ ਦਾ ਕੰਮ ਜਮਾਤ-ਏ-ਅਹਿਮਦੀਆ ਦੇ 2016 'ਚ ਹੋਣ ਵਾਲੇ 125ਵੇਂ ਸਲਾਨਾਂ ਜਲਸੇ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਦੀਆਂ ਸ਼ਹਿਰ ਦੇ ਸੁੰਦਰੀਕਰਨ ਅਤੇ ਹੋਰ ਵਿਕਾਸ ਕਾਰਜਾਂ ਲਈ ਸੂਬਾ ਸਰਕਾਰ 3 ਕਰੋੜ ਰੁਪਏ ਖਰਚ ਕਰੇਗੀ। ਕਾਦੀਆਂ ਨਗਰ ਕੌਂਸਲ ਨੂੰ ਇਨ੍ਹਾਂ ਵਿਕਾਸ ਕਾਰਜਾਂ ਲਈ ਮੁੱਖ ਮੰਤਰੀ ਸ. ਬਾਦਲ ਨੇ ਅੱਜ ਸੰਗਤ ਦਰਸ਼ਨ ਦੌਰਾਨ 3 ਕਰੋੜ ਰੁਪਏ ਦਿੱਤੇ ਹਨ।ਜਮਾਤ-ਏ-ਅਹਿਮਦੀਆ ਦੇ ਆਗੂਆਂ ਨਾਲ ਅੱਜ ਇਥੇ ਵਿਚਾਰ ਵਟਾਂਦਰੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਭਰ ਤੋਂ ਲੋਕ ਇਸ ਇਤਿਹਾਸਕ ਜਗ੍ਹਾ 'ਤੇ ਹਰ ਸਾਲ ਇਕੱਤਰ ਹੁੰਦੇ ਹਨ, ਜਿਸ ਲਈ ਇਸ ਜਗ੍ਹਾ ਨੂੰ ਵਿਕਸਤ ਕਰਨਾ ਸੂਬਾ ਸਰਕਾਰ ਦੀ ਮੁਢਲੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਸ ਸ਼ਹਿਰ ਦੇ ਸੁੰਦਰੀਕਰਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ ਅਤੇ ਇਸ ਨੂੰ ਛੇਤੀ ਹੀ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਅਫਸਰਾਂ ਨੂੰ ਸੀਵਰੇਜ, ਸਟਰੀਟ ਲਾਈਟਾਂ, ਸੜਕਾਂ, ਪਾਣੀ ਦੀ ਸਪਲਾਈ ਅਤੇ ਹੋਰ ਬੁਨਿਆਦੀ ਸਹੁਲ਼ਤਾਂ ਦੇ ਕੰਮ ਸਮੇਂ ਸਿਰ ਮੁਕੰਮਲ ਕਰ ਲੈਣ ਦੇ ਨਿਰਦੇਸ਼ ਦਿੱਤੇ ਤਾਂ ਜੋ ਇਸ ਸ਼ਹਿਰ ਦੀ ਸੁੰਦਰਤਾ ਨੂੰ ਵਧਾਇਆ ਜਾ ਸਕੇ।
ਅਹਿਮਦੀਆ ਜਮਾਤ ਦੀ ਇੱਕ ਮਹੱਤਵਪੂਰਨ ਮੰਗ ਨੂੰ ਮੰਨਦਿਆਂ ਮੁੱਖ ਮੰਤਰੀ ਸ. ਬਾਦਲ ਨੇ ਅਫਸਰਾਂ ਨੂੰ ਕੂੜਾ ਸੁੱਟਣ ਲਈ ਬਦਲਵੀਂ ਜਗ੍ਹਾ ਤਲਾਸ਼ਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਸੂਬਾ ਸਰਕਾਰ ਇਸ ਕੰਮ ਲਈ ਸ਼ਹਿਰ ਦੇ ਆਲੇ ਦੁਆਲੇ ਜ਼ਮੀਨ ਖਰੀਦ ਕੇ ਦੇਣ ਤੋਂ ਵੀ ਪਿੱਛੇ ਨਹੀਂ ਹੱਟੇਗੀ।ਅਕਾਲੀ ਭਾਜਪਾ ਸਰਕਾਰ ਨੂੰ ਦੇਸ਼ ਦੀ ਸਭ ਤੋਂ ਧਰਮ ਨਿਰਪੱਖ ਸਰਕਾਰ ਦੱਸਦਿਆਂ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਦੇ ਹਰ ਵਰਗ ਦੀ ਭਲਾਈ ਲਈ ਲੋੜੀਂਦੇ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਿੱਖ ਗੁਰੂਆਂ ਵੱਲੋਂ ਦਰਸਾਏ ਗਏ ਰਾਹ 'ਤੇ ਚੱਲ ਕੇ ਪੰਜਾਬ ਵਿੱਚ ਅਮਨ ਸ਼ਾਂਤੀ ਤੇ ਭਾਈ ਚਾਰਕ ਸਾਂਝ ਦੀਆਂ ਤੰਦਾਂ ਨੂੰ ਮਜਬੂਤ ਕਰ ਰਹੀ ਹੈ।ਇਸ ਤੋਂ ਪਹਿਲਾਂ ਸਦਰ-ਏ-ਅੰਜੂਮਨ ਅਹਿਮਦੀਆ ਦੇ ਪ੍ਰਧਾਨ ਜਨਾਬ ਜਲਾਲੂਦੀਨ ਨਈਅਰ, ਜਨਾਬ ਮੁਹੰਮਦ ਨਸੀਮ ਖਾਨ, ਜਨਾਬ ਸ਼ੈਰਾਜ਼ ਅਹਿਮਦ ਅਤੇ ਜਨਾਬ ਮਾਜਿਦ ਮਹਿਮੂਦ ਨੇ ਮੁੱਖ ਮੰਤਰੀ ਵੱਲੋਂ ਇਸ ਇਤਿਹਾਸਕ ਸ਼ਹਿਰ ਦੀ ਸੁੰਦਰਤਾ ਲਈ ਚੁੱਕੇ ਗਏ ਲੋੜੀਂਦੇ ਕਦਮਾਂ ਦੀ ਸਰਾਹਨਾ ਕੀਤੀ।