ਪੰਜਾਬ ਵਿਚ ਹਰ ਸਾਲ ਪਹਿਲੀ ਨਵੰਬਰ ਨੂੰ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਮਨਾਇਆ ਜਾਇਆ ਕਰੇਗਾ ਤਾਂ ਜੋ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ । ਇਸ ਗੱਲ ਦੀ ਜਾਣਕਾਰੀ ਡਾਇਰੈਕਟਰ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਐਚ.ਐਸ ਬਾਲੀ ਨੇ ਐਸ.ਏ.ਐਸ ਨਗਰ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ, ਬਾਈਕਰ ਫਰਾਮ ਹਿਮਾਲੀਅਨ ਚੈਪਟਰ ਚੰਡੀਗੜ੍ਹ (ਹਾਰਲੇ ਡੈਵੀਸਨ ਕਲੱਬ), ਜਨਰੇਸ਼ਨ ਸੇਵੀਅਰ ਐਸੋਸੀਏਸ਼ਨ, ਸਨੇਹਾ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਈ ਗਈ ਸੂਬਾ ਪੱਧਰੀ ਤੰਬਾਕੂ ਵਿਰੋਧੀ ਜਾਗਰੂਕਤਾ ਬਾਇਕ ਰੈਲੀ ਨੂੰ ਹਰੀ ਝੰਡੀ ਦਿਖਾਕੇ ਰਵਾਨਾ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ ।ਇਹ ਰੈਲੀ ਸਿਵਲ ਡਿਸਪੈਂਸਰੀ ਫੇਜ਼-7 ਤੋਂ ਸੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਹੁੰਦੀ ਹੋਈ ਸਿਵਲ ਹਸਪਤਾਲ ਫੇਜ਼-6 ਵਿਖੇ ਸਮਾਪਤ ਹੋਈ।ਡਾ. ਬਾਲੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀਆਂ ਹਦਾਇਤਾਂ ਅਨੁਸਾਰ ਪੂਰੇ ਰਾਜ ਭਰ ਵਿਚ ਪਹਿਲੀ ਨਵੰਬਰ ਨੂੰ ਪਹਿਲੀ ਵਾਰ ਪੰਜਾਬ ਰਾਜ 'ਤੰਬਾਕੂ ਰਹਿਤ ਦਿਵਸ' ਮਨਾਇਆ ਗਿਆ ਹੈ। ਜਿਸ ਦਾ ਥੀਮ 'ਲਾਇਸੈਂਸ ਤੋਂ ਬਿਨਾਂ ਤੰਬਾਕੂ ਦੀ ਵਿਕਰੀ ਨੂੰ ਰੋਕਣਾ, ਸਿਹਤਮੰਤ ਰਹੋ, ਤੰਬਾਕੂ ਦੀ ਵਰਤੋਂ ਨਾ ਕਰੋ' ਰੱਖਿਆ ਗਿਆ ਹੈ ਅਤੇ ਅੱਜ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਸਾਰੇ ਜਿਲ੍ਹਿਆਂ ਵਿਚ ਮਨਾਇਆ ਗਿਆ ਹੈ ਅਤੇ ਹਰੇਕ ਜਿਲ੍ਹੇ ਵਿਚ ਰੈਲੀਆਂ ਵੀ ਆਯੋਜਿਤ ਕੀਤੀਆਂ ਗਈਆਂ ਹਨ ਜਿਨਾਂ੍ਹ ਦਾ ਮੁੱਖ ਮੰਤਵ ਸੂਬੇ ਵਿੱਚ ਤੰਬਾਕੂ/ਨਿਕੋਟੀਨ ਦੀ ਵਰਤੋਂ ਨੂੰ ਘਟਾਉਣਾ ਹੈ ਤਾਂ ਜੋ ਇਸ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਤੰਬਾਕੂ/ਨਿਕੋਟੀਨ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਕੈਂਸਰ, ਟੀ.ਬੀ. ਅਤੇ ਦਿਲ ਦੀ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾ ਸਕੇ। ਉਨਾਂ੍ਹ ਦੱਸਿਆ ਕਿ ਇਸ ਮੁਹਿੰਮ ਨਾਲ ਸੂਬੇ ਵਿੱਚ 'ਪੰਜਾਬ ਤੰਬਾਕੂ ਵੈਂਡਸ ਫੀਸ ਐਕਟ' ਨੂੰ ਲਾਗੂ ਕਰਨ ਦੀ ਸ਼ੁਰੂਆਤ ਵੀ ਹੋ ਗਈ ਜਿਸ ਨੂੰ ਸਾਰੇ ਜਿਲ੍ਹਿਆਂ ਵਿੱਚ ਲਾਗੂ ਕੀਤਾ ਜਾਣਾ ਹੈ। ਇਸ ਐਕਟ ਤਹਿਤ ਕਿਸੇ ਵੀ ਤੰਬਾਕੂ ਵਿਕਰੇਤਾ ਨੂੰ ਲਾਇਸੈਂਸ ਤੋਂ ਵਗੈਰ ਤੰਬਾਕੂ ਵੇਚਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਡਾ. ਬਾਲੀ ਨੇ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਨੂੰ ਸਮਰਪਿਤ ਲੋਗੋ ਅਤੇ ਪੋਸਟਰ ਵੀ ਜਾਰੀ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਵਿੱਚ ਖੁੱਲ੍ਹੀ ਸਿਗਰਟ ਅਤੇ ਖੁੱਲ੍ਹਾ ਤੰਬਾਕੂ ਵੇਚਣ, ਚੱਬਣ ਵਾਲੇ ਤੰਬਾਕੂ ਉਤਪਾਦ ਵੇਚਣ ਅਤੇ ਇਲੈਕਟ੍ਰਾਨਿਕ ਸਿਗਰਟ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਉਹਨਾਂ ਕਿਹਾ ਕਿ ਉਹਨਾਂ ਦੁਕਾਨਦਾਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਜੋ ਕੋਟਪਾ-2003 ਅਤੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੀ ਉਲੰਘਣਾ ਕਰਨਗੇ। ਉਹਨਾਂ ਕਿਹਾ ਕਿ ਕਿਸੇ ਵੀ ਵਪਾਰਕ ਅਦਾਰੇ ਕੋਲ ਜੇਕਰ ਫੂਡ ਸੇਫਟੀ ਤਹਿਤ ਲਾਇਸੈਂਸ ਹੈ ਤਾਂ ਉੁਹ ਕੋਈ ਵੀ ਤੰਬਾਕੂ ਉਤਪਾਦ ਨਹੀਂ ਵੇਚ ਸਕਦਾ। ਉਨਾਂ੍ਹ ਦੱਸਿਆ ਕਿ ਕਰ ਅਤੇ ਆਬਕਾਰੀ ਵਿਭਾਗ ਨੂੰ ਆਖਿਆ ਗਿਆ ਹੈ ਕਿ ਉਹ ਗੈਰ ਵਪਾਰਕ ਢੰਗ ਨਾਲ ਦੂਜੇ ਦੇਸ਼ਾਂ ਤੋਂ ਲਿਆਂਦੇ ਗਏ ਤੰਬਾਕੂ ਉਤਪਾਦਾਂ ਸੰਬੰਧੀ ਲਗਾਤਾਰ ਜਾਂਚ ਕਰਦੇ ਰਹਿਣ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਲੋਕ ਪੱਖੀ ਮੁਹਿੰਮ ਵਿੱਚ ਸਰਕਾਰ ਦਾ ਸਾਥ ਦੇਣ।ਇਸ ਮੌਕੇ ਇੰਟਰਨੈਸ਼ਨਲ ਯੂਨੀਅਨ ਅਗੇਨਸਟ ਟਿਊਬਰਕਲੋਸਿਸ ਐਂਡ ਲੰਗ ਡਿਸੀਜ਼ ਦੇ ਤਕਨੀਕੀ ਸਲਾਹਕਾਰ ਡਾ. ਰਾਣਾ ਜੈ ਸਿੰਘ ਨੇ ਕਿਹਾ ਕਿ ਤੰਬਾਕੂ ਕੰਟਰੋਲ ਸੈੱਲ ਪੰਜਾਬ, ਪੂਰੀ ਤਨਦੇਹੀ ਅਤੇ ਸਿਹਤ ਨਾਲ ਤੰਬਾਕੂ ਦੀ ਵਰਤੋਂ ਨੂੰ ਘਟਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਣਥੱਕ ਉਪਰਾਲੇ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਪੰਜਾਬ ਤੰਬਾਕੂ ਵੈਂਡਸ ਫੀਸ ਐਕਟ, ਕੋਟਪਾ-2003 ਅਤੇ ਫੂਡ ਸੇਫਟੀ ਐਂਡ ਸਟੈਂਟਰਡ ਐਕਟ ਨੂੰ ਲਾਗੂ ਕਰਨਾ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਖੇਤਰ ਵਿੱਚ ਸੁਚੱਜੇ ਉਪਰਾਲਿਆਂ ਕਾਰਨ ਹੀ ਪੰਜਾਬ ਨੂੰ ਡਬਲਿਊ ਐਚ ਓ ਵੱਲੋਂ ਸਨਮਾਨ ਦਿੱਤਾ ਗਿਆ ਹੈ।
ਇਸ ਮੌਕੇ ਸਟੇਟ ਪ੍ਰੋਗਰਾਮ ਅਫਸਰ ਤੰਬਾਕੂ ਕੰਟਰੋਲ ਸੈਲ ਪੰਜਾਬ ਡਾ. ਰਾਕੇਸ਼ ਗੁਪਤਾ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲੇ 11 ਹਜ਼ਾਰ ਵਿਆਕਤੀਆਂ ਦੇ ਚਲਾਣ ਕੱਟੇ ਗਏ ਹਨ। ਉਨਾਂ੍ਹ ਦੱਸਿਆ ਕਿ ਸਾਰੇ ਜਿਲ੍ਹਿਆਂ ਵਿਚ ਤੰਬਾਕੂ ਦੀ ਵਰਤੋਂ ਪ੍ਰਤੀ ਅਤੇ ਇਸ ਦੇ ਮਨੁੱਖੀ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 07 ਨਵੰਬਰ ਤੱਕ ਹਫਤਾਵਾਰੀ ਪ੍ਰੋਗਰਾਮ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਸਬੰਧੀ ਹੇਠਲੇ ਪੱਧਰ ਤੱਕ ਜਾਗਰੂਕ ਕੀਤਾ ਜਾ ਸਕੇ ਇਸ ਮੌਕੇ ਐਸ.ਡੀ.ਐਮ ਲਖਮੀਰ ਸਿੰਘ ਨੇ ਕਿਹਾ ਐਸ.ਏ.ਐਸ ਨਗਰ ਜਿਲ੍ਹੇ ਵਿਚ ਤੰਬਾਕੂ ਕੰਟਰੋਲ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਜਿਲਾ੍ਹ ਮੁੰਕਮਲ ਤੌਰ ਤੇ ਤੰਬਾਕੂ ਰਹਿਤ ਬਣਾਇਆ ਜਾ ਸਕੇ । ਉਨਾਂਹ ਇਸ ਮੌਕੇ ਲਗਾਈ ਗਈ ਤੰਬਾਕੂ ਵਿਰੋਧੀ ਨੁਮਾਇਸ਼ ਦਾ ਮੁਆਇਨਾ ਵੀ ਕੀਤਾ। ਇਸ ਮੌਕੇ ਡਾ. ਨੀਲਮ ਭਾਰਦਵਾਜ ਸਿਵਲ ਸਰਜਨ ਮੋਹਾਲੀ, ਡਾ. ਰਾਣਾ ਜੈ ਸਿੰਘ ਸੀਨੀਅਰ ਤਕਨੀਕੀ ਸਲਾਹਕਾਰ ਸਮੇਤ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਮੈਂਬਰ ਡਾ. ਦਲੇਰ ਸਿੰਘ ਮੁਲਤਾਨੀ, ਸੀਨੀਅਰ ਮੈਡੀਕਲ ਅਫਸਰ ਡਾ. ਆਦੇਸ਼ ਕੰਗ, ਜਿਲਾ੍ਹ ਨੋਡਲ ਅਫਸਰ ਡਾ. ਗੁਰਪ੍ਰੀਤ ਸਿੰਘ, ਇੰਜ. ਪੀ.ਐਸ.ਵਿਰਦੀ ਸਮੇਤ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀਆਂ ਸਮੇਤ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ।