ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਕੇਜਰੀਵਾਲ ਆਪਣੇ ਭ੍ਰਿਸ਼ਟ ਮੰਤਰੀ ਨੂੰ ਬਰਖਾਸਤ ਕਰਕੇ ਦੁੱਧ ਧੋਤਾ ਨਹੀਂ ਬਣ ਸਕਦੇ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਮੁੱਖ ਸੰਸਦੀ ਸਕੱਤਰ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਇਸ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਹੁਣ ਤੱਕ ਡਰਾਮੇਬਾਜੀ ਤੋਂ ਇਲਾਵਾ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਖੁਰਾਕ ਮੰਤਰੀ ਅਸੀਮ ਅਹਿਮਦ ਨੂੰ ਬਰਖਾਸਤ ਕਰਕੇ ਸ਼੍ਰੀ ਕੇਜਰੀਵਾਲ ਨੇ ਡਰਾਮੇਬਾਜ਼ੀ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਵੀ ਕਿਸੇ ਨੇ ਆਡੀਓ ਰਿਕਾਰਡਿੰਗ ਕੀਤੀ ਹੈ, ਉਸ ਨੇ ਦਿੱਲੀ ਸਰਕਾਰ ਅੰਦਰ ਫੈਲੇ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਦਿੱਲੀ ਸਰਕਾਰ ਅੰਦਰ ਬਿਲਡਰਾਂ ਤੋਂ ਉਗਰਾਹੀ ਲਈ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਮਾਫੀਆ ਕੰਮ ਕਰ ਰਿਹਾ ਹੈ ਅਤੇ ਉਸ ਮਾਫੀਏ ਦੀ ਅਗਵਾਈ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਖੁਦ ਕਰ ਰਹੇ ਹਨ।
ਪ੍ਰੋਫੈਸਰ ਵਲਟੋਹਾ ਨੇ ਕਿਹਾ ਕਿ ਕੇਜਰੀਵਾਲ ਨੇ ਆਪਣੇ ਮੰਤਰੀ ਨੂੰ ਮਜਬੂਰੀ ਵੱਸ ਬਰਖਾਸਤ ਕੀਤਾ ਹੈ ਕਿਉਂਕਿ ਉਸ ਨੂੰ ਪਤਾ ਸੀ ਕਿ ਜੇ ਭ੍ਰਿਸ਼ਟਾਚਾਰ ਵਿੱਚ ਨੰਗੇ ਹੋ ਚੁੱਕੇ ਮੰਤਰੀ ਨੂੰ ਸਰਕਾਰ ਵਿਚੋਂ ਨਾ ਕੱਢਿਆ ਗਿਆ ਅਤੇ ਕਿਤੇ ਇਹ ਆਡੀਓ ਟੇਪ ਟੀ.ਵੀ. ਚੈਨਲਾਂ ਉਤੇ ਚੱਲ ਪਈ ਤਾਂ ਇਹ ਦਿੱਲੀ ਸਰਕਾਰ ਅਤੇ ਆਮ ਆਦਮੀ ਪਾਰਟੀ ਦਾ ਜਲੂਸ ਕੱਢ ਕੇ ਰੱਖ ਦੇਵੇਗੀ। ਉਨ੍ਹਾਂ ਕਿਹਾ ਟੀ.ਵੀ. ਚੈਨਲਾਂ ਉਤੇ ਆਪਣੀ ਫਜ਼ੀਹਤ ਅਤੇ ਛਿੱਤਰ ਵੀ ਖਾਣ ਅਤੇ ਗੰਢੇ ਵੀ ਖਾਣ ਤੋਂ ਬਚਣ ਲਈ ਸ਼੍ਰੀ ਕੇਜਰੀਵਾਲ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਆਪਣੀ ਸਰਕਾਰ ਵਿੱਚ ਬੈਠੇ ਰਾਜ ਨੇਤਾਵਾਂ, ਮੰਤਰੀਆਂ, ਵਿਧਾਇਕਾਂ ਅਤੇ ਅਫਸਰਾਂ ਨੂੰ ਇਹ ਵੀ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਜਿੰਨਾ ਮਰਜੀ ਕਰੋ ਪਰ ਸਬੂਤ ਨਾ ਛੱਡੋ। ਪ੍ਰੋਫੈਸਰ ਵਲਟੋਹਾ ਨੇ ਅੰਤ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਅੰਦਰ ਫੈਲੀ ਅਫਰਾ ਤਫਰੀ, ਬੇ-ਅਸੂਲੀ ਅਤੇ ਭ੍ਰਿਸ਼ਟ ਪ੍ਰਵਿਰਤੀ ਨੇ ਇਸ ਪਾਰਟੀ ਦਾ ਅਸਲੀ ਕਿਰਦਾਰ ਲੋਕਾਂ ਸਾਹਮਣੇ ਨੰਗਾ ਕਰ ਦਿੱਤਾ ਹੈ।