ਮੁੱਖ ਸਕੱਤਰ ਵਲੋਂ ਆਈ ਐਸ ਬੀ ਮੋਹਾਲੀ ਵਿਖੇ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀਆਂ ਤਿਆਰੀਆਂ ਦਾ ਜਾਇਜ਼ਾ
5 Dariya News
ਐਸ.ਏ.ਐਸ. ਨਗਰ (ਮੁਹਾਲੀ) , 05 Oct 2015
Last updated on: Oct 05, 2015, 00:00 IST
ਪੰਜਾਬ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਨ ਨੇ 28 ਤੇ 29 ਅਕਤੂਬਰ 2015 ਨੂੰ ਆਈ ਐਸ ਬੀ ਕੈਂਪਸ, ਮੋਹਾਲੀ ਵਿਖੇ ਹੋਣ ਵਾਲੇ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।ਆਈ ਐਸ ਬੀ ਕੈਂਪਸ, ਮੋਹਾਲੀ ਵਿਖੇ ਸੀਨੀਅਰ ਸਰਕਾਰੀ ਅਧਿਕਾਰੀਆਂ ਨਾਲ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਆਪਣੀਆਂ ਪ੍ਰਾਪਤੀਆਂ ਦਰਸ਼ਾ ਕੇ ਸੂਬੇ ਵਿਚ ਵੱਧ ਤੋਂ ਵੱਧ ਨਿਵੇਸ਼ ਲਿਆਉਣ ਲਈ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਇਕ ਬਹੁਤ ਹੀ ਵੱਡਾ ਤੇ ਅਹਿਮ ਮੰਚ ਹੈ। ਉਨ੍ਹਾਂ ਸੂਬੇ ਵਿਚ ਵਪਾਰ ਕਰਨ ਨੂੰ ਸੁਖਾਲਾ ਬਣਾਉਣ ਲਈ ਇਨਵੈਸਟਮੈਟ ਪ੍ਰਮੋਸ਼ਨ ਵਿਭਾਗ ਵਲੋਂ ਸਥਾਪਤ ਇਕ ਥਾਂ ਤੋਂ ਮੰਜੂਰੀਆਂ ਮਿਲਣ ਦੀ ਭਰਪੂਰ ਸ਼ਲਾਘਾ ਵੀ ਕੀਤੀ।ਇਸ ਮੌਕੇ 'ਤੇ ਇਨਵੈਸਟ ਪੰਜਾਬ ਦੇ ਸੀ ਈ ਓ ਸ੍ਰੀ ਅਨਿਰੁੱਧ ਤਿਵਾੜੀ ਨੇ ਮੁੱਖ ਸਕੱਤਰ ਨੂੰ ਆਗਾਮੀ ਸਮਿਟ ਦੀ ਰੂਪ ਰੇਖਾ ਬਾਰੇ ਵਿਸਥਾਰ ਪੁਰਵਕ ਜਾਣਕਾਰੀ ਦਿੰਦਿਆਂ ਇਸ ਦੌਰਾਨ ਕਰਵਾਏ ਜਾਣ ਵਾਲੇ ਸੈਸ਼ਨਾਂ, ਵਿਸ਼ੇਸ਼ ਤੌਰ 'ਤੇ ਸੱਦੇ ਗਏ ਮਹਿਮਾਨਾਂ, ਡੇਲੀਗੇਟਜ਼ ਰੋਡ ਸ਼ੋ ਅਤੇ ਹੋਰ ਵੇਰਵਿਆਂ ਬਾਰੇ ਜਾਣੂ ਕਰਵਾਇਆ। ਮੁੱਖ ਸਕੱਤਰ ਨੂੰ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਸਮਿਟ ਵਿਚ ਕਾਰਪੋਰੇਟ ਜਗਤ ਦੀਆਂ ਉੱਘੀਆਂ ਸ਼ਖਸ਼ੀਅਤਾਂ ਨੇ ਆਪਣੇ ਵਲੋਂ ਸ਼ਿਰਕਤ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ ਅਤੇ ਉਦਯੋਗ ਜਗਤ ਵਲੋਂ ਸਮਿਟ ਵਿਚ ਹਿੱਸਾ ਲੈਂਣ ਅਤੇ ਪੰਜਾਬ ਵਿਚ ਨਿਵੇਸ਼ ਕਰਨ ਪ੍ਰਤੀ ਭਾਰੀ ਉਤਸ਼ਾਹ ਪ੍ਰਗਟਾਇਆ ਜਾ ਰਿਹਾ ਹੈ।ਇਸ ਜਾਇਜ਼ਾ ਮੀਟਿੰਗ ਮੌਕੇ ਸ੍ਰੀ ਕਰਨ ਅਵਤਾਰ ਸਿੰਘ ਵਧੀਕ ਮੁੱਖ ਸਕੱਤਰ ਇਨਵੈਸਟਮੈਂਟ ਪ੍ਰਮੋਸ਼ਨ, ਸ੍ਰੀਮਤੀ ਅੰਜਲੀ ਭਾਵੜਾ, ਪ੍ਰਮੁੱਖ ਸਕੱਤਰ, ਸੈਰ ਸਪਾਟਾ, ਸ੍ਰੀ ਅਨਿਰੁੱਧ ਤਿਵਾੜੀ, ਸੀ ਈ ਓ, ਇੰਨਵੇਸਟ ਪੰਜਾਬ, ਸ੍ਰੀ ਅਮਿਤ ਢਾਕਾ ਐਮ ਡੀ, ਪੀ ਐਸ ਆਈ ਈ ਸੀ, ਸ੍ਰੀ ਟੀ ਪੀ ਐਸ ਸਿੱਧੂ ਡਿਪਟੀ ਕਮਿਸ਼ਨਰ, ਮੋਹਾਲੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ।