ਪੰਜਾਬ ਦਾ ਸਭਿਆਚਾਰਕ ਵਿਰਸਾ ਬਹੁਤ ਹੀ ਅਮੀਰ ਹੈ ਇਸ ਨੂੰ ਹੋਰ ਪ੍ਰਫੁੱਲਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਦੀ ਲੋੜ ਹੈ। ਇਨਾਂਹ ਵਿਚਾਰਾਂ ਦਾ ਪ੍ਰਗਟਾਵਾ ਸ੍ਰੀਮਤੀ ਗਗਨਦੀਪ ਢੀਂਡਸਾ ਸੁਪਤਨੀ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ ਨੇ ਮਾਲਵਾ ਵੁਮੈਨ ਵੈਲਫੇਅਰ ਅਤੇ ਕਲਚਰਲ ਸੋਸਾਇਟੀ ਮੋਹਾਲੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਦੇ ਸਹਿਯੋਗ ਨਾਲ ਪੰਜਾਬ ਦੇ ਅਮੀਰ ਵਿਰਸੇ ਨੂੰ ਸਪਰਪਿਤ ਸਭਿਆਚਾਰਕ ਪ੍ਰੋਗਰਾਮ 'ਤੀਆਂ ਮਾਲਵੇ ਦੀਆਂ' ਡਾ. ਉਮਾ ਸ਼ਰਮਾ ਚੇਅਰਪਰਸਨ ਅਤੇ ਪ੍ਰਧਾਨ ਉੱਘੀ ਸਮਾਜ ਸੇਵੀ ਅਤੇ ਖੂਨਦਾਨੀ ਸ੍ਰੀਮਤੀ ਜਸਵੰਤ ਕੌਰ ਦੀ ਪ੍ਰਧਾਨਗੀ ਹੇਠ ਵੇਰਕਾ ਮਿਲਕ ਪਲਾਂਟ ਫੇਜ 6 ਮੋਹਾਲੀ ਵਿਖੇ ਕਰਵਾਏ ਗਏ ਸਮਾਗਮ ਮੌਕੇ ਆਪਣੇ ਸੰਬੋਧਨ ਵਿਚ ਕੀਤਾ। ਸ੍ਰੀਮਤੀ ਗਗਨਦੀਪ ਢੀਂਡਸਾਂ ਨੇ ਇਸ ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜਦਕਿ ਪ੍ਰੋਗਰਾਮ ਦੀ ਪ੍ਰਧਾਨਗੀ ਚੇਅਰਪਰਸਨ ਜ਼ਿਲ੍ਹਾ ਹਸਪਤਾਲ ਭਲਾਈ ਸ਼ਾਖਾ ਸ੍ਰੀਮਤੀ ਮਨਦੀਪ ਕੌਰ ਸਿੱਧੂ ਸੁਪਤਨੀ ਸ੍ਰ. ਤੇਜਿੰਦਰਪਾਲ ਸਿੰਘ ਸਿੱਧੂ ਡਿਪਟੀ ਕਮਿਸ਼ਨਰ ਮੋਹਾਲੀ ਨੇ ਕੀਤੀ।
ਸ੍ਰੀਮਤੀ ਢੀਡਸਾਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਇੱਕ ਅਮੀਰ ਸਭਿਆਚਾਰ ਵਿਰਸੇ ਦਾ ਮਾਲਿਕ ਹੈ ਪਰ ਅਜੋਕੀ ਪੀੜ੍ਹੀ ਇਸ ਅਮੀਰ ਵਿਰਸੇ ਤੋਂ ਨਾਵਾਕਿਫ ਹੈ। ਇਸ ਲਈ ਸਾਡੀ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਸਭਿਆਚਾਰਕ ਵਿਰਸੇ ਤੋਂ ਜਾਣੂੰ ਕਰਵਾਉਣ ਲਈ ਅਜਿਹੇ ਪ੍ਰੋਗਰਾਮਾਂ ਦੀ ਜਰੂਰਤ ਹੈ। ਉਨ੍ਹਾਂ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਇਸ ਪ੍ਰੋਗਰਾਮ ਦੀ ਮੁਬਾਰਕਵਾਦ ਵੀ ਦਿੱਤੀ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਫੁੱਲਾਂ ਨਾਲ ਸਜੀਆਂ ਹੋਈਆਂ ਪੀਂਘਾਂ ਝੂਟ ਕੇ ਕੀਤੀ ਗਈ।
ਇਸ ਮੌਕੇ ਚੇਅਰਪਰਸਨ ਜਿਲਾ੍ਹ ਹਸਪਤਾਲ ਭਲਾਈ ਸ਼ਾਖਾ ਸ੍ਰੀਮਤੀ ਮਨਦੀਪ ਕੌਰ ਸਿੱਧੂ ਨੇ ਕਿਹਾ ਕਿ ਮਾਲਵਾ ਵੁਮੈਨ ਵੈੱਲਫ਼ੇਅਰ ਅਤੇ ਕਲਚਰਲ ਸੋਸਾਇਟੀ ਵੱਲੋਂ ਆਯੋਜਿਤ ਕੀਤੇ ਜਾਂਦੇ ਪ੍ਰੋਗਰਾਮ ਆਉਣ ਵਾਲੀ ਪੀੜ੍ਹੀ ਨੂੰ ਸਭਿਆਚਾਰਕ ਵਿਰਸੇ ਨਾਲ ਜੋੜਨ ਵਿੱਚ ਮੱਦਦਗਾਰ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਨਵੀਂ ਪੀੜੀ ਨੂੰ ਆਪਣੇ ਵਿਰਸੇ ਤੋਂ ਜਾਣੂ ਹੋਣਾ ਲਾਜ਼ਮੀ ਹੈ ਇਸ ਮੌਕੇ ਉਨਾਂ੍ਹ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਜਿਹੇ ਪ੍ਰੋਗਰਾਮਾਂ ਕਰਵਾਉਣ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਸ੍ਰੀ ਜੇ.ਕੇ. ਗੁਪਤਾ ਜਨਰਲ ਮੈਨੇਜਰ ਵੇਰਕਾ ਮਿਲਕ ਪਲਾਂਟ ਨੇ ਸ਼ਮਾਂ ਰੌਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਸਮਾਗਮ ਵਿਚ ਵਿਸ਼ੇਸ ਤੌਰ ਤੇ ਪੁੱਜੇ ਮੇਅਰ ਨਗਰ ਨਿਗਮ ਕੁਲਵੰਤ ਸਿੰਘ ਨੇ ਵੀ ਮਾਲਵਾ ਵੁਮੈਨ ਵੈਲਫ਼ੇਅਰ ਅਤੇ ਕਲਚਰਲ ਸੋਸਾਇਟੀ ਮੋਹਾਲੀ ਵੱਲੋਂ ਤੀਆਂ ਮਾਲਵੇ ਦੀਆਂ ਪ੍ਰੋਗਰਾਮ ਕਰਵਾਉਣ ਤੇ ਮੁਬਾਰਕਬਾਦ ਦਿੱਤੀ ਮਾਲਵਾ ਵੁਮੈਨ ਵੈਲਫ਼ੇਅਰ ਅਤੇ ਕਲਚਰਲ ਸੋਸਾਇਟੀ ਮੋਹਾਲੀ ਦੀ ਪ੍ਰਧਾਨ ਸ੍ਰੀਮਤੀ ਜਸਵੰਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਸੰਸਥਾ ਔਰਤਾਂ ਦੀ ਭਲਾਈ, ਭਰੂਣ ਹੱਤਿਆ ਵਿਰੁੱਧ ਅਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਕਰਦੀ ਹੈ। ਇਸ ਲਈ ਸਕੂਲਾਂ ਕਾਲਜਾਂ ਵਿੱਚ ਜਾ ਜਾ ਕੇ ਸੈਮੀਨਾਰ ਕਰਵਾਏ ਜਾਂਦੇ ਹਨ। ਮਹਿਲਾ ਦਿਵਸ, ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਵੀ ਲਗਵਾਏ ਜਾਂਦੇ ਹਨ। ਸਾਵਨ ਮਹੀਨੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਸਮਾਗਮ ਵਿੱਚ ਪੂਨਮਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ, ਸ੍ਰੀਮਤੀ ਬਲਦੀਪ ਕੌਰ ਏ.ਈ.ਟੀ.ਸੀ, ਐਸ.ਡੀ.ਐਮ ਖਰੜ ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਅਸਟੇਟ ਅਫਸਰ ਗਮਾਡਾ ਸ੍ਰੀਮਤੀ ਰਾਜਦੀਪ ਕੌਰ, ਸ੍ਰੀਮਤੀ ਅਮਰਜੀਤ ਕੌਰ, ਸੰਸਥਾ ਦੇ ਮੁੱਖ ਸਲਾਹਕਾਰ ਸ੍ਰੀਮਤੀ ਸੁਨੀਤਾ ਸ਼ਰਮਾ ਜਨਰਲ ਸਕੱਤਰ, ਸਰੋਜ ਸ਼ਰਮਾ ਵਿੱਤ ਸਕੱਤਰ, ਸ੍ਰੀਮਤੀ ਹਰਪ੍ਰੀਤ ਕੌਰ ਏ.ਆਈ.ਜੀ. ਪੰਜਾਬ ਪੁਲਿਸ ਸ. ਫੁਲਰਾਜ ਸਿੰਘ, ਆਰ.ਪੀ. ਸ਼ਰਮਾ (ਦੋਵੇਂ ਕੌਸਲਰ) ਸ੍ਰੀ ਅਸ਼ਵਨੀ ਸੰਭਾਲਕੀ ਵੀ ਸ਼ਾਮਲ ਹੋਏ। ਇਸ ਮੌਕੇ ਉੱਘੇ ਗਾਇਕਾਂ ਮਿਸ ਕਮਲ ਕੌਰ, ਬਲਜਿੰਦਰ ਢਿੱਲੋਂ, ਪੂਜਾ ਢਿੱਲੋਂ, ਸ਼ਰਨਜੀਤ, ਨਿਸ਼ੀ, ਉਮਿੰਦਰ ਓਮਾ, ਲੱਕੀ ਅੱਲਾਪੁਰੀ, ਹਰਪ੍ਰੀਤ ਹਨੀ ਅਤੇ ਹੋਰ ਕਲਾਕਾਰਾਂ ਨੇ ਆਪਣੀ ਆਪਣੀ ਗਾਇਕੀ ਨਾਲ ਖੂਬ ਸਮਾਂ ਬੰਨ੍ਹਿਆ। ਜੁਗਨੀ ਕਲਚਰਲ ਅਤੇ ਯੂਥ ਕਲੱਬ ਮੋਹਾਲੀ ਵੱਲੋਂ ਲੋਕ ਨਾਚ ਮਲਵਈ ਗਿੱਧਾ ਪੇਸ਼ ਕੀਤਾ ਗਿਆ। ਅੰਤਰ ਰਾਸ਼ਟਰੀ ਅਲਗੋਜ਼ਾ ਵਾਦਕ ਸ. ਕਰਮਜੀਤ ਬੱਗਾ ਨੇ ਸਟੇਜ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ।