ਬਿਜਲੀ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਟਰਾਂਸਫਾਰਮਰਾਂ ਅਤੇ ਖੰਭਿਆਂ ਤੇ ਨੀਵੀਆਂ ਬਿਜਲੀ ਦੀਆਂ ਤਾਰਾਂ ਨੂੰ ਤੁਰੰਤ ਠੀਕ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋਵੇ। ਇਹ ਹਦਾਇਤਾਂ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਬਿਜਲੀ ਵਿਭਾਗ ਦੀ ਜ਼ਿਲ੍ਹਾ ਪੱਧਰੀ ਸਲਾਹਾਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪੱਧਰੀ ਸਲਾਹਾਕਾਰ ਕਮੇਟੀ ਦੇ ਗੈਰ ਸਰਕਾਰੀ ਅਤੇ ਸਰਕਾਰੀ ਮੈਂਬਰ ਮੌਜੂਦ ਸਨ।ਇਸ ਮੌਕੇ ਗੈਰ ਸਰਕਾਰੀ ਮੈਂਬਰ ਵੱਲੋਂ ਦੱਸਿਆ ਗਿਆ ਕਿ ਪਿੰਡ ਖਿਜਰਾਬਾਦ ਦੇ ਇੱਕ ਟਰਾਂਸਫਾਰਮਰ ਦੀਆਂ ਤਾਰਾਂ ਨੀਵੀਆਂ ਹਨ ਅਤੇ ਖੰਭਿਆਂ ਤੇ ਲੱਗੀਆਂ ਤਾਰਾਂ ਵੀ ਢਿੱਲੀਆਂ ਹਨ। ਜਿਸ ਕਾਰਨ ਹਮੇਸ਼ਾਂ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਨ੍ਹਾਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ। ਸ੍ਰੀ ਸਿੱਧੂ ਨੇ ਇਸ ਮੌਕੇ ਵਧੀਕ ਐਸ.ਈ. ਖਰੜ ਨੂੰ ਮੌਕੇ ਤੇ ਹੀ ਹਦਾਇਤਾਂ ਦਿੱਤੀਆਂ ਕਿ ਖਰੜ ਸਬਡਿਵੀਜਨ ਅਧੀਨ ਪੈਂਦੇ ਸਾਰੇ ਪਿੰਡਾਂ ਦਾ ਸਰਵੇ ਕਰਵਾਇਆ ਜਾਵੇ ਅਤੇ ਜਿਥੇ ਵੀ ਤਾਰਾਂ ਢਿੱਲੀਆਂ ਹਨ, ਉਨ੍ਹਾਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਮੌਕੇ ਤੇ ਹੀ ਐਸ.ਈ ਨੂੰ ਆਖਿਆ ਕਿ ਸਮੁੱਚੇ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਸਰਵੇ ਕਰਵਾਇਆ ਜਾਵੇ ਅਤੇ ਤਾਰਾਂ ਨੂੰ ਠੀਕ ਕਰਵਾਇਆ ਜਾਵੇ। ਮੀਟਿੰਗ ਵਿੱਚ ਦੱਸਿਆ ਗਿਆ ਕਿ ਪਿੰਡ ਸਹੌੜਾਂ ਵਿਖੇ ਅੱਧੇ ਪਿੰਡ ਵਿੱਚ ਬਿਜਲੀ ਰਹਿੰਦੀ ਹੈ ਅੱਧੇ ਪਿੰਡ ਵਿੱਚ ਕਈ ਵਾਰ ਬੰਦ ਹੋ ਜਾਂਦੀ ਹੈ ਇਸ ਮੁਸ਼ਕਲ ਦਾ ਵੀ ਹੱਲ ਲੱਭਿਆ ਜਾਵੇ। ਸ੍ਰੀ ਸਿੱਧੂ ਨੇ ਇਸ ਮੌਕੇ ਵਧੀਕ ਐਸ.ਈ ਨੂੰ ਇਸ ਸਮੱਸਿਆ ਦੇ ਹੱਲ ਲਈ ਤੁਰੰਤ ਕਾਰਵਾਈ ਕਰਨ ਲਈ ਆਖਿਆ।
ਕੌਂਸਲਰ ਨਗਰ ਨਿਗਮ ਸ੍ਰੀ ਅਰੁਣ ਸ਼ਰਮਾ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਗਰਮੀਆਂ ਦੇ ਦਿਨਾਂ ਵਿੱਚ ਸ਼ਹਿਰ 'ਚ ਬਿਜਲੀ ਦੀ ਘੱਟ ਵੋਲਟੇਜ਼ ਦੀ ਸਮੱਸਿਆ ਆਉਂਦੀ ਹੈ ਅਤੇ ਕਈ ਥਾਵਾਂ ਤੇ ਤਾਰਾਂ ਵੀ ਢਿੱਲੀਆਂ ਹਨ ਇਸ ਲਈ ਸ਼ਹਿਰ ਵਿੱਚ ਨਵੇਂ ਵੱਡੀ ਸਮੱਰਥਾ ਵਾਲੇ ਟਰਾਂਸਫਾਰਮਰ ਲੱਗਣੇ ਚਾਹੀਦੇ ਹਨ ਅਤੇ ਤਾਰਾਂ ਵੀ ਠੀਕ ਕਰਾਉਣੀਆਂ ਚਾਹੀਦੀਆਂ ਹਨ। ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਮੱਸਿਆ ਨੂੰ ਜਲਦੀ ਹੀ ਹੱਲ ਕਰਨ ਦਾ ਵਾਅਦਾ ਕੀਤਾ।ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜਨ ਸਿਹਤ ਵਿਭਾਗ, ਸਿੰਚਾਈ ਵਿਭਾਗ, ਕਰ ਅਤੇ ਆਬਕਾਰੀ ਵਿਭਾਗ, ਪੁਲਿਸ ਵਿਭਾਗ, ਸਿੱਖਿਆ ਵਿਭਾਗ, ਸਿਹਤ ਸੇਵਾਵਾਂ ਵਿਭਾਗ ਨਾਲ ਸਬੰਧਤ ਜ਼ਿਲ੍ਹਾ ਪੱਧਰੀ ਸਲਾਹਾਕਾਰ ਕਮੇਟੀਆਂ ਦੀ ਮੀਟਿੰਗ ਵੀ ਕੀਤੀ। ਉਨ੍ਹਾਂ ਇਸ ਮੌਕੇ ਖਾਸ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੁਹੱਤਵਰ ਬੰਦਿਆਂ ਨੂੰ ਆਖਿਆ ਕਿ ਉਹ ਵਿਕਾਸ ਕਾਰਜਾਂ ਨੂੰ ਪਾਰਟੀਬਾਜੀ ਤੋਂ ਉਪਰ ਉੱਠ ਕੇ ਆਪਣਾ ਬਣਦਾ ਸਹਿਯੋਗ ਦੇਣ ਤਾਂ ਜੋ ਪਿੰਡਾਂ ਦੀ ਦਿੱਖ ਵੀ ਸ਼ਹਿਰਾਂ ਵਰਗੀ ਹੋ ਸਕੇ। ਉਨ੍ਹਾਂ ਕਿਹਾ ਕਿ ਛੋਟੇ-ਛੋਟੇ ਝਗÎੜਿਆਂ ਨੂੰ ਵੀ ਪਿੰਡ ਪੱਧਰ ਤੇ ਆਪਸੀ ਸਹਿਮਤੀ ਨਾਲ ਨਜਿੱਠਣ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਭੁਪਿੰਦਰ ਸਿੰਘ, ਜੀਵਨ ਸਿੰਘ, ਸ਼ੇਰ ਸਿੰਘ, ਜਗਤਾਰ ਸਿੰਘ ਸਮੇਤ ਵੱਖ-ਵੱਖ ਸਲਾਹਕਾਰ ਕਮੇਟੀਆਂ ਦੇ ਮੈਂਬਰ ਵੀ ਮੀਟਿੰਗਾਂ ਵਿੱਚ ਮੌਜੂਦ ਸਨ।