ਮੋਹਾਲੀ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨਗਰ ਨਿਗਮ ਭਵਨ ਦੇ ਮੀਟਿੰਗ ਹਾਲ ਵਿਖੇ ਸ਼ਾਂਤੀ ਪੂਰਵਕ ਸਪੰਨ ਹੋਈ। ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਮੇਅਰ ਦੀ ਚੋਣ ਦੇ ਮੱਦੇਨਜ਼ਰ ਸ਼ਹਿਰ ਨਿਵਾਸੀਆਂ ਵੱਲੋ ਅਮਨ ਅਤੇ ਸ਼ਾਂਤੀ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਜ਼ਿਲ੍ਹਾ ਪ੍ਰਸਾਸ਼ਨ ਨੂੰ ਦਿੱਤੇ ਸਹਿਯੋਗ ਬਦਲੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ।ਨਗਰ ਨਿਗਮ ਭਵਨ ਦੇ ਮੀਟਿੰਗ ਹਾਲ ਵਿਖੇ ਡਿਵੀਜਨਲ ਕਮਿਸ਼ਨਰ ਰੂਪਨਗਰ ਸ੍ਰੀ ਕਰੂਣਾ ਐਸ ਰਾਜੂ ਦੀ ਨਿਗਰਾਨੀ ਹੇਠ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਪ੍ਰੀਕਿਆ ਸ਼ੁਰੂ ਹੋਈ ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਉਮਾ ਸੰਕਰ ਗੁਪਤਾ ਅਤੇ ਐਸ.ਡੀ.ਐਮ ਸ੍ਰੀ ਲਖਮੀਰ ਸਿੰਘ, ਸਯੁੰਕਤ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਨਯਨ ਭੁੱਲਰ ਵੀ ਮੌਜੂਦ ਸਨ। ਮੇਅਰ ਦੀ ਚੋਣ ਵਿੱਚ ਕਾਂਗਰਸ ਨਾਲ ਸਬੰਧਤ ਕੌਂਸਲਰ ਅਤੇ ਅਜ਼ਾਦ ਗਰੁੱਪ ਦੇ ਕੌਂਸਲਰ ਸ਼ਾਮਲ ਹੋਏ। ਜਦਕਿ ਅਕਾਲੀ ਦਲ ਅਤੇ ਬੀ.ਜੇ.ਪੀ ਦੇ ਕੌਂਸਲਰਾਂ ਵੱਲੋਂ ਇਸ ਚੋਣ ਦਾ ਬਾਈਕਾਟ ਕੀਤਾ ਗਿਆ। ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਸਪੰਨ ਹੋਣ ਉਪਰੰਤ ਸ੍ਰੀ ਕਰੂਣਾ ਐਸ.ਰਾਜੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੋਣ ਪ੍ਰੀਕਿਆ ਬਹੁਤ ਹੀ ਸ਼ਾਂਤਮਈ ਮਹੌਲ ਵਿੱਚ ਸਪੰਨ ਹੋਈ। ਜਿਸ ਲਈ ਕੌਂਸਲਰ ਵਧਾਈ ਦੇ ਪਾਤਰ ਹਨ।
ਅਜ਼ਾਦ ਗਰੁੱਪ ਦੇ ਸ੍ਰੀ ਕੁਲਵੰਤ ਸਿੰਘ ਦਾ ਨਾਂ ਮੇਅਰ ਲਈ ਕਾਂਗਰਸ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਵੱਲੋਂ ਪੇਸ਼ ਕੀਤਾ ਗਿਆ ਜਿਸ ਦੀ ਤਾਇਦ ਸ੍ਰੀ ਰਜਿੰਦਰ ਸਿੰਘ ਰਾਣਾ ਕਾਂਗਰਸ ਦੇ ਕੌਂਸਲਰ ਵੱਲੋਂ ਕੀਤੀ ਗਈ। ਇਸ ਤਰ੍ਹਾਂ ਸ੍ਰੀ ਕੁਲਵੰਤ ਸਿੰਘ ਸਰਬਸਮੰਤੀ ਨਾਲ ਨਗਰ ਨਿਗਰ ਦਾ ਮੇਅਰ ਚੁਣੀਆ ਗਿਆ। ਇਸ ਤੋਂ ਉਪਰੰਤ ਸੀਨੀਅਰ ਡਿਪਟੀ ਮੇਅਰ ਲਈ ਕੁਲਵੰਤ ਸਿੰਘ ਨੇ ਰੀਸ਼ਵ ਜੈਨ ਕਾਂਗਰਸ ਦੇ ਕੌਂਸਲਰ ਦਾ ਨਾਂ ਪੇਸ਼ ਕੀਤਾ ਜਿਸ ਦੀ ਤਾਇਦ ਆਜ਼ਾਦ ਗਰੁੱਪ ਦੇ ਕੌਂਸਲਰ ਸ੍ਰੀ ਅਮਰੀਕ ਸਿੰਘ ਤਹਿਸੀਲਦਾਰ ਨੇ ਕੀਤੀ। ਅਜ਼ਾਦ ਗਰੁੱਪ ਦੇ ਸ੍ਰੀ ਮਨਜੀਤ ਸਿੰਘ ਸੇਠੀ ਦਾ ਨਾਂ ਡਿਪਟੀ ਮੇਅਰ ਲਈ ਕਾਂਗਰਸ ਦੇ ਕੌਂਸਲਰ ਅਮਰੀਕ ਸਿੰਘ ਸੋਮਲ ਵੱਲੋ ਪੇਸ਼ ਕੀਤਾ ਗਿਆ। ਜਿਸ ਦੀ ਤਾਇਦ ਅਜ਼ਾਦ ਗਰੁੱਪ ਦੇ ਕੌਂਸਲ ਸ੍ਰੀ ਹਰਪਾਲ ਸਿੰਘ ਚੰਨਾ ਅਤੇ ਸ੍ਰੀ ਆਰ.ਪੀ.ਸ਼ਰਮਾ ਵੱਲੋਂ ਕੀਤੀ ਗਈ। ਇਸ ਤਰ੍ਹਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਸਰਬਸਮੰਤੀ ਨਾਲ ਨੇਪਰੇ ਚੜ ਗਈ। ਇਸ ਮੌਕੇ ਹਲਕਾ ਵਿਧਾਇਕ ਸ੍ਰ: ਬਲਵੀਰ ਸਿੰਘ ਸਿਧੂ ਵੀ ਮੌਜੂਦ ਸਨ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਹਾਲੀ ਨਗਰ ਨਿਗਮ ਦੇ ਚੁਣੇ ਗਏ ਪਹਿਲੇ ਮੇਅਰ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਕਿਸੇ ਵੀ ਕਿਸਮ ਦੀ ਪਾਰਟੀਬਾਜੀ ਤੋਂ ਉਪਰ ਉਠ ਕੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਸਮਰਪਿਤ ਹੋਣਗੇ ਅਤੇ ਉਹ ਸ਼ਹਿਰ ਦੇ ਵਿਕਾਸ ਨਗਰ ਨਿਗਮ ਦੇ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਕਰਨ ਨੂੰ ਯਕੀਨੀ ਬਣਾਉਣਗੇ ਤਾਂ ਜੋ ਮੋਹਾਲੀ ਸ਼ਹਿਰ ਜੋ ਕਿ ਪੰਜਾਬ ਦਾ ਗੇਟਵੇਅ ਹੈ ਵਿਸ਼ਵ ਦਾ ਸ਼ੁੰਦਰ ਸ਼ਹਿਰ ਅਤੇ ਵਿਕਾਸ ਪੱਖੋਂ ਮੋਹਰੀ ਸ਼ਹਿਰ ਬਣ ਸਕੇ।