ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਜੋ ਕੁਦਰਤੀ ਆਫਤਾਂ ਦਾ ਟਾਕਰਾ ਸੁਚੱਜੇ ਢੰਗ ਨਾਲ ਹੋ ਸਕੇ ਅਤੇ ਜਾਨ ਮਾਲ ਦੀ ਰਾਖੀ ਯਕੀਨੀ ਬਣ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਭਾਰਤ ਸਰਕਾਰ ਦੇ ਮੈਂਬਰ ਸ੍ਰੀ ਕਮਲ ਕਿਸੋਰ ਨੇ ਐਸ.ਏ.ਐਸ.ਨਗਰ ਸਥਿਤ ਵਿਕਾਸ ਭਵਨ ਦੇ ਕਾਂਨਫਰੰਸ ਹਾਲ ਵਿਖੇ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।ਕਮਲ ਕਿਸੋਰ ਨੇ ਇਸ ਮੌਕੇ ਜ਼ਿਲ੍ਹੇ 'ਚ ਤਿਆਰ ਕੀਤੇ ਡਿਜਾਸਟਰ ਮੈਨੇਜਮੈਂਟ ਪਲਾਨ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਕੁਦਤਰੀ ਆਫਤਾਂ ਦੇ ਟਾਕਰੇ ਲਈ ਬੇਹੱਦ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇਸ਼ ਦੇ ਸਮੁੱਚੇ ਜ਼ਿਲਿਆਂ ਵਿੱਚ ਡਿਜਾਸਟਰ ਮੈਨੇਜਮੈਂਟ ਸੈੱਲ ਸਥਾਪਿਤ ਕਰ ਰਹੀਂ ਹੈ ਤਾਂ ਜੋ ਕੁਦਰਤੀ ਆਫਤਾ ਵੇਲੇ ਉਨ੍ਹਾਂ ਨਾਲ ਨਜਿੱਠਣ ਲਈ ਠੋਸ ਕਦਮ ਉਠਾਏ ਜਾ ਸਕਣ ਅਤੇ ਜਾਨ ਮਾਲ ਦੀ ਰਾਖੀ ਹੋ ਸਕੇ। ਉਨ੍ਹਾਂ ਇਸ ਮੌਕੇ ਇਮਾਰਤਾਂ ਅਤੇ ਘਰਾਂ ਦੇ ਢਾਂਚੇ ਨੂੰ ਭੁਚਾਲ ਸੁਰੱਖਿਅਤ ਉਸਾਰਨ ਦੀ ਲੋੜ ਤੇ ਜੋਰ ਦਿੰਦਿਆ ਕਿਹਾ ਕਿ ਇੰਜੀਨੀਅਰ ਇਸ ਕੰਮ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ-ਨਾਲ ਪਿੰਡ ਪੱਧਰ ਤੇ ਲੋਕਾਂ ਨੂੰ ਕੁਦਰਤੀ ਆਫਤਾ ਅਤੇ ਉਨ੍ਹਾਂ ਦੇ ਬਚਾਓ ਸਬੰਧੀ ਵਿਸ਼ੇਸ ਸਿਖਲਾਈ ਦੇਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਕਿਸੇ ਵੀ ਕਿਸਮ ਦੀ ਕੁਦਰਤੀ ਆਫਤ ਵੇਲੇ ਲੋਕ ਖੁਦ ਆਪਣੇ ਜਾਨ ਮਾਲ ਦੀ ਰਾਖੀ ਕਰ ਸਕਣ।
ਇਸ ਮੌਕੇ ਸਕੱਤਰ ਮਾਲ ਵਿਭਾਗ ਅਤੇ ਡਾਇਰੈਕਟਰ ਡਿਜਾਸਟਰ ਮੈਨੇਜਮੈਂਟ ਪੰਜਾਬ ਸ੍ਰੀ ਸਮੀਰ ਕੁਮਾਰ ਨੇ ਮੈਂਬਰ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਵੱਲੋਂ ਕੁਦਰਤੀ ਆਫਤਾ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ ਤੇ ਸਥਾਪਿਤ ਡਿਜਾਸਟਰ ਮੈਨੇਜਮੈਂਟ ਦੀ ਕਾਰਗੁਜਾਰੀ ਤੇ ਚਾਨਣਾ ਪਾਇਆ। ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਕੁਦਰਤੀ ਆਫਤਾਂ ਨਾਲ ਨਜਿਠੱਣ ਲਈ ਤਿਆਰ ਕੀਤੇ ਜ਼ਿਲ੍ਹਾ ਡਿਜਾਸਟਰ ਮੈਨੇਜਮੈਂਟ ਪਲਾਨ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਕੁਦਰਤੀ ਆਫਤਾਂ ਦੇ ਟਾਕਰੇ ਲਈ ਲੋਕਾਂ ਦੀ ਸਮੁਲੀਅਤ ਨਾਲ ਸਿਖਲਾਈ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਜ਼ਿਲ੍ਹਾ ਡਿਜਾਸਟਰ ਮੈਨੇਜਮੈਂਟ ਦੇ ਚੇਅਰਮੈਨ ਵਜੋਂ ਮੈਨੇਜਮੈਂਟ ਨੂੰ ਉੱਚ ਪੱਧਰੀ ਅਤੇ ਨਵੀਂ ਤਕਨੀਕ ਦੇ ਉਪਕਰਣ ਮੁਹੱਈਆ ਕਰਾਉਣ ਲਈ ਲੋੜੀਂਦੇ ਫੰਡ ਜਾਰੀ ਕਰਨ ਦੀ ਲੋੜ ਤੇ ਜੋਰ ਦਿੰਦਿਆ ਕਿ ਨਵੇਂ ਉਪਕਰਣਾਂ ਨਾਲ ਕੁਦਰਤੀ ਆਫਤਾਂ ਦਾ ਬਿਹਤਰ ਢੰਗ ਨਾਲ ਮੁਕਾਬਲਾ ਕਰਕੇ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਵਿੱਚ ਬੇਹੱਦ ਸਹਾਈ ਹੋ ਸਕਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਕੁਦਰਤੀ ਆਫਤਾਂ ਦੇ ਟਾਕਰੇ ਲਈ ਜ਼ਿਲ੍ਹਾ ਮੈਨੇਜਮੈਂਟ ਪਲਾਨ ਸਬੰਧੀ ਪੇਸ਼ਕਾਰੀ ਰਾਹੀਂ ਕੀਤੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਭੁਪਿੰਦਰ ਸਿੰਘ, ਐਸ.ਡੀ.ਐਮ ਸ੍ਰੀ ਲਖਮੀਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ: ਮੇਵਾ ਸਿੰਘ ਸਿੱਧੂ, ਡੀ.ਡੀ.ਪੀ.ਓ ਸ੍ਰੀ ਕੁਲਵੰਤ ਸਿੰਘ, ਡੀ.ਐਫ.ਐਸ.ਸੀ ਸ੍ਰੀ ਸਰਬਜੀਤ ਸਿੰਘ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।