ਸੂਬਾ ਸਰਕਾਰ ਨੇ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਤ ਕਰਨ ਲਈ ਅਨੇਕਾਂ ਸਕੀਮਾਂ ਆਰੰਭੀਆਂ -ਪਰਕਾਸ਼ ਸਿੰਘ ਬਾਦਲ
Web Admin
5 Dariya News
ਸੰਗਰੂਰ , 01 Jun 2015
Last updated on: Jun 01, 2015, 00:00 IST
ਸੂਬੇ ਵਿੱਚ ਮੱਛੀ ਪਾਲਣ ਨੂੰ ਬੜਾਵਾ ਦੇਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਮੱਛੀ ਪਾਲਕਾਂ ਨੂੰ ਹਰ ਸਹਿਯੋਗ ਅਤੇ ਮਦਦ ਦਾ ਭਰੋਸਾ ਦੇਣ ਦਾ ਐਲਾਨ ਕੀਤਾ।ਮੁੱਖ ਮੰਤਰੀ ਨੇ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਮੱਛੀ ਪਾਲਕਾਂ ਦੇ ਸੰਗਠਨ ਦੇ ਮੈਂਬਰਾਂ ਨੂੰ ਇਹ ਵਿਸ਼ਵਾਸ਼ ਉਸ ਵੇਲੇ ਦਿਵਾਇਆ ਜਦੋਂ ਉਹ ਕਿਲਾ ਹਕੀਮਾਂ ਪਿੰਡ ਵਿਖੇ ਸਥਿਤ ਧਾਲੀਵਾਲ ਮੱਛੀ ਫਾਰਮ ਤੇ ਉਨ੍ਹਾਂ ਨੂੰ ਮਿਲੇ।ਮੁੱਖ ਮੰਤਰੀ ਨੇ ਮੱਛੀ ਪਾਲਕਾਂ ਨੂੰ ਦੱਸਿਆ ਕਿ ਸੂਬਾ ਸਰਕਾਰ ਨੇ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਤ ਕਰਨ ਲਈ ਅਨੇਕਾਂ ਸਕੀਮਾਂ ਆਰੰਭੀਆਂ ਹੋਈਆਂ ਹਨ। ਮੱਛੀ ਦੇ ਤਲਾਬ ਬਣਾਉਣ ਲਈ ਮੱਛੀ ਪਾਲਕਾਂ ਨੂੰ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਵਧੀਆ ਕਿਸਮ ਦੀ ਪੂੰਗ ਬਾਜਵ ਦਰਾਂ ਉਤੇ ਮੱਛੀ ਪਾਲਕਾਂ ਨੂੰ ਮੁੱਹਈਆ ਕਰਵਾਈ ਜਾ ਰਹੀ ਹੈ । ਮੱਛੀ ਪਾਲਕਾਂ ਦੇ ਸੰਗਠਨ ਵੱਲੋਂ ਮੱਛੀ ਫਾਰਮਾਂ ਲਈ ਵਪਾਰਕ ਦਰਾਂ ਉਤੇ ਬਿਜਲੀ ਮੁੱਹਈਆ ਕਰਵਾਉਣ ਦੇ ਮੁੱਦੇ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਮੱਛੀ ਫਾਰਮਾ ਲਈ ਬਿਜਲੀ ਦੀਆਂ ਦਰਾਂ ਖੇਤੀ ਦੀਆਂ ਦਰਾਂ ਦੇ ਬਰਾਬਰ ਕਰ ਦਿੱਤਿਆਂ ਹਨ। ਉਨ੍ਹਾਂ ਨੇ ਇਨ੍ਹਾਂ ਦੋਵਾਂ ਜਿਲ੍ਹਿਆਂ ਵਿੱਚ ਇਹ ਨਵੀਆਂ ਦਰਾਂ ਤੁਰੰਤ ਲਾਗੂ ਕਰਨ ਲਈ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਸੰਗਠਨ ਦੇ ਮੈਂਬਰਾਂ ਵੱਲੋਂ ਮੱਛੀ ਪਾਲਕਾਂ ਨੂੰ ਵਧੀਆ ਸਿਖਲਾਈ ਮੁਹਈਆ ਕਰਵਾਉਣ ਦੀ ਕੀਤੀ ਗਈ ਮੰਗ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਂਧਰਾ ਪ੍ਰਦੇਸ਼ ਅਤੇ ਭੂਵਨੇਸ਼ਵਰ ਵਿਖੇ ਅਤਿ ਆਧੁਨਿਕ ਤਕਨੀਕਾਂ ਦੀ ਸਿਖਲਾਈ ਮੁੱਹਈਆ ਕਰਵਾਉਣ ਦੀ ਪੇਸ਼ਕਸ਼ ਕੀਤੀ।ਇਸ ਮੌਕੇ ਮੁੱਖ ਮੰਤਰੀ ਦੇ ਨਾਲ ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ,ਵਿਧਾਇਕ ਸ. ਗੋਬਿੰਦ ਸਿੰਘ ਲੋਂਗੋਵਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ ਜੇ ਐਸ ਚੀਮਾ, ਸੁਪਿੰਦਰ ਸਿੰਘ ਧਾਲੀਵਾਲ ਹਾਜ਼ਰ ਸਨ।