ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵੱਲੋਂ ਗਠਿਤ ਕੀਤੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਜ਼ ਵੈਲਫੇਅਰ ਬੋਰਡ ਵੱਲੋਂ ਨਿਰਮਾਣ ਕਾਰਜਾਂ ਅਤੇ ਉਸਾਰੀ ਦੇ ਕੰਮਾਂ ਵਿੱਚ ਲੱਗੇ ਕਿਰਤੀਆਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਬਾਰੇ ਕਿਰਤੀਆਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਭਲਾਈ ਸਕੀਮਾਂ ਦਾ ਵੱਧ ਤੋ ਵੱਧ ਲਾਭ ਉਠਾ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ ਸ੍ਰੀ ਲਖਮੀਰ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਖੇ ਕਿਰਤੀਆਂ ਦੀ ਭਲਾਈ ਲਈ ਬਣੀ ਸਬ ਡਵੀਜ਼ਨਲ ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।ਲਖਮੀਰ ਸਿੰਘ ਨੇ ਦੱਸਿਆ ਕਿ ਕੋਈ ਵੀ ਰਾਜ ਮਿਸਤਰੀ/ ਇੱਟਾਂ / ਪਕੜਾਉਣ ਵਾਲੇ ਮਜਦੂਰ, ਪਲੰਬਰ, ਤਰਖਾਣ, ਵੈਲਡਰ, ਇਲੈਕਟ੍ਰੀਸ਼ਨ, ਸਿਵਰਮੈਨ, ਮਾਰਬਲ / ਟਾਈਲਾਂ ਲਗਾਉਣ ਵਾਲੇ, ਪੇਂਟਰ, ਪੀ.ਓ.ਪੀ. ਕਰਨ ਵਾਲੇ, ਸੜਕਾਂ ਬਣਾਉਣ ਵਾਲੇ, ਇਮਾਰਤਾਂ ਦੀ ਮੁਰੰਮਤ ਰੱਖ ਰਖਾਓ ਵਾਲੇ ਕਿਰਤੀ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਸਜ਼ ਵੈਲਫੇਅਰ ਬੋਰਡ ਦੇ ਲਾਭ ਪਾਤਰੀ ਬਣ ਸਕਦੇ ਹਨ। ਜਿਸ ਲਈ ਕਿਰਤੀਆਂ ਦੀ ਉਮਰ 18 ਤੋਂ 60 ਸਾਲ ਦਰਮਿਆਨ ਹੋਣੀ ਚਾਹੀਦੀ ਹੈ ਅਤੇ ਇੱਕ ਸਾਲ ਦੌਰਾਨ ਨਿਰਮਾਣ ਕਾਰਜਾਂ / ਉਸਾਰੀ ਕੰਮਾਂ ਵਿੱਚ ਘੱਟੋ ਘੱਟ 90 ਦਿਨ ਕੰਮ ਕੀਤਾ ਹੋਵੇ, ਮਗਨਰੇਗਾ ਵਰਕਰਜ਼ ਵੀ ਬੋਰਡ ਦੇ ਲਾਭ ਪਾਤਰੀ ਬਣ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਕਿਰਤੀ ਨੂੰ ਕੇਵਲ ਇੱਕ ਵਾਰ 25 ਰੁਪਏ ਰਜਿਸਟ੍ਰੇਸ਼ਨ ਫੀਸ ਅਦਾ ਕਰਨੀ ਪਵੇਗੀ ਅਤੇ ਆਪਣੀ ਮੈਂਬਰਸੀਪ ਨੂੰ ਚਾਲੂ ਰੱਖਣ ਲਈ 10 ਰੁਪਏ ਪ੍ਰਤੀ ਮਹੀਨਾ ਜਮ੍ਹਾਂ ਕਰਾਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਪੰਜੀਕ੍ਰਿਤ ਉਸਾਰੀ ਕਿਰਤੀ ਦੀ ਮੌਤ/ ਪੂਰਨ ਅਪੰਗਤਾ ਦੀ ਸੂਰਤ ਵਿੱਚ 2 ਲੱਖ ਰੁਪਏ ਐਕਸਗ੍ਰਰੇਸੀਆਂ ਗਰਾਂਟ ਦਿੱਤੀ ਜਾਂਦੀ ਹੈ। ਬੋਰਡ ਵੱਲੌਂ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਪਹਿਲੀ ਕਲਾਸ ਤੋਂ ਵਜੀਫਾ ਸਕੀਮ ਸ਼ੁਰੂ ਕੀਤੀ ਗਈ ਹੈ ਅਤੇ ਲੜਕੀਆਂ ਦੀ ਸਾਦੀ ਵੇਲੇ 21 ਹਜ਼ਾਰ ਰੁਪਏ ਦੀ ਰਾਸ਼ੀ ਸਗਨ ਸਕੀਮ ਤਹਿਤ ਦਿੱਤੀ ਜਾਂਦੀ ਹੈ।ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਸ੍ਰੀ ਜੇ.ਪੀ. ਸਿੰਘ ਨੇ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਭਲਾਈ ਸਕੀਮਾਂ ਪ੍ਰਤੀ ਕਿਰਤੀਆਂ ਨੂੰ ਜਾਗਰੂਕ ਕਰਨ ਲਈ ਹੇਠਲੇ ਪੱਧਰ ਤੇ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਛੁੱਟੀ ਦੌਰਾਨ ਯਾਤਰਾਂ ਲਈ ( ਐਲ.ਟੀ.ਸੀ) ਦੀ ਸਹੂਲਤ ਲਈ 2000 ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਉਸਾਰੀ ਕੰਮਾਂ ਵਿੱਚ ਲੱਗੇ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਆਸ਼ਰਿਤਾ ਵਾਸਤੇ ਖਤਰਨਾਕ ਬਿਮਾਰੀਆਂ ਦੇ ਇਲਾਜ ਲਈ 1 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 171 ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਲੇਬਰ ਇੰਸਪੈਕਟਰ ਸ੍ਰੀ ਜਗਪ੍ਰੀਤ ਸਿੰਘ ਸਮੇਤ ਕਮੇਟੀ ਦੇ ਹੋਰ ਮੈਂਬਰ ਵੀ ਮੌਜੂਦ ਸਨ।