ਦੇਸ਼ ਵਿੱਚ ਖੇਤੀ ਸੈਕਟਰ ਦੇ ਵਰਤਮਾਨ ਸੰਕਟ 'ਤੇ ਅੱਜ ਲੋਕ ਸਭਾ ਵਿੱਚ ਹੋਈ ਬਹਿਸ ਵਿੱਚ ਭਾਗ ਲੈਂਦਿਆਂ, ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਨੂੰ ਮੁੜ ਲਾਹੇਵਂੰਦਾ ਕਿੱਤਾ ਬਨਾਉਣ ਲਈ ਡਾ.ਐਮ.ਐਸ. ਸਵਾਮੀਨਾਥਨ ਦੀਆਂ ਸਿਫਾਰਸ਼ਾਂ ਅਨੁਸਾਰ ਪਰਿਵਾਰਕ ਉਜਰਤ ਅਤੇ ਜ਼ਮੀਨ ਦੇ ਠੇਕੇ ਸਮੇਤ ਕਿਸਾਨ ਦੀਆਂ ਸਾਰੀਆਂ ਲਾਗਤਾਂ ਉੱਤੇ ੫੦ ਫੀਸਦੀ ਮੁਨਾਫਾ ਯਕੀਨੀ ਬਣਾਇਆ ਜਾਵੇ। ਪ੍ਰੋ. ਚੰਦੂਮਾਜਰਾ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਨ ਵਿਚ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਨੂੰ ਇਹ ਮੁਨਾਫਾ ਖੇਤੀ ਜਿਨਸਾਂ ਦੇ ਭਾਅ ਡਾ. ਸਵਾਮੀਨਾਥਨ ਵਲੋਂ ਸੁਝਾਏ ਫਾਰਮੂਲੇ ਨਾਲ ਮਿੱਥ ਕੇ ਦੇ ਸਕਦੀ ਹੈ ਅਤੇ ਜਾਂ ਫਿਰ ਖੇਤੀ ਮਸ਼ੀਨਰੀ, ਖਾਦਾਂ, ਬੀਜਾਂ, ਕੀੜੇ ਮਾਰ ਦਵਾਈਆਂ, ਡੀਜ਼ਲ ਅਤੇ ਖੇਤੀ ਵਿਚ ਵਰਤੀਆਂ ਜਾਂਦੀਆਂ ਹੋਰ ਵਸਤਾਂ ਉੱਤੇ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਦਸਿਆ ਕਿ ਇਹਨਾਂ ਵਸਤਾਂ ਵਿਚੋਂ ਬਹਤੀਆਂ ਉੱਤੇ ੫੦੦ਫੀਸਦੀ ਤੋਂ ਵੀ ਵੱਧ ਮੁਨਾਫਾ ਕਮਾਇਆ ਜਾ ਰਿਹਾ ਹੈ। ਅਕਾਲੀ ਆਗੂ ਨੇ ਖੇਤੀ ਦਾ ਪ੍ਰਤੀ ਏਕੜ ਉਤਪਾਦਨ ਵਧਾਉਣ ਲਈ ਖੇਤੀ ਖੋਜ ਤੇ ਪਸਾਰ ਉੱਤੇ ਵਧੇਰੇ ਖਰਚ ਕਰਨ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਰੇਲਵੇ ਦੀ ਤਰਜ਼ ਉੱਤੇ ਖੇਤੀ ਲਈ ਵੀ ਵੱਖਰਾ ਬਜਟ ਪੇਸ਼ ਕੀਤਾ ਜਾਇਆ ਕਰੇ ਤਾਂ ਕਿ ਮੁਲਕ ਦੀ ਤਰੱਕੀ ਲਈ ਇਸ ਸਭ ਤੋਂ ਅਹਿਮ ਸੈਕਟਰ ਵੱਲ ਲੋੰੜੀਦੀ ਤਵੱਜੋ ਦਿੱਤੀ ਜਾ ਸਕੇ।
ਪ੍ਰੋ. ਚੰਦੂਮਾਜਰਾ ਨੇ ਖੇਤੀ ਸੰਕਟ ਲਈ ਨੁਕਸਾਦਾਰ ਸਰਕਾਰੀ ਨੀਤਆਂ ਨੂੰ ਜ਼ਿਮੇਂਵਾਰ ਠਹਿਰਾਉਂਦਿਆਂ ਕਿਹਾ ਕਿ ਹਰ ਵਰ੍ਹੇ ਕਾਰਪੋਰੇਟ ਸੈਕਟਰ ਨੂੰ ੬ ਲੱਖ ਕਰੋੜ ਰੁਪਏ ਦੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ ਜਦੋਂ ਕਿ ਇਹ ਸੈਕਟਰ ਸਿਰਪ ਮੁਲਕ ਦੀ ਕੁਲ ਆਬਾਦੀ ਦੇ ੨ ਫੀਸਦੀ ਹਿੱਸੇ ਨੂੰ ਰੋਜ਼ਗਾਰ ਮਹੁੱਈਆ ਕਰਦਾ ਹੈ। ਉਹਨਾਂ ਕਿਹਾ ਕਿ ਜੇ ਮੁਲਕ ਦੀ ਆਬਾਦੀ ਦੇ ੬੦ ਪ੍ਰਤੀਸਤ ਤੋਂ ਵੀ ਵੱਧ ਹਿੱਸੇ ਦੀ ਰੋਟੀ ਰੋਜ਼ੀ ਦਾ ਅਧਾਰ ਬਣੇ ਹੋਏ ਖੇਤੀ ਸੈਕਟਰ ਨੂੰ ਇਸ ਤੋਂ ਅੱਧੀ ਰਕਮ ਦੀਆਂ ਰਿਆਇਤਾਂ ਵੀ ਦੇ ਦਿੱਤੀਆਂ ਜਾਣ ਤਾਂ ਮੁਲਕ ਦੀ ਵਿਕਾਸ ਦਰ ੧੦ ਫੀਸਦੀ ਤੋਂ ਵੀ ਉਪਰ ਜਾ ਸਕਦੀ ਹੈ।ਅਕਾਲੀ ਆਗੂ ਨੇ ਇਹ ਵੀ ਮੰਗ ਕੀਤੀ ਕਿ ਕੁਦਰਤੀ ਆਫਤਾਂ ਨਾਲ ਹੋਏ ਮੁਕੰਮਲ ਨੁਕਸਾਨ ਲਈ ਕਿਸਾਨਾਂ ਨੂੰ ਇਸ ਵੇਲੇ ਦਿੱਤੀ ਜਾ ਰਹੀ 3600 ਰੁਪਏ ਪ੍ਰਤੀ ਏਕੜ ਦੀ ਥਾਂ ਘੱਟ ਤੋਂ ਘੱਟ 10,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੀਦਾ ਹੈ ਤਾਂ ਕਿ ਕਿਸਾਨ ਦਾ ਲਾਗਤ ਖਰਚਾ ਤਾਂ ਮੁੜ ਸਕੇ। ਉਹਨਾਂ ਇਹ ਵੀ ਮੰਗ ਕੀਤੀ ਕਿ ਮੁਲਕ ਵਿਚ ਫ਼ਸਲੀ ਬੀਮਾ ਸਕੀਮ ਵੀ ਤੁਰੰਤ ਸ਼ੁਰੂ ਕੀਤੀ ਜਾਵੇ। ਮੀਂਹ ਦੇ ਪਾਣੀ ਦੀ ਸੰਭਾਲ ਦਾ ਸੱਦਾ ਦਿੰਦਿਆਂ, ਪ੍ਰੋ. ਚੰਦੂਮਾਜਰਾ ਨੇ ਇਸ ਨਾਲ ਜਿੱਥੇ ਹੜਾਂ ਦੀ ਰੋਕਥਾਮ ਵਿਚ ਮਦਦ ਮਿਲੇਗੀ ਉਥੇ ਸਿੰਜਾਈ ਲਈ ਲੋਂੜੀਦਾ ਪਾਣੀ ਵੀ ਮਿਲਣਾ ਸ਼ੁਰੂ ਹੋ ਜਾਵੇਗਾ। ਪ੍ਰੋ. ਚੰਦੂਮਾਜਰਾ ਨੇ ਆਪਣੀ ਤਕਰੀਰ ਦੇ ਅਖੀਰ ਵਿਚ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਖੇਤੀ ਨੂੰ ਲਾਹੇਵੰਦਾ ਕਿੱਤਾ ਬਨਾਉਣ ਅਤੇ ਕਿਸਾਨਾਂ ਨੂੰ ਆਰਥਿਕ ਤੌਰ ਉੱਤੇ ਮਜ਼ਬੂਤ ਕਰਨ ਤੋਂ ਬਿਨਾਂ ਮੁਲਕ ਨਾ ਤਾਂ ਖੁਸ਼ਹਾਲ ਹੋ ਸਕਦਾ ਹੈ ਅਤੇ ਨਾ ਹੀ ਸ਼ਕਤੀਸ਼ਾਲੀ ਬਣ ਸਕਦਾ ਹੈ।