ਬੀਤੇ ਦਿਨੀ ਜ਼ੀਰਕਪੁਰ ਫਲਾਈ ਓਵਰ ਤੇ ਵਾਪਰੇ ਭਿਆਨਕ ਸੜਕੀ ਹਾਦਸੇ ਜਿਸ ਵਿਚ ਤਿੰਨ ਕੀਮਤੀ ਜਾਨਾਂ ਵੀ ਗਈਆਂ ਸਨ ਅਤੇ ਨੈਸ਼ਲਲ ਹਾਈ-ਵੇਅ ਵਾਪਰਨ ਵਾਲੇ ਸੜਕੀ ਹਾਦਸਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜਿਲਾ੍ਹ ਪੁਲਿਸ ਮੁੱਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਹੋਰ ਪੁਲਿਸ ਅਧਿਕਾਰੀਆਂ ਅਤੇ ਨੈਸ਼ਨਲ ਹਾਈ-ਵੇਅ ਅਥਾਰਟੀ ਦੇ ਪ੍ਰੋਜੈਕਟਰ ਡਾਇਰੈਕਟਰ ਸ੍ਰੀ ਓ.ਸੀ ਮਾਥਰ ਅਤੇ ਹੋਰਨਾਂ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ। ਜਿਸ ਵਿਚ ਜਿਲ੍ਹੇ ਚ ਪੈਂਦੀ ਨੈਸ਼ਨਲ ਹਾਈਵੇਅ ਅਤੇ ਜ਼ੀਰਕਪੁਰ ਵਿਖੇ ਫਲਾਈ ਓਵਰ ਤੇ ਸੜਕੀ ਹਾਦਸਿਆਂ ਨੂੰ ਠੱਲ ਪਾਉਣ ਲਈ ਪੁਖਤਾ ਪ੍ਰਬੰਧਾਂ ਨੂੰ ਅੰਜ਼ਾਮ ਦੇਣ ਦੀਆਂ ਹਦਾਇਤਾਂ ਦਿੱਤੀਆਂ ।ਸਿੱਧੂ ਨੇ ਇਸ ਮੌਕੇ ਪੁਲਿਸ ਦੇ ਅਧਿਕਾਰੀਆਂ ਨੂੰ ਆਖਿਆ ਕਿ ਸੜਕੀ ਹਾਦਸੇ ਜੋ ਕਿ ਅਕਸਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਾਰਣ ਵਾਪਰਦੇ ਹਨ ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ ਨੂੰ ਰੋਕਣ ਲਈ ਜਿਲ੍ਹੇ ਚ ਟਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਵੱਧ ਤੋਂ ਵੱਧ ਚਲਾਣ ਕੀਤੇ ਜਾਣ । ਇਸ ਤੋਂ ਇਲਾਵਾ ਜਿਲ੍ਹੇ ਚ ਸਕੂਲਾਂ ਕਾਲਜਾਂ ਅਤੇ ਹੋਰਨਾ ਵਿਦਿਅਕ ਸੰਸਥਾਵਾਂ ਵਿਚ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ ਮੁਹਿੰਮ ਵੀ ਵਿੰਢੀ ਜਾਵੇ ।
ਉਨਾਂਹ ਇਸ ਮੌਕੇ ਨੈਸ਼ਨਲ ਹਾਈ-ਵੇਅ ਅਥਾਰਟੀ ਦੇ ਅਧਿਕਾਰੀਆਂ ਨੂੰ ਜ਼ੀਰਕਪੁਰ ਫਲਾਈ ਓਵਰ ਸਮੇਤ ਨੈਸ਼ਨਲ ਹਾਵੇਅ ਤੇ ਸਪੀਡ ਲਿਮਟ ਦੇ ਸਾਇਨ ਬੋਰਡ ਲਗਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ। ਉਨਾਂਹ ਦੱਸਿਆ ਕਿ ਫਲਾਈ ਓਵਰ ਤੇ ਛੇ ਸੀਸੀਟੀਵੀ ਕੈਮਰੇ ਵੀ ਲਗਵਾਏ ਜਾਣਗੇ ਜਿਨ੍ਰਾਂ ਨੂੰ ਮੌਨੀਟਰੀਗਿੰ ਕਰਨ ਦੀ ਡਿਊਟੀ ਟਰੈਫਿਕ ਪੁਲਿਸ ਦੀ ਹੋਵੇਗੀ।ਸਿੱਧੂ ਨੇ ਹੋਰ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਟਰੈਫਿਕ ਪੁਲਿਸ ਨੂੰ ਦਸ ਨਵੇਂ ਐਲਕੋਮੀਟਰ ਵੀ ਖਰੀਦ ਕੇ ਦਿੱਤੇ ਜਾਣਗੇ ਤਾਂ ਜੋ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਜਿਲਾ੍ਹ ਪੁਲਿਸ ਮੁੱਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫਲਾਈ ਓਵਰ ਤੇ ਸੀ.ਸੀ.ਟੀ.ਵੀ ਕੈਮਰੇ ਲਗਣ ਨਾਲ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਤਿੱਖੀ ਨਜ਼ਰ ਰੱਖੀ ਜਾ ਸਕਦੀ ਹੈ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਉਨਾਂਹ ਹੋਰ ਦੱਸਿਆ ਕਿ ਸੀ.ਸੀ.ਟੀ.ਵੀ ਕੈਮਰਿਆਂ ਨੂੰ ਮੋਨੀਟੀਰ ਕਰਨ ਲਈ ਵਿਸ਼ੇਸ ਸੈੱਲ ਬਣਾਇਆ ਜਾਵੇਗਾ। ਉਨਾਂਹ ਇਸ ਮੌਕੇ ਐਸ.ਪੀ ਟਰੈਫਿਕ ਨੂੰ ਜਿਲ੍ਹੇ ਵਿਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਵੱਧ ਤੋਂ ਵੱਧ ਚਲਾਣ ਕਰਨ ਲਈ ਵੀ ਹਦਾਇਤਾ ਦਿੱਤੀਆਂ । ਮੀਟਿੰਗ ਵਿਚ ਡੇਰਾਬਸੀ ਵਿਖੇ ਬਣ ਰਹੇ ਫਲਾਈ ਓਵਰ ਕਾਰਣ ਆਵਾਜਾਈ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ , ਐਸ.ਪੀ ਟਰੈਫਿਕ ਸ੍ਰੀ ਸਵਿੰਦਰ ਸਿੰਘ ਬੈਂਸ , ਐਸ.ਪੀ ਸਿਟੀ ਸ੍ਰੀ ਅਸ਼ੀਸ ਕੁਮਾਰ, ਐਸ.ਪੀ (ਹੈ.ਕੁ) ਸ੍ਰੀ ਹਰਪਾਲ ਸਿੰਘ ਸੰਧੂ ਸਮੇਤ ਪੁਲਿਸ ਅਤੇ ਨੈਸ਼ਨਲ ਹਾਈ-ਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਵੀ ਮੌਜੂਦ ਸਨ।