ਤੰਬਾਕੂ ਦੀ ਵਰਤੋਂ ਵਿਰੁੱਧ ਲੰਮੇ ਸਮੇਂ ਤੋਂ ਜੱਦੋ-ਜਹਿਦ ਕਰ ਰਹੀ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵੱਲੋਂ 'ਕੋਟਪਾ' 'ਤੇ ਤਿਆਰ ਕੀਤੇ ਕੈਲੰਡਰ ਨੂੰ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੱਧੂ ਨੇ ਰਿਲੀਜ਼ ਕੀਤਾ। ਦੱਸਣਯੋਗ ਹੈ ਕਿ ਇਹ ਕੈਲੰਡਰ 'ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ-2003' (ਕੋਟਪਾ) 'ਤੇ ਅਧਾਰਿਤ ਹੈ ਤੇ ਕਾਨੂੰਨ ਦੀਆਂ ਸਾਰੀਆਂ ਧਾਰਾਵਾਂ ਨੂੰ ਕੈਲੰਡਰ ਦੇ ਪੰਨਿਆਂ 'ਤੇ ਸ਼ਾਮਲ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸ਼੍ਰੀ ਤੇਜਿੰਦਰਪਾਲ ਸਿੱਧੂ ਨੇ ਕਿਹਾ ਕਿ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦਾ ਇਹ ਸਰਾਹੁਣਯੋਗ ਉਪਰਾਲਾ ਹੈ ਤੇ ਕੈਲੰਡਰ ਹੁਣ ਸਾਰਾ ਸਾਲ 'ਕੋਟਪਾ' ਦੀਆਂ ਧਾਰਾਵਾਂ ਨੂੰ ਯਾਦ ਕਰਵਾਉਂਦਾ ਰਹੇਗਾ। ਉਹਨਾਂ ਕਿਹਾ ਕਿ ਐਕਟ ਨੂੰ ਸਧਾਰਨ ਭਾਸ਼ਾ ਵਿੱਚ ਪੇਸ਼ ਕਰਨਾ ਮੁਸ਼ਕਿਲ ਗੱਲ ਹੁੰਦੀ ਹੈ ਪਰ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਵਰਕਰਾਂ ਨੇ ਇਸ ਕੰਮ ਨੂੰ ਬੜੀ ਮਿਹਨਤ ਨਾਲ ਸਿਰੇ ਚਾੜ੍ਹਿਆ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ 'ਤੰਬਾਕੂ ਧੂੰਆਂ ਮੁਕਤ' ਕਰਨ ਤੋਂ ਬਾਅਦ ਹੁਣ ਜ਼ਿਲ੍ਹੇ ਨੂੰ 'ਤੰਬਾਕੂ ਮੁਕਤ' ਕਰਨ ਲਈ ਸੁਹਿਰਦਤਾ ਨਾਲ ਉਪਰਾਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਕੰਮ ਲਈ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉੱਧਰ ਐਸੋਸੀਏਸ਼ਨ ਦੀ ਪ੍ਰਧਾਨ ਅਮਤੇਸ਼ਵਰ ਕੌਰ ਨੇ ਕਿਹਾ ਕਿ ਇਹ ਕੈਲੰਡਰ ਨਹੀਂ ਇੱਕ ਜਿੰਮੇਵਾਰੀ ਹੈ। ਉਹਨਾਂ ਕਿਹਾ ਸਾਰੇ ਪੰਜਾਬ ਦੇ ਅਧਿਕਾਰੀਆਂ ਨੂੰ ਇਹ ਕੈਲੰਡਰ ਦਿੱਤਾ ਜਾ ਰਿਹਾ ਹੈ ਤਾਂ ਜੋ ਤੰਬਾਕੂ ਕੰਟਰੋਲ ਦਾ ਏਜੰਡਾ ਉਹਨਾਂ ਦੇ ਟੇਬਲ ਤੇ ਰਹੇ। ਉਹਨਾਂ ਕਿਹਾ ਕਿ ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ-2003 (ਕੋਟਪਾ) ਬਾਰੇ 12 ਪੇਜਾਂ ਦੇ ਇਸ ਕੈਲੰਡਰ 'ਤੇ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਨੂੰ ਵਿਸਥਾਰ ਨਾਲ ਸ਼ਾਮਲ ਕੀਤਾ ਗਿਆ ਹੈ ਤੇ ਨਾਲ ਹੀ ਉਲੰਘਣਾ ਕਰਨ ਤੇ ਜੁਰਮਾਨਾ ਵੀ ਬਿਆਨਿਆ ਗਿਆ ਹੈ। ਪੇਸ਼ੇ ਪੱਖੋਂ ਵਕੀਲ ਅਮਤੇਸ਼ਵਰ ਕੌਰ ਨੇ ਕਿਹਾ ਕਿ ਕੈਲੰਡਰ ਤੇ ਤੰਬਾਕੂ, ਸਿਗਰਟ, ਬੀੜੀ ਆਦਿ ਦੇ ਮਾਰੂ ਪ੍ਰਭਾਵਾਂ ਵੀ ਚਾਨਣਾ ਪਾਇਆ ਗਿਆ ਹੈ ਤਾਂ ਜੋ ਇਸ ਕੰਮ ਦੀ ਗਤੀ ਪੰਜਾਬ ਵਿੱਚ ਤੇਜ ਕੀਤੀ ਜਾ ਸਕੇ।