ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਆਟਾ ਦਾਲ ਸਕੀਮ ਦਾ ਲਾਭ ਲੈ ਰਹੇ ਨੀਲੇ ਕਾਰਡ ਧਾਰਕਾਂ ਅਤੇ ਬੀ.ਪੀ.ਐਲ ਪਰਿਵਾਰਾਂ ਦੀ ਮੁੜ ਤੋਂ ਪੜਤਾਲ ਕੀਤੀ ਜਾਵੇਗੀ। ਜਿਸ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪੁਨੀਤ ਗੋਇਲ ਓਵਰ ਆਲ ਇੰਚਾਰਜ ਬਣਾਇਆ ਗਿਆ ਹੈ ਅਤੇ ਇਹ ਪੜਤਾਲ 23 ਦਸੰਬਰ ਤੋਂ ਪਹਿਲਾ-ਪਹਿਲਾ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਆਟਾ ਦਾਲ ਸਕੀਮ ਦੇ ਲਾਭ ਪਾਤਰੀਆਂ ਦੀ ਮੁੜ ਪੜਤਾਲ ਕਰਨ ਲਈ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਸ੍ਰੀ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਕੋਲ ਲੋਕਾਂ ਦੀਆਂ ਆਮ ਸਿਕਾਇਤਾਂ ਪੁੱਜਦੀਆਂ ਸਨ ਕਿ ਕੁੱਝ ਪਰਿਵਾਰ ਆਟਾ ਦਾਲ ਸਕੀਮ ਦਾ ਨਜਾਇਜ਼ ਫਾਇਦਾ ਉਠਾ ਰਹੇ ਹਨ ਅਤੇ ਉਨ੍ਹਾਂ ਦੇ ਨੀਲੇ ਕਾਰਡ ਨਜਾਇਜ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ ਨੂੰ ਮੁੱਖ ਰੱਖਦਿਆਂ ਅਤੇ ਇਸ ਸਕੀਮ ਦਾ ਲਾਭ ਕੇਵਲ ਸਹੀਂ ਲਾਭ ਪਾਤਰੀਆਂ ਨੂੰ ਹੀ ਮਿਲਣ ਦੇ ਮੱਦੇਨਜ਼ਰ ਲਾਭ ਪਾਤਰੀਆਂ ਦੀ ਮੁੜ ਪੜਤਾਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਇਹ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਪੜਤਾਲ ਦਾ ਕੰਮ ਪੁਰੀ ਪਾਰਦਰਸ਼ਤਾਂ ਅਤੇ ਜਿੰਮੇਵਾਰਾਨਾ ਢੰਗ ਨਾਲ ਕੀਤਾ ਜਾਵੇ ਤਾਂ ਜੋ ਨਜਾਇਜ ਫਾਇਦਾ ਲੈ ਰਹੇ ਲਾਭ ਪਾਤਰੀਆਂ ਦੇ ਨਾਂ ਲਿਸਟ ਵਿਚੋਂ ਕੱਟੇ ਜਾ ਸਕਣ।
ਡਿਪਟੀ ਕਮਿਸ਼ਨਰ ਨੇ ਇਸ ਮੋਕੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਇਸ ਕੰਮ ਨੂੰ ਸਹੀਂ ਢੰਗ ਨਾਲ ਨੇਪਰੇ ਚੜਾਉਣ ਲਈ ਟੀਮ ਵਰਕ ਦੇ ਤੌਰ ਤੇ ਕੰਮ ਕਰਨ ਅਤੇ ਪਿੰਡ ਪੱਧਰ ਤੇ ਇਜਲਾਸ ਬੁਲਾ ਕੇ ਜਿਸ ਵਿੱਚ ਹਰ ਵਰਗ ਦੇ ਲੋਕ ਸ਼ਾਮਲ ਹੋਣ ਉਨ੍ਹਾਂ ਤੋਂ ਨਜਾਇਜ ਲਾਭ ਲੈ ਰਹੇ ਆਟਾ ਦਾਲ ਸਕੀਮ ਦੇ ਲਾਭ ਪਾਤਰੀਆਂ ਬਾਰੇ ਜਾਣਕਾਰੀ ਹਾਸ਼ਲ ਕੀਤੀ ਜਾਵੇ ਤਾਂ ਜੋ ਸਹੀਂ ਢੰਗ ਨਾਲ ਉਨ੍ਹਾਂ ਦੇ ਨਾਂ ਲਿਸਟ ਵਿਚੋਂ ਕੱਟੇ ਜਾ ਸਕਣ। ਇਸ ਸਬੰਧੀ ਪਿੰਡ ਜਾਂ ਸਹਿਰ ਵਿੱਚ ਮੁਹੱਲੇ ਪੱਧਰ ਤੇ ਵੀ ਨਜਾਇਜ ਲਾਭ ਲੈ ਰਹੇ ਆਟਾ ਦਾਲ ਦੇ ਲਾਭ ਪਾਤਰੀਆਂ ਬਾਰੇ ਜਾਣਕਾਰੀ ਹਾਸ਼ਲ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਮੁੜ ਪੜਤਾਲ ਮੌਕੇ ਆਟਾ ਦਾਲ ਸਕੀਮ ਲਈ ਨਵੇਂ ਲਾਭ ਪਾਤਰੀ ਬਣਾਉਣ ਦਾ ਕੰਮ ਨਹੀਂ ਕੀਤਾ ਜਾਵੇਗਾ ਅਤੇ ਹੁਣ ਕੇਵਲ ਆਟਾ ਦਾਲ ਸਕੀਮ ਦਾ ਲਾਭ ਲੈ ਰਹੇ ਲਾਭ ਪਾਤਰੀਆਂ ਦੀ ਜਾਂਚ ਪੜਤਾਲ ਹੀ ਕੀਤੀ ਜਾਣੀ ਹੈ ਨਵੇਂ ਕਾਰਡ ਬਾਅਦ ਵਿੱਚ ਬਣਾਏ ਜਾਣਗੇ।
ਉਨ੍ਹਾਂ ਇਸ ਮੌਕੇ ਸਮੂਹ ਐਸ.ਡੀ.ਐਮਜ਼ ਅਤੇ ਡੀ.ਐਫ.ਐਸ.ਸੀ ਨੂੰ ਸਬ ਡਵੀਜਨ ਪੱਧਰ ਤੇ ਹੋਣ ਵਾਲੇ ਮੁੜ ਪੜਤਾਲ ਦੇ ਕੰਮ ਨੂੰ ਆਪਣੀ ਨਿਗਰਾਨੀ ਹੇਠ ਕਰਾਉਣ ਦੀਆਂ ਹਦਾਇਤਾਂ ਵੀ ਦਿੱਤੀਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪੁਨੀਤ ਗੋਇਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ ਮੋਹਾਲੀ ਸ੍ਰੀ ਲਖਮੀਰ ਸਿੰਘ, ਐਸ.ਡੀ.ਐਮ ਡੇਰਾਬੱਸੀ ਸ੍ਰੀ ਸੰਜੀਵ ਕੁਮਾਰ, ਸਹਾਇਕ ਕਮਿਸ਼ਨਰ (ਜਨਰਲ) ਜਸਨਪ੍ਰੀਤ ਕੌਰ ਗਿੱਲ, ਤਹਿਸੀਲਦਾਰ ਖਰੜ ਸ੍ਰੀ ਪਰਦੀਪ ਸਿੰਘ ਬੈਂਸ, ਡੀ.ਐਫ.ਐਸ.ਸੀ ਸਰਬਜੀਤ ਸਿੰਘ , ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਗੁਰਵਿੰਦਰ ਸਿੰਘ ਸਰਾਓ ਸਮੂਹ ਬੀ.ਡੀ.ਪੀ.ਓ, ਸੀ.ਡੀ.ਪੀ.ਓਜ਼ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।