ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਭਗਵਾਨ ਵਾਲਮੀਕ ਜੀ ਨੂੰ ਸਾਰੀ ਸ੍ਰਿਸ਼ਟੀ ਦੇ ਭਗਵਾਨ ਕਹਿੰਦਿਆਂ ਸਾਰੀ ਮਨੁੱਖਤਾ ਨੂੰ ਉਨ੍ਹਾਂ ਵੱਲੋਂ ਦਰਸਾਏ ਹੋਏ ਰਸਤੇ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ ਹੈ। ਅੱਜ ਸਥਾਨਕ ਛਾਉਣੀ ਮੁਹੱਲਾ ਵਿਖੇ ਲਵ ਕੁਸ਼ ਵਿਜੇ ਦਿਵਸ ਸੰਬੰਧੀ ਭਾਰਤੀ ਵਾਲਮੀਕ ਧਰਮ ਸਮਾਜ (ਭਾਵਾਧਸ) ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਭਾਰਤੀ ਮਿਥਿਹਾਸ ਅਤੇ ਇਤਿਹਾਸ ਵਿੱਚ ਭਗਵਾਨ ਵਾਲਮੀਕ ਜੀ ਦਾ ਬਹੁਤ ਉੱਚਾ ਅਤੇ ਸੁੱਚਾ ਜੀਵਨ ਦ੍ਰਿਸ਼ਟਮਾਨ ਹੈ। ਉਨ੍ਹਾਂ ਦੇ ਜੀਵਨ ਤੋਂ ਅੱਜ ਵੀ ਸਾਰੀ ਮਨੁੱਖਤਾ ਸੇਧ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਕੌਮਾਂ ਆਪਣਾ ਇਤਿਹਾਸ ਅਤੇ ਸੱਭਿਆਚਾਰ ਭੁੱਲ ਜਾਂਦੀਆਂ ਹਨ, ਉਹ ਕੌਮਾਂ ਸਦਾ ਲਈ ਖ਼ਤਮ ਹੋ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਇਤਿਹਾਸ ਨੂੰ ਸੰਭਾਲਣ ਦੀ ਲੋੜ ਨੂੰ ਮਹਿਸੂਸ ਕਰਦਿਆਂ ਸਭ ਤੋਂ ਪਹਿਲਾਂ ਇਹ ਯਾਦਗਾਰਾਂ ਉਸਾਰਨ ਦਾ ਫੈਸਲਾ ਕੀਤਾ ਸੀ। ਇਸ ਫੈਸਲੇ ਨੂੰ ਅੰਜ਼ਾਮ ਤੱਕ ਲਿਜਾਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਇਨ੍ਹਾਂ ਯਾਦਗਾਰਾਂ ਦੀ ਅਸੀਮ ਮਹੱਤਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਕੌਮਾਂ ਹੀ ਜਿਉਂਦੀਆਂ ਰਹਿੰਦੀਆਂ ਹਨ, ਜੋ ਆਪਣੇ ਅਮੀਰ ਸੱਭਿਆਚਾਰ ਤੇ ਵਿਰਾਸਤ ਨੂੰ ਸੰਭਾਲ ਦੀਆਂ ਹਨ ਅਤੇ ਉਹ ਕੌਮਾਂ ਜਿਹੜੀਆਂ ਆਪਣੇ ਸ਼ਾਨਦਾਰ ਵਿਰਸੇ ਨੂੰ ਵਿਸਾਰ ਦਿੰਦੀਆਂ ਹਨ, ਉਹ ਕੌਮਾਂ ਲੁਪਤ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਇਸ ਵਿਚਾਰਧਾਰਾ ਨੂੰ ਅੱਗੇ ਤੋਰਦਿਆਂ ਪਹਿਲਾਂ ਹੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ਾਨਦਾਰ ਵਿਰਾਸਤ-ਏ-ਖਾਲਸਾ ਯਾਦਗਾਰ, ਕੁੱਪ ਰੋਹੀੜਾ ਵਿਖੇ ਵੱਡਾ ਘੱਲੂਘਾਰਾ ਯਾਦਗਾਰ, ਕਾਹਨੂੰਵਾਨ ਵਿਖੇ ਛੋਟਾ ਘੱਲੂਘਾਰਾ ਯਾਦਗਾਰ ਅਤੇ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਵਿਖੇ ਅਟਾਰੀ-ਅੰਮ੍ਰਿਤਸਰ ਰੋਡ 'ਤੇ ਦੇਸ਼ ਦੀ ਆਨ ਤੇ ਸ਼ਾਨ ਦੀ ਰਾਖੀ ਲਈ ਕੁਰਬਾਨੀਆਂ ਕਰਨ ਵਾਲੇ ਬਹਾਦਰ ਸੈਨਿਕਾਂ ਨੂੰ ਸਮਰਪਿਤ 'ਜੰਗੀ ਯਾਦਗਾਰ ਤੇ ਸਮਾਰਕ' ਦੀ ਉਸਾਰੀ ਕੀਤੀ ਜਾ ਰਹੀ ਹੈ।ਪਵਿੱਤਰ ਅਸਥਾਨ ਰਾਮ ਤੀਰਥ ਵਿਖੇ ਵਾਲਮੀਕ ਮੰਦਰ ਦੀ ਉਸਾਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 200 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਇਸ ਭਵਨ ਦਾ 40 ਫੀਸਦੀ ਕੰਮ ਮਕੰਮਲ ਹੋ ਚੁੱਕਾ ਹੈ ਅਤੇ ਜਲਦੀ ਹੀ ਇਸ ਨੂੰ ਕੌਮ ਅਤੇ ਮਨੁੱਖਤਾ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਪੰਜਾਬੀਆਂ ਦੀ ਸੂਰਬੀਰਤਾ, ਦਲੇਰੀ ਤੇ ਸਾਹਸ ਦੇ ਅਜੋੜ ਜਜ਼ਬੇ ਦੀ ਸ਼ਲਾਘਾ ਕਰਦਿਆਂ ਸ. ਬਾਦਲ ਨੇ ਆਖਿਆ ਕਿ ਪੰਜਾਬੀਆਂ ਨੂੰ ਕੁਰਬਾਨੀ ਦਾ ਜਜ਼ਬਾ ਸਾਡੇ ਮਹਾਨ ਗੁਰੂਆਂ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਵਿਰਸੇ ਵਿੱਚ ਮਿਲਿਆ ਹੈ ਜਿਨ੍ਹਾਂ ਨੇ ਮਾਸੂਮ ਅਤੇ ਮਦਦਹੀਣ ਲੋਕਾਂ ਦੇ ਮਾਨਵੀ ਅਧਿਕਾਰਾਂ ਦੀ ਰਾਖੀ ਲਈ ਬੇਇਨਸਾਫ਼ੀ, ਦਮਨ ਅਤੇ ਜ਼ੁਲਮ ਖਿਲਾਫ਼ ਲੜਾਈ ਲੜੀ। ਸ. ਬਾਦਲ ਨੇ ਕਿਹਾ ਕਿ ਵਿਸ਼ਵ ਭਰ ਦੇ ਦੇਸ਼ਾਂ ਨੇ ਆਪਣੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਦਰਸਾਉਂਦੀਆਂ ਯਾਦਗਾਰਾਂ ਸਥਾਪਿਤ ਕੀਤੀਆਂ ਹਨ ਪਰ ਸਾਡਾ ਦੇਸ਼ ਇਸ ਖੇਤਰ ਵਿਚ ਪਛੜ ਗਿਆ। ਸਮਾਗਮ ਦੌਰਾਨ ਸ੍ਰ. ਬਾਦਲ ਨੂੰ ਭਾਰਤੀ ਵਾਲਮੀਕੀ ਧਰਮ ਸਮਾਜ (ਭਾਵਾਧਸ) ਵੱਲੋਂ 'ਧਰਮ ਰਤਨ' ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਦਲਿਤ ਵਿਕਾਸ ਬੋਰਡ, ਪੰਜਾਬ ਦੇ ਚੇਅਰਮੈਨ ਅਤੇ ਭਾਵਾਧਸ ਦੇ ਰਾਸ਼ਟਰੀ ਨੇਤਾ ਸ੍ਰੀ ਵਿਜੇ ਦਾਨਵ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ੍ਰ. ਬਾਦਲ ਵੱਲੋਂ ਵਾਲਮੀਕ ਸਮਾਜ ਦੇ ਉਥਾਨ ਲਈ ਕੀਤੇ ਕਾਰਜਾਂ ਦੀ ਸ਼ਾਲਾਘਾ ਕੀਤੀ ਅਤੇ ਪੂਰੇ ਸਮਾਜ ਵੱਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸ੍ਰ. ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਨੇ ਰਾਮ ਤੀਰਥ ਵਿਖੇ ਵਾਲਮੀਕ ਮੰਦਰ ਦੀ ਉਸਾਰੀ ਕਰਕੇ ਇਸ ਸਥਾਨ ਅਤੇ ਸਮਾਜ ਦੀਆਂ ਸੇਵਾਵਾਂ ਨੂੰ ਮਾਨਤਾ ਦਿੱਤੀ ਹੈ, ਉਸ ਦਾ ਅਹਿਸਾਨ ਵਾਲਮੀਕ ਕੌਮ ਕਦੇ ਵੀ ਭੁੱਲ ਨਹੀਂ ਸਕੇਗੀ ਅਤੇ ਸਾਰੀ ਉਮਰ ਰਿਣੀ ਰਹੇਗੀ।
ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਚੌਧਰੀ ਯਸ਼ਪਾਲ, ਸ੍ਰੀ ਨਰੇਸ਼ ਧੀਂਗਾਨ, ਸ੍ਰੀ ਲਕਸ਼ਮਨ ਦ੍ਰਾਵਿੜ ਅਤੇ ਹੋਰ ਨੇਤਾਵਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ. ਚਰਨਜੀਤ ਸਿੰਘ ਅਟਵਾਲ, ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ, ਵਿਧਾਇਕ ਸ੍ਰ. ਰਣਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ. ਜੇ. ਐੱਸ. ਚੀਮਾ, ਸਾਬਕਾ ਮੰਤਰੀ ਸ੍ਰ. ਹੀਰਾ ਸਿੰਘ ਗਾਬੜੀਆ, ਪੰਜਾਬ ਯੋਜਨਾ ਬੋਰਡ ਦੇ ਉੱਪ ਚੇਅਰਮੈਨ ਸ੍ਰੀ ਰਾਜਿੰਦਰ ਭੰਡਾਰੀ, ਮੇਅਰ ਸ੍ਰ. ਹਰਚਰਨ ਸਿੰਘ ਗੋਹਲਵੜੀਆ, ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਪੁਲਿਸ ਕਮਿਸ਼ਨਰ ਸ੍ਰੀ ਪ੍ਰਮੋਦ ਬਾਨ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਅਗਰਵਾਲ, ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸ੍ਰੀ ਮਦਨ ਲਾਲ ਬੱਗਾ ਅਤੇ ਹੋਰ ਪ੍ਰਮੱਖ ਸਖ਼ਸ਼ੀਅਤਾਂ ਹਾਜ਼ਰ ਸਨ।