ਸਕੂਲ ਪ੍ਰਬੰਧਕਾਂ ਨੂੰ ਬੱਚਿਆਂ ਨੂੰ ਸੁਰੱਖਿਅਤ ਬੱਸ ਸੇਵਾ ਪ੍ਰਦਾਨ ਕਰਨ ਅਤੇ ਸੇਫ ਸਕੂਲ ਵਾਹਨ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਹੁਕਮਾਂ ਦੀ ਇੰਨਬਿੰਨ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਗੱਲ ਦੀ ਜਾਣਕਾਰੀ ਐਸ.ਡੀ.ਐਮ ਲਖਮੀਰ ਸਿੰਘ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰ: ਮੇਵਾ ਸਿੰਘ ਸਿੱਧੂ ਅਤੇ ਮੋਟਰ ਵਹੀਕਲ ਇੰਸਪੈਕਟਰ ਸ੍ਰੀ ਰਾਕੇਸ ਗੁਪਤਾ ਨੂੰ ਨਾਲ ਲੈ ਕੇ ਸਕੂਲੀ ਬੱਸਾਂ ਦੀ ਕੀਤੀ ਚੈਕਿੰਗ ਕਰਨ ਉਪਰੰਤ ਦਿੱਤੀ। ਉਨ੍ਹਾਂ ਇਸ ਮੌਕੇ ਦੱਸਿਆ ਕਿ ਜਿਹੜੇ ਸਕੂਲ ਪ੍ਰਬੰਧਕ ਹੁਕਮਾਂ ਦੀ ਪਾਲਣਾ ਨਹੀਂ ਕਰਨਗੇ ਉਨ੍ਹਾਂ ਬੱਸਾਂ ਦੇ ਚਲਾਨ ਕੀਤੇ ਜਾਣਗੇ ਅਤੇ ਪ੍ਰਬੰਧਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਐਸ.ਡੀ.ਐਮ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਐਮ.ਵੀ.ਆਈ ਨਾਲ ਸ਼ਾਸਤਰੀ ਮਾਡਲ ਸਕੂਲ, ਲਾਰੇਂਸ ਪਬਲਿਕ ਸਕੂਲ, ਵਾਈ.ਪੀ.ਐਸ ਸਕੂਲ, ਡੀ.ਏ.ਵੀ ਪਬਲਿਕ ਸਕੂਲ ਅਤੇ ਮਾਨਵ ਮੰਗਲ ਸਕੂਲ ਫੇਜ਼-10 ਦੀਆਂ ਬੱਸਾਂ ਦੀ ਚੈਕਿੰਗ ਕੀਤੀ ਅਤੇ ਪ੍ਰਬੰਧਕਾਂ ਨੂੰ ਬੱਸਾਂ ਵਿੱਚਲੀਆਂ ਖਾਮੀਆਂ ਨੂੰ ਦੂਰ ਕਰਨ ਦੀਆਂ ਹਦਾਇਤਾਂ ਵੀ ਦਿੱਤੀਆ।
ਐਸ.ਡੀ.ਐਮ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਾਰੇ ਸਕੂਲ ਪ੍ਰਬੰਧਕਾਂ ਕੋਨੋ ਮਾਣਯੋਗ ਹਾਈਕੋਰਟ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਨਵੇਂ ਸਿਰੇ ਤੋਂ ਹਲਫੀਆ ਬਿਆਨ ਲੈਣ ਅਤੇ ਵੱਖਰੇ ਤੋਰ ਤੇ ਇੱਕ ਸਰਟੀਫਿਕੇਟ ਵੀ ਹਾਸਲ ਕੀਤਾ ਜਾਵੇ ਤਾਂ ਜੋ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਨਵੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਸੇਫ ਸਕੂਲ ਵਾਹਨ ਸਕੀਮ ਅਧੀਨ ਬੱਸਾਂ ਦੀ ਜਾਂਚ ਪੜਤਾਲ ਕੀਤੀ ਗਈ ਅਤੇ ਸਕੂਲ ਪ੍ਰਬੰਧਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਬੱਚਿਆਂ ਨੂੰ ਉਪਲਬੱਧ ਕਰਵਾਈ ਜਾ ਰਹੀ ਬੱਸ ਸੇਵਾ ਵਿੱਚ ਕਿਸੇ ਕਿਸਮ ਦੀ ਕੁਤਾਹੀ ਨਾ ਵਰਤਣ। ਉਨ੍ਹਾਂ ਦੱਸਿਆ ਕਿ ਸਕੂਲਾਂ ਦੇ ਪ੍ਰਬੰਧਕਾਂ ਅਤੇ ਸਕੂਲ ਬੱਸ ਚਾਲਕਾਂ ਦੀ ਜਾਗਰੂਕਤਾ ਲਈ ਸਕੂਲ ਪੱਧਰ ਤੇ ਸਿਖਲਾਈ ਕੈਂਪ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਸੇਫ ਸਕੂਲ ਵਾਹਨ ਸਕੀਮ ਤਹਿਤ ਹਰੇਕ ਸਕੂਲੀ ਬੱਸ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ ਅਤੇ ਸਕੂਲ ਬੱਸ ਦੇ ਅੱਗੇ ਅਤੇ ਪਿੱਛੇ ਸਕੂਲ ਬੱਸ ਲਿਖਿੱਆ ਹੋਣਾ ਜਰੂਰੀ ਹੈ ਜੇਕਰ ਬੱਸ ਕਿਰਾਏ ਤੇ ਹੋਵੇ ਤਾਂ ਉਸ ਤੇ ਆਨ ਸਕੂਲ ਡਿਊਟੀ ਲਿੱਖਿਆ ਹੋਣਾ ਚਾਹੀਦਾ ਹੈ ਅਤੇ ਬੱਸ ਵਿੱਚ ਫਾਸਟਏਡ ਬਾਕਸ ਅਤੇ ਬੱਸ ਤੇ ਸਕੂਲ ਦਾ ਨਾਂ ਅਤੇ ਟੈਲੀਫੋਨ ਨੰਬਰ ਲਿਖਿਆ ਹੋਣਾ ਜਰੂਰੀ ਹੈ। ਬੱਸ ਡਰਾਈਵਰ ਨੂੰ ਘੱਟੋ ਘੱਟ 5 ਸਾਲ ਦਾ ਤਜਰਬਾ ਅਤੇ ਉਸ ਕੋਲ ਹੈਵੀ ਲਾਇਸੈਂਸ ਹੋਣਾ ਚਾਹੀਦਾ ਹੈ । ਬੱਸ ਦੇ ਕੰਡੈਕਟਰ ਅਤੇ ਡਰਾਈਵਰ ਨੂੰ ਵਰਦੀ ਪਹਿਨਣਾ ਜਰੂਰੀ ਹੈ ਅਤੇ ਸਮੇਂ-ਸਮੇਂ ਤੇ ਡਰਾਈਵਰ ਦਾ ਮੈਡੀਕਲ ਚੈਕਅੱਪ ਕਰਾਉਣਾ ਜਰੂਰੀ ਹੈ ਜੇਕਰ ਬੱਸ ਕੇਵਲ ਲੜਕੀਆਂ ਲਈ ਵਰਤੀ ਜਾਂਦੀ ਹੈ ਤਾਂ ਉਸ ਨਾਲ ਲੇਡੀ ਅਟੈਂਡੈਂਟ ਹੋਣੀ ਜਰੂਰੀ ਹੈ।