Sunday, 05 May 2024

 

 

ਖ਼ਾਸ ਖਬਰਾਂ ਗੰਦੇ ਨਾਲਿਆਂ ਨੂੰ ਬੰਦ ਕਰਨਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ ਅਨਾਜ ਮੰਡੀਆਂ ਵਿੱਚੋਂ ਬੀਤੀ ਸ਼ਾਮ ਤੱਕ 99.58 ਫੀਸਦੀ ਕਣਕ ਦੀ ਖਰੀਦ: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਮੀਤ ਹੇਅਰ ਵੱਲੋਂ ਸੰਗਰੂਰ ਹਲਕੇ ਦੇ ਪਿੰਡਾਂ ਵਿੱਚ ਕੀਤੇ ਰੋਡ ਸ਼ੋਅ ਤੇ ਰੈਲੀਆਂ ਚ ਜੁਟੀ ਭਾਰੀ ਭੀੜ ਲੁਧਿਆਣਾ ਦੇ ਡੇਹਲੋਂ ਵਿੱਚ ਕਾਂਗਰਸ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ ਬੋਰਡ ਪ੍ਰੀਖਿਆ ਵਿੱਚੋਂ ਅੱਵਲ ਰਹੇ ਸਰਕਾਰੀ ਹਾਈ ਸਕੂਲ ਬਦਰਾ ਦੇ ਵਿਦਿਆਰਥੀਆਂ ਦਾ ਸਨਮਾਨ ਕੌਮੀ ਪਾਰਟੀਆਂ ਕਿਸਾਨਾਂ ’ਤੇ ਕਹਿਰ ਢਾਹ ਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ: ਐਨ ਕੇ ਸ਼ਰਮਾ ਵਾਹਗਾ ਬਾਰਡਰ ਜਲਦੀ ਹੀ ਵਪਾਰ ਲਈ ਖੋਲ੍ਹਿਆ ਜਾਵੇਗਾ - ਗੁਰਜੀਤ ਔਜਲਾ ਪੰਜਾਬ ਵਿੱਚ ਕਾਂਗਰਸ ਦੇ ਮੁਕਾਬਲੇ ਹੋਰ ਕੋਈ ਪਾਰਟੀ ਮਜ਼ਬੂਤ ਨਹੀਂ : ਅਮਰਿੰਦਰ ਸਿੰਘ ਰਾਜਾ ਵੜਿੰਗ ਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਮਜਬੂਤ ਜਥੇਬੰਦਕ ਤਾਕਤ: ਮਨਜੀਤ ਧਨੇਰ ਪ੍ਰਧਾਨ ਮੰਤਰੀ ਦੇ ਨਫ਼ਰਤੀ ਭਾਸ਼ਨਾਂ ਦੇ ਵਿਰੋਧ 'ਚ ਜਨਤਕ ਜਮਹੂਰੀ ਜਥੇਬੰਦੀਆਂ ਨੇ ਨਰਿੰਦਰ ਮੋਦੀ ਦੀ ਅਰਥੀ ਫੂਕੀ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਈ.ਵੀ.ਐਮ/ਵੀ.ਵੀ. ਪੈਟ ਦੀ ਵੱਖ-ਵੱਖ ਪ੍ਰਕਿਰਿਆ ਦਾ ਜਾਇਜ਼ਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਐਸ.ਐਸ.ਪੀ. ਵੱਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮ ਦੀ ਚੈਕਿੰਗ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਲ ਬਾਲ ਮੁਕੰਮ ਸ਼ਰਮਾ ਵੱਲੋਂ ਮੋਗਾ ਦਾ ਦੌਰਾ ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਅਗੇਤੀ ਰਣਨੀਤੀ ਬਣਾਉਣ ਲਈ ਬੈਠਕ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ 8ਵੀਂ ਤੇ 12ਵੀਂ ਜਮਾਤ ਮੈਰਿਟ ਵਿਚ ਆਏ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ‘ਤੇ ਕੀਤਾ ਸਨਮਾਨਿਤ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਜਾਰੀ ਐਲਪੀਯੂ ਵੱਲੋਂ ਏਰੋਸਪੇਸ ਇੰਜਨੀਅਰਿੰਗ 'ਚ ਐਡਵਾਂਸਮੈਂਟਸ 'ਤੇ ਦੋ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਨਾਮਜਦਗੀ ਪੱਤਰ ਦਾਖਲ ਕਰਨ ਦੀ ਦਿੱਤੀ ਸਿਖਲਾਈ

 

ਜਿੰਦ ਪਾਣੀ ਵਾਂਗੂ ਵਗੇ - ਕਾਹਲੀ ਕਾਹਲੀ ਕਲ ਕਲ, ਵਹਿ ਗਿਆ ਜੋ ਅੱਜ ਪਾਣੀ - ਉਹ ਮੁੜਨਾ ਨੀ ਕੱਲ੍ਹ।

Web Admin

Web Admin

5 ਦਰਿਆ ਨਿਊਜ਼ (ਅਜੇ ਪਾਹਵਾ )

04 Oct 2014

ਪ੍ਰੋ. ਕੰਵਲਜੀਤ ਸਿੰਘ ਢੁੱਡੀਕੇ ਹੁਰਾਂ ਦੀ ਬੇਵਕਤੀ ਮੌਤ ਨੇ ਹਰ ਇੱਕ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਕਦੇ ਕਿਆਸਰਾਈ ਵੀ ਨਹੀਂ ਲਾਈ ਸੀ ਕਿ ਉਹ ਸਾਡੇ ਵਿਚੋਂ ਇੰਨੀ ਜਲਦੀ ਚਲੇ ਜਾਣਗੇ। 28 ਸਤੰਬਰ ਦੀ ਉਹ ਮਨਹੂਸ ਦੁਪਹਿਰ ਦੀ ਘੜੀ ਜਦੋਂ ਪੂਰੀ ਦੁਨੀਆ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਜਸ਼ਨ ਮਨਾ ਰਹੀ ਸੀ ਤਾਂ ਮੌਤ ਇਸ ਹੋਣਹਾਰ ਹੀਰੇ ਕੰਵਲਜੀਤ ਨਾਲ ਆਪਣਾ ਜਸ਼ਨ ਮਨਾ ਰਹੀ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਪਿੰਡ ਢੁੱਡੀਕੇ ਤੋਂ ਦਾਦਾ ਜੀ ਡਾਕਟਰ ਸਵ. ਜੀਵਾ ਸਿੰਘ ਅਤੇ ਪਿਤਾ ਸ. ਕ੍ਰਿਪਾਲ ਸਿੰਘ ਤੇ ਮਾਤਾ ਅਮਰ ਕੌਰ ਦੀ ਕੁਖੋਂ ਜਨਮ ਲੈ ਕੇ ਸ਼ੁਰੂ ਕੀਤਾ। ਉਨ੍ਹਾਂ ਦਾ ਜਨਮ 5 ਜੂਨ 1964 ਨੂੰ ਹੋਇਆ। ਉਨ੍ਹਾਂ ਨੇ ਲੁਧਿਆਣੇ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਵਿਭਾਗ ਵਿਚ ਪ੍ਰੋਫੈਸਰ ਅਤੇ ਜਲੰਧਰ ਦੂਰਦਰਸ਼ਨ ਦੀ ਸਕਰੀਨ ਤੋਂ 1989 ਤੋਂ 09 ਸਤੰਬਰ 2014 ਤੱਕ ਕਨੇਡਾ, ਅਮਰੀਕਾ, ਨਿਊਜ਼ੀਲੈਂਡ, ਸ਼ਿਕਾਗੋ, ਕੈਲੇਫੋਰਨੀਆ ਅਤੇ ਵਿਨੀਪੈਗ ਦੇ ਰੇਡੀਓ ਸਟੇਸ਼ਨਾਂ ਲਈ ਪੰਜਾਬੀ ਜ਼ੁਬਾਨ ਵਿਚ ਖ਼ਬਰਾਂ ਅਤੇ ਰਿਪੋਰਟਾਂ ਦੇ ਕੇ ਸਮਾਜ ਦੀ ਸੇਵਾ ਨਿਭਾਈ। ਇੰਜੀਨੀਅਰ ਹੁੰਦਿਆਂ ਹੋਇਆਂ ਵੀ ਉਨ੍ਹਾਂ ਕਲਾ ਤੇ ਸਾਹਿਤ ਦੇ ਖੇਤਰ ਵਿਚ ਮੱਲਾਂ ਮਾਰੀਆਂ। ਪ੍ਰੋ. ਕੰਵਲਜੀਤ ਸਿੰਘ ਢੁੱਡੀਕੇ ਦਾ ਨਾਮ ਕਿਸੇ ਪਛਾਣ ਦਾ ਮੁਥਾਜ ਨਹੀਂ ਸੀ। ਉਨ੍ਹਾਂ ਨੂੰ ਦੇਸਾਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਦੂਰਦਰਸ਼ਨ 'ਤੇ ਖ਼ਬਰ ਪੜ੍ਹਨ ਵਾਲੇ ਨਿਊਜ਼ ਰੀਡਰ ਵਜੋਂ ਜਾਣਦੇ ਸਨ। ਉਨ੍ਹਾਂ ਦਾ ਖ਼ਬਰਾਂ ਪੜ੍ਹਨ ਦਾ ਅੰਦਾਜ਼ ਬਹੁਤ ਹੀ ਵਿਲੱਖਣ ਸੀ, ਕੁਦਰਤ ਦੇ ਦ੍ਰਿਸ਼ਾਂ ਨੂੰ ਵਿਲੱਖਣ ਤਰੀਕੇ ਨਾਲ ਆਪਣੇ ਕੈਦ ਵਿਚ ਕਰਨ ਵਾਲੇ ਉਹ ਫੋਟੋਗ੍ਰਾਫੀ ਦੇ ਮਾਲਕ ਸਨ। ਜਿਸ ਸਦਕੇ ਉਨ੍ਹਾਂ ਨੂੰ ਅੰਤਰ ਰਾਸ਼ਟਰੀ ਫੋਟੋਗ੍ਰਾਫੀ ਕੌਂਸਲ ਵਲੋਂ ਵੱਕਾਰੀ ਐਸੋਸੀਏਟਸ਼ਿਪ ਐਵਾਰਡ ਹਾਸਲ ਕਰਨ ਵਾਲੇ ਉਹ ਪਹਿਲੇ ਸਿੱਖ ਅਤੇ ਪੰਜਾਬੀ ਬਣੇ।

ਉਨ੍ਹਾਂ ਦੀਆਂ ਫੋਟੋ ਕਲਾਕ੍ਰਿਤਾਂ ਹਮੇਸ਼ਾ ਹੀ ਨਵੇਕਲੀ ਕਿਸਮ ਦੀਆਂ ਸਨ ਅਤੇ ਉਨ੍ਹਾਂ ਵਿਚ ਕੁਦਰਤ ਨੂੰ ਬਹੁਤ ਬਰੀਕੀ ਦੀ ਅੱਖ ਨਾਲ ਦੇਖ ਕੇ ਇਸ ਕਦਰ ਪੇਸ਼ ਕੀਤਾ ਗਿਆ ਕਿ ਦੇਖਣ ਵਾਲਾ ਦੰਗ ਰਹਿ ਜਾਂਦਾ। ਉਨ੍ਹਾਂ ਦੀਆਂ 300 ਤੋਂ ਵੱਧ ਤਸਵੀਰਾਂ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਸਨਮਾਨ ਪ੍ਰਾਪਤ ਕਰ ਚੁੱਕੀਆਂ ਸਨ।ਉਨ੍ਹਾਂ ਨੇ ਆਪਣੀ ਪਹਿਲੀ ਪ੍ਰਦਰਸ਼ਨੀ 1997 ਵਿਚ 'ਫਰੋਜ਼ਨ ਫਰੇਮਸ' ਦੇ ਨਾਮ ਹੇਠ ਲੁਧਿਆਣੇ, ਚੰਡੀਗੜ੍ਹ ਅਤੇ ਹੋਰ ਥਾਂਵਾਂ 'ਤੇ ਲਗਾਈ ਤਾਂ ਇਸ ਨੂੰ ਭਰਪੂਰ ਹੁੰਗਾਰਾ ਮਿਲਿਆ। ਇਸ ਤੋਂ ਬਾਅਦ 'ਨੱਚਣ ਕੁੱਦਣ ਮਨ ਕਾ ਚਾਓ' ਨਾਮ ਹੇਠ ਉਨ੍ਹਾਂ ਨੇ ਪੰਜਾਬ ਦੀਆਂ ਪੇਂਡੂ ਖੇਡਾਂ ਦੇ ਕਲਾਤਮਕ ਪਲਾਂ ਦੀਆਂ ਪ੍ਰਦਰਸ਼ਨੀਆਂ ਕਈ ਥਾਂਵਾਂ 'ਤੇ ਲਗਾਈਆਂ ਅਤੇ ਪੰਜਾਬ ਦੇ ਖੇਡ ਮੇਲਿਆਂ ਦੀਆਂ ਇਹ ਤਸਵੀਰਾਂ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਲੈ ਕੇ ਸਰਕਟ ਹਾਊਸ ਤੱਕ ਦਾ ਸ਼ਿੰਗਾਰ ਬਣੀਆਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 2008 ਵਿਚ ਉਨ੍ਹਾਂ ਦੀ ਕਲਾਤਮਕ ਖੇਡ ਤਸਵੀਰਾਂ ਦੀ ਨੁਮਾਇਸ਼ ਆਪਣੇ ਅਜਾਇਬ ਘਰ ਵਿਚ ਲਗਵਾਈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਦਾ ਉਦਘਾਟਨ ਕੀਤਾ। ਰਾਜ ਬੱਬਰ ਅਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਜਿਵੇਂ ਰੁਕ ਹੀ ਗਏ। ਪੰਜਾਬੀ ਕਵਿਤਾ ਅਤੇ ਫੋਟੋਗ੍ਰਾਫੀ ਦੇ ਸੁਮੇਲ ਨਾਲ ਪ੍ਰੋ. ਕੰਵਲਜੀਤ ਨੇ ਜਦੋਂ ਆਪਣਾ ਸਲਾਈਡ ਸ਼ੋਅ 'ਜ਼ਿੰਦਗੀ ਦੀਆਂ ਰੁੱਤਾਂ' 1989 ਵਿਚ ਪੰਜਾਬੀ ਭਵਨ ਵਿਚ ਪੇਸ਼ ਕੀਤਾ ਤਾਂ ਸੁਰਜੀਤ ਪਾਤਰ ਅਤੇ ਹੋਰਨਾਂ ਉੱਘੇ ਸਾਹਿਤਕਾਰਾਂ ਨੇ ਇਸ ਨੂੰ ਪੰਜਾਬੀ ਕਵਿਤਾ ਤੇ ਕਲਾ ਲਈ ਪਹਿਲਾ ਨਵਾਂ ਤਜਰਬਾ ਦੱਸਿਆ। ਉਨ੍ਹਾਂ ਨੇ ਇਸੇ ਤਰ੍ਹਾਂ ਦੇ ਆਪਣੇ ਸਲਾਈਡ ਸ਼ੋਅ ਦੇਸ਼ ਵਿਦੇਸ਼ ਵਿਚ ਪੰਜਾਬੀਆਂ ਦੀ ਨਜ਼ਰੀਂ ਕੀਤੇ। 'ਚਲੋ ਚਾਨਣ ਦੀ ਗੱਲ ਕਰੀਏ' 1998 ਵਿਚ, 'ਸੂਰਜਮੁਖੀ ਫਿਰ ਖਿੜ ਪਏ ਨੇ' 1999 ਦੀ ਵਿਸਾਖੀ ਮੌਕੇ ਅਤੇ ਪਿਛੇ ਜਿਹੇ ਵਾਤਾਵਰਣ ਦੇ ਨਿਘਾਰ ਬਾਰੇ ਉਨ੍ਹਾਂ 'ਬੁੱਢਾ ਬਿਰਖ ਤੈਨੂੰ ਅਰਜ਼ ਕਰਦਾ ਹੈ' ਲੁਧਿਆਣੇ ਅਤੇ ਬਠਿੰਡੇ ਵਿਚ ਪੇਸ਼ ਕੀਤਾ ਤਾਂ ਇਸ ਨੂੰ ਹਰ ਇਕ ਨੇ ਸਲਾਹਿਆ।

ਇਸੇ ਤਰ੍ਹਾਂ ਵੈਨਕੂਵਰ, ਸਰੀ, ਟੋਰਾਂਟੋ ਦੇ ਨਾਲ ਨਾਲ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਈ ਫੋਟੋ ਨੁਮਾਇਸ਼ਾਂ ਕੀਤੀਆਂ ਅਤੇ ਉਸ ਦੀਆਂ ਫੋਟੋ ਕਲਾਕ੍ਰਿਤਾਂ ਪੰਜਾਬ ਸਰਕਾਰ ਦੇ ਕਈ ਅਦਾਰਿਆਂ ਦੇ ਨਾਲ ਨਾਲ ਦੁਨੀਆ ਭਰ ਵਿੱਚ ਕਈ ਗੈਲਰੀਆਂ ਦੀ ਸ਼ੋਭਾ ਵਧਾ ਰਹੀਆਂ ਹਨ। ਕਨੇਡਾ ਵਿੱਚ 'ਮੇਰੀ ਧਰਤੀ ਮੇਰੇ ਲੋਕ' ਨਾਮ ਦੀਆਂ ਨੁਮਾਇਸ਼ਾਂ ਤੋਂ ਬਾਅਦ ਇਸੇ ਕਾਲਮ ਹੇਠ ਉਸ ਦੀਆਂ ਤਸਵੀਰਾਂ ਦੁਨੀਆ ਭਰ ਵਿੱਚ ਪੰਜਾਬੀ ਦੇ ਰਸਾਲਿਆਂ ਅਤੇ ਅਖਬਾਰਾਂ ਦਾ ਸ਼ਿੰਗਾਰ ਵੀ ਬਣੀਆਂ ਅਤੇ ਪ੍ਰਮੁੱਖ ਪੰਜਾਬੀਆਂ ਦੇ ਘਰਾਂ ਦਾ ਸ਼ਿੰਗਾਰ ਵੀ ਬਣੀਆਂ ਹੋਈਆਂ ਹਨ। ਦਰਬਾਰ ਸਾਹਿਬ ਅਤੇ ਕੁਦਰਤ ਦੀਆਂ ਤਸਵੀਰਾਂ ਬਾਰੇ ਉਸ ਦੇ ਕੈਲੰਡਰ ਵੀ ਛਪੇ। ਦੂਰਦਰਸ਼ਨ ਦੇ ਡਾਇਰੈਕਟਰ ਡਾ. ਦਲਜੀਤ ਸਿੰਘ ਨੇ ਪਿਛੇ ਜਿਹੇ ਜਲੰਧਰ ਦੀ ਆਰਟ ਪੰਜਾਬ ਗੈਲਰੀ ਵਿਚ ਲੱਗੀ ਉਨ੍ਹਾਂ ਦੀ ਨੇਚਰ ਸਕੇਪਸ ਨਾਮ ਦੀ ਪ੍ਰਦਰਸ਼ਨੀ ਨੂੰ ਦੇਖ ਕੇ ਕਿਹਾ ਸੀ ਕਿ ਉਨ੍ਹਾਂ ਨੇ ਇੰਨੀ ਅਲੌਕਿਕ ਕੈਮਰਾ ਕਲਾ ਪਹਿਲਾਂ ਕਦੇ ਨਹੀਂ ਦੇਖੀ ਅਤੇ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਦੂਰਦਰਸ਼ਨ ਦੇ ਨਿਊਜ਼ ਰੀਡਰ ਵੱਜੋਂ ਜਾਣਿਆ ਜਾਂਦਾ ਕੰਵਲਜੀਤ ਫੋਟੋਗ੍ਰਾਫੀ ਦੇ ਖੇਤਰ ਵਿਚ ਵੀ ਇਸ ਕਦਰ ਸਰਗਰਮ ਹੈ।

ਫੁੱਲਾਂ, ਬੂਟਿਆਂ ਅਤੇ ਪੱਤਿਆਂ ਦੇ ਕਲੋਜ਼ਅੱਪ ਇਸ ਤਰ੍ਹਾਂ ਖਿੱਚੇ ਗਏ ਹਨ ਕਿ ਇੰਜ ਲਗਦਾ ਹੈ ਜਿਵੇਂ ਕੁਦਰਤ ਦੇ ਸਿਰਜਣਹਾਰ ਨੇ ਖ਼ੁਦ ਬੁਰਸ਼ ਨਾਲ ਇਨ੍ਹਾਂ ਨੂੰ ਵਾਹਿਆ ਹੋਵੇ। ਉਸ ਦੀਆਂ ਤਸਵੀਰਾਂ ਵਿਚ ਪੁੰਗਰਦੇ ਹੋਏ ਪੱਤੇ, ਹੁਸੀਨ ਫੁੱਲਾਂ ਦੀਆਂ ਪੰਖੜੀਆਂ ਦੇ ਰੰਗ, ਘਾਹ 'ਤੇ ਡਿੱਗੇ ਹੋਏ ਕਿਸੇ ਪੀਲੇ ਪੱਤੇ ਨੂੰ ਆਪਣੇ ਹੀ ਢੰਗ ਨਾਲ ਕੰਪੋਜ਼ ਕੀਤਾ ਹੋਇਆ ਦਿਸਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੂੰ ਕੁਦਰਤ ਅਤੇ ਆਲੇ ਦੁਆਲੇ ਨੂੰ ਨਿਰਖਣਾ, ਪਰਖਣਾ ਚੰਗਾ ਲੱਗਦਾ ਹੈ ਅਤੇ ਇਸੇ ਦੌਰਾਨ ਹੀ ਉਹ ਕੁਦਰਤ ਦੇ ਨਜ਼ਦੀਕ ਜਾ ਕੇ ਲੁਕੀਆਂ ਹੋਈਆਂ ਖ਼ੂਬਸੂਰਤ ਰੰਗ ਰੇਖਾਵਾਂ ਨੂੰ ਰੌਸ਼ਨੀ ਦੇ ਸੁਮੇਲ ਨਾਲ ਕੈਮਰਾ ਕਲਾਕ੍ਰਿਤਾਂ ਵਿਚ ਢਾਲਦਾ ਹੈ। ਇਸ ਲਈ ਬਹੁਤ ਸਾਰੇ ਸਮੇਂ ਅਤੇ ਦੇਖਣ ਵਾਲੀ ਅੱਖ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਆਪਣੀਆਂ ਤਸਵੀਰਾਂ ਵਿਚ ਪੇਂਡੂ ਖੇਡਾਂ, ਸਿੱਖ ਇਤਿਹਾਸ, ਦਰਬਾਰ ਸਾਹਿਬ, ਹੋਲਾ ਮਹੱਲਾ ਅਤੇ ਕੁਦਰਤ ਨੂੰ ਕੈਮਰੇ ਰਾਹੀਂ ਕਲਾਤਮਕ ਛੋਹਾਂ ਦਿੱਤੀਆਂ। ਜਲੰਧਰ ਦੇ ਨਕੋਦਰ ਚੌਂਕ ਅਤੇ ਦੂਰਦਰਸ਼ਨ ਕੇਂਦਰ ਦੇ ਨੇੜੇ ਨਵੀਂ ਬਣੀ ਆਰਟ ਪੰਜਾਬ ਗੈਲਰੀ ਪੰਜਾਬ ਦੇ ਕਲਾ ਵਿਰਸੇ ਅਤੇ ਫੋਟੋਗ੍ਰਾਫੀ ਨੂੰ ਇੰਟਰਨੈੱਟ ਦੇ ਜ਼ਰੀਏ ਤਾਂ ਪਿਛਲੇ ਕਰੀਬ 10 ਸਾਲ ਤੋਂ ਆਰਟ ਪੰਜਾਬ ਡਾਟ ਕਾਮ ਦੇ ਜਰੀਏ ਸਾਂਭ ਅਤੇ ਦੁਨੀਆ ਭਰ ਵਿਚ ਫੈਲਾਅ ਰਹੀ ਸੀ ਪਰ ਹੁਣ ਜਲੰਧਰ ਵਿਖੇ ਪੱਕੀ ਗੈਲਰੀ ਖੋਲ੍ਹੀ ਗਈ ਹੈ। ਇਸ ਫੋਟੋ ਅਤੇ ਕਲਾ ਪ੍ਰਦਰਸ਼ਨੀ ਵਿਚ ਕੰਵਲਜੀਤ ਸਿੰਘ ਦੀਆਂ 35 ਦੇ ਕਰੀਬ ਫੋਟੋ ਕਲਾਕ੍ਰਿਤਾਂ ਕੁਦਰਤ ਦੇ ਵੱਖ ਵੱਖ ਨਜ਼ਾਰਿਆਂ ਨੂੰ ਨੇੜਿਓਂ ਹੋ ਕੇ ਇਸ ਤਰ੍ਹਾਂ ਪੇਸ਼ ਕਰਦੀਆਂ ਹਨ ਕਿ ਪਹਿਲੀ ਨਜ਼ਰੇ ਇਹ ਕੈਮਰੇ ਨਾਲ ਖਿੱਚੀਆਂ ਹੋਈਆਂ ਘੱਟ ਅਤੇ ਪੇਂਟਿੰਗਜ਼ ਵੱਧ ਲੱਗਦੀਆਂ ਹਨ। 

ਆਰਟ ਪੰਜਾਬ ਦੀ ਡਾਇਰੈਕਟਰ ਸ੍ਰੀਮਤੀ ਜਸਪਾਲ ਕੌਰ ਨੇ ਦੱਸਿਆ ਕਿ ਗੈਲਰੀ ਦਾ ਮੁੱਖ ਨਿਸ਼ਾਨਾ ਇੰਟਰਨੈੱਟ ਅਤੇ ਦਿੱਲੀ, ਕਲਕੱਤਾ ਅਤੇ ਮੁੰਬਈ ਦੀਆਂ ਆਰਟ ਗੈਲਰੀਆਂ ਨਾਲ ਰਾਬਤਾ ਕਾਇਮ ਕਰਕੇ ਪੰਜਾਬ ਦੀ ਕਲਾ ਨੂੰ ਦੁਨੀਆ ਦੇ ਨਕਸ਼ੇ 'ਤੇ ਲਿਆਉਣਾ ਸੀ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਦੇ ਘਰਾਂ ਤੱਕ ਪੰਜਾਬ ਦੀ ਕਲਾ ਦੇ ਵੱਖ ਵੱਖ ਪਹਿਲੂਆਂ ਨੂੰ ਪਹੁੰਚਾਉਣਾ ਚਾਹੁੰਦੇ ਸਨ। ਉਨ੍ਹਾਂ ਵੱਲੋਂ ਸਮਾਜ ਅਤੇ ਸੱਭਿਆਚਾਰ ਵਿਚ ਵਡਮੁੱਲਾ ਯੋਗਦਾਨ ਪਾਇਆ ਗਿਆ। ਉਨ੍ਹਾਂ ਪੰਜਾਬੀ ਲਈ ਯੋਗਦਾਨ : ਦੂਰਦਰਸ਼ਨ ਜਲੰਧਰ ਤੇ ਨਿਊਜ਼ ਰੀਡਰ 1989 ਤੋਂ, ਕਨੇਡਾ ਤੇ ਅਮਰੀਕਾ ਦੇ ਰੇਡੀਓ ਸਟੇਸ਼ਨਾਂ ਲਈ ਪੰਜਾਬੀ ਜ਼ੁਬਾਨ ਵਿਚ ਖ਼ਬਰਾਂ ਅਤੇ ਰਿਪੋਰਟਾਂ, ਕਨੇਡਾ ਤੇ ਆਸਟ੍ਰੇਲੀਆ ਦੇ ਰਸਾਲਿਆਂ ਲਈ ਸੰਪਾਦਨਾ (ਆਨਰੇਰੀ)। ਉਨ੍ਹਾਂ ਨੇ www.punjabsports.com  : ਪੰਜਾਬੀ ਵਿਚ ਪਹਿਲੇ ਆਨਲਾਈਨ ਖੇਡ ਮੈਗਜ਼ੀਨ ਦੀ ਸ਼ੁਰੂਆਤ 2005 ਵਿੱਚ ਕੀਤੀ।ਕਵਿਤਾ ਅਧਾਰਿਤ ਫੋਟੋ ਸਲਾਈਡ ਸ਼ੋਅ : ਜ਼ਿੰਦਗੀ ਦੀਆਂ ਰੁੱਤਾਂ, 1989 (ਪੰਜਾਬੀ ਕਵਿਤਾ ਤੇ ਕਲਾ ਲਈ ਪਹਿਲਾ ਨਵਾਂ ਤਜਰਬਾ, ਚਲੋ ਚਾਨਣ ਦੀ ਗੱਲ ਕਰੀਏ, 1998 ਸੂਰਜਮੁਖੀ ਫਿਰ ਖਿੜ ਪਏ ਨੇ,  ਅਪ੍ਰੈਲ 1999, ਬੁੱਢਾ ਬਿਰਖ ਤੈਨੂੰ ਅਰਜ਼ ਕਰਦਾ ਹੈ,  2008 ਫੋਟੋ ਨੁਮਾਇਸ਼ਾਂ : ਫਰੋਜ਼ਨ ਫਰੇਮਜ਼ (ਨਾਰਥ ਜ਼ੋਨ ਕਲਚਰਲ ਸੈਂਟਰ ਵਲੋਂ ਲੁਧਿਆਣਾ, ਚੰਡੀਗੜ੍ਹ) 1997, ਮੇਰੀ ਧਰਤੀ ਮੇਰੇ ਲੋਕ (ਟੋਰਾਂਟੋ, ਸਰੀ, ਵੈਨਕੂਵਰ) 2000, ਨੱਚਣ ਕੁੱਦਣ ਮਨ ਕਾ ਚਾਓ (ਲੁਧਿਆਣਾ) 2004, ਮੇਰੀ ਧਰਤੀ ਮੇਰੇ ਲੋਕ, ਪੰਜਾਬੀ ਯੂਨੀਵਰਸਿਟੀ ਮਿਊਜ਼ੀਅਮ (ਪਟਿਆਲਾ) 2008, ਨੇਚਰ ਸਕੇਪਸ (ਆਰਟ ਪੰਜਾਬ ਗੈਲਰੀ, ਜਲੰਧਰ) 2009 ਸਾਹਿਤ : ਕੂੰਜਾਂ (ਪ੍ਰਵਾਸ ਬਾਰੇ ਕਾਵਿ ਕਥਾਵਾਂ) 2009, ਬਿਨਾਂ ਪਤੇ ਵਾਲਾ ਖ਼ਤ (ਨਜ਼ਮਾਂ) 1997, ਕਿੱਸੇ ਤਿਤਰੂ ਦੇ, ਤੜਕੇ ਵਾਲੇ ਚੌਲ, ਨਿੱਕੀ ਗੱਲ ਵੱਡੀ ਗੱਲ, (ਦੋਵੇਂ ਲੜੀਵਾਰ ਕਾਲਮ-ਟੋਰਾਂਟੋ, ਅਡਮੰਟਨ, ਸਿਡਨੀ ਦੇ ਰਸਾਲਿਆਂ ਲਈ) 2004 ਤੋਂ।ਉਨ੍ਹਾਂ ਨੇ ਜੂਨ 2006 ਤੋਂ 'ਰੰਗ ਪੰਜਾਬੀ ਕਨੇਡਾ' ਅਤੇ ਅਪ੍ਰੈਲ 2007 ਤੋਂ ਰੇਡੀਓ ਦੇਸ਼ ਪੰਜਾਬ ਦੀ ਪੇਸ਼ਕਸ਼ 'ਪਰਿਵਰਤਨ' ਮੈਗਜ਼ੀਨ ਵਿਚ ਆਨਰੇਰੀ ਸੰਪਾਦਕ ਦੇ ਤੌਰ 'ਤੇ ਅੱਜ ਤੱਕ ਭੂਮਿਕਾ ਨਿਭਾਈ।ਸਨਮਾਨ : ਪੰਜਾਬ ਸਟੇਟ ਐਵਾਰਡ (ਕਲਾ) 2007, ਪੰਜਾਬ ਰਾਜ ਲਲਿਤ ਕਲਾ ਅਕੈਡਮੀ ਐਵਾਰਡ (ਫੋਟੋਗ੍ਰਾਫੀ) 1997, ਸਰਵੋਤਮ ਭਾਰਤੀ ਫੋਟੋਗ੍ਰਾਫੀ ਐਵਾਰਡ, ਇੰਡੀਅਨ ਅਕੈਡਮੀ ਆਫ ਫਾਈਨ ਆਰਟਸ 2004, ਐਸੋਸੀਏਟਸ਼ਿਪ ਭਾਰਤੀ ਅੰਤਰਰਾਸ਼ਟਰੀ ਫੋਟੋਗ੍ਰਾਫੀ ਕਾਊਂਸਲ 2009 ਅਤੇ ਖੇਡ ਪ੍ਰਮੋਟਰ ਵਜੋਂ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਸਿਲਵਰ ਜੁਬਲੀ ਜਰਖੜ ਖੇਡਾਂ 2010 ਉਨ੍ਹਾਂ ਨੇ 'ਗਗਨ ਮੈ ਥਾਲ ਇੰਟਰਨੈਸ਼ਨਲ 5931, ਜਯੋਤੀਸਰ ਕਾਲੋਨੀ, ਜੰਡਿਆਲਾ ਗੁਰੂ-143115, ਵਿਖੇ ਹੋਈ ਇੰਟਰਵਿਊ ਦੌਰਾਨ ਉਨ੍ਹਾਂ ਆਪਣੇ ਦਿਲ ਦੇ ਵਡਮੁੱਲੇ ਵਿਚਾਰ ਰੱਖੇ। 

ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਆਪਣੇ ਪਿਤਾ ਸਵ. ਕਿਰਪਾਲ ਸਿੰਘ ਸੁਖਜੀਤ ਹੁਰਾਂ ਵੱਲੋਂ ਵਧੀਆ ਸਾਹਿਤ ਪੜ੍ਹਨ ਦੀ ਚੇਟਕ ਤੋਂ ਬਾਅਦ ਬਹੁਤ ਸਾਹਿਤ ਅਤੇ ਇਤਿਹਾਸ ਦੇ ਪੰਨਿਆਂ ਨੂੰ  ਪੜ੍ਹਿਆ। ਉਨ੍ਹਾਂ ਨੇ ਲਗਭਗ 1982 ਤੋਂ ਪੜ੍ਹਦੇ ਹੋਏ ਹੀ ਸਾਹਿਤ ਲਈ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਪਹਿਲੀ ਸਟੇਜੀ ਕਵਿਤਾ 'ਮੈਂ ਪਾਗਲ ਨਹੀਂ ਹਾਂ ਦੋਸਤੋ (ਧਰਮ ਦੇ ਪਾੜਿਆਂ ਬਾਰੇ) ਸੀ, ਜੋ ਕਿ 1984-85 ਵਿਚ ਨਾਗਮਣੀ ਰਸਾਲੇ ਵਿਚ ਪ੍ਰਕਾਸ਼ਿਤ ਹੋਈ। ਉਹ ਖਾਸ ਤੌਰ 'ਤੇ ਕਵਿਤਾ, ਕਾਵਿਕਥਾਵਾਂ, ਵਾਰਤਕ 'ਚ ਕੁਝ ਕਲਮ (ਦੇਸ਼ ਵਿਦੇਸ਼ ਲਈ) ਲਿਖਦੇ ਸਨ। ਉਨ੍ਹਾਂ ਦੇ ਜੀਵਨ ਦਾ ਮਨੋਰਥ ਆਪਣੇ ਆਲੇ ਦੁਆਲੇ ਨੂੰ ਬੇਹਤਰ ਅਤੇ ਪੰਜਾਬੀ ਬੋਲੀ ਜੁਬਾਨ ਨੂੰ ਚਿਰ ਸਥਾਈ ਬਣਾਉਣਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਮੈਨੂੰ ਸਾਹਿਤ ਲਿਖ ਕੇ ਮਨ ਦਾ ਸਕੂਨ ਮਿਲਦਾ ਹੈ। ਉਨ੍ਹਾਂ ਦੇ ਮਨ ਵਿਚ ਜੋ ਵਿਚਾਰ ਜਦੋਂ ਵੀ ਆਵੇ, ਉਹ ਡਾਇਰੀ 'ਤੇ ਲਿਖ ਦਿੰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਆਪਣੇ ਮਨ ਵਿਚ ਆਏ ਹਰ ਖਿਆਲ ਨੂੰ ਸਾਂਭਣ ਲਈ ਲਿਖਦਾ ਹਾਂ।  ਜੋ ਲੋਕ ਪੜ੍ਹਨਾ ਚਾਹੁੰਦੇ ਨੇ, ਮੈਂ ਉਨ੍ਹਾਂ ਵਾਸਤੇ ਲਿਖਦਾ ਹਾਂ। ਉਹ ਭਵਿੱਖ ਵਿਚ ਕਲਾ ਤੇ ਸਾਹਿਤ ਨੂੰ ਕਾਗ਼ਜ਼ਾਂ ਦੇ ਪਾਰ ਇੰਟਰਨੈੱਟ ਜ਼ਰੀਏ ਸੁਖਾਲਾ ਬਨਾਉਣਾ ਚਾਹੁੰਦੇ ਸਨ।ਪਰ ਕਲਹਿਣੀ ਮੌਤ ਨੇ ਉਨ੍ਹਾਂ ਨੂੰ 28 ਸਤੰਬਰ 2014, ਦਿਨ ਐਤਵਾਰ ਨੂੰ 3.30 ਕੁ ਵਜੇ ਜੱਫਾ ਮਾਰ ਲਿਆ ਅਤੇ ਸਦਾ ਲਈ ਸਾਡੇ ਹਾਸਿਆਂ ਦੇ ਬਾਦਸ਼ਾਹ ਨੂੰ ਸਾਡੇ ਕੋਲੋਂ ਖੋਹ ਲਿਆ। ਉਨ੍ਹਾਂ ਦੀ ਮੌਤ ਨਾਲ ਜੋ ਘਾਟਾ ਸਾਡੇ ਕਲਾ, ਫੋਟੋਕਲਾਕ੍ਰਿਤਾਂ, ਸਮਾਜਿਕ, ਸਭਿਆਚਾਰਕ ਖੇਤਰ ਨੂੰ ਪਿਆ ਹੈ, ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ। ਉਹ ਪਿੱਛੇ ਆਪਣੀ ਪਤਨੀ ਆਰਕੀਟੈਕਟ ਜਸਪਾਲ ਕੌਰ, ਬੇਟਾ ਹਰਨੂਰ ਸਿੰਘ ਅਤੇ ਬੇਟੀ ਅੰਮ੍ਰਿਤ ਕੌਰ ਅਤੇ ਛੋਟਾ ਭਰਾ ਜਗਦੀਪ ਸਿੰਘ ਨੂੰ ਛੱਡ ਗਏ ਹਨ। ਉਨ੍ਹਾਂ ਦੀ ਮੌਤ ਪਰਿਵਾਰ ਲਈ ਤਾਂ ਇੱਕ ਵੱਡਾ ਘਾਟਾ ਹੈ ਹੀ ਪਰ ਸਮਾਜ ਲਈ ਉਨ੍ਹਾਂ ਦੀ ਮੌਤ ਦਾ ਪਿਆ ਖਲਾਅ ਸ਼ਾਇਦ ਕਦੇ ਵੀ ਨਾ ਪੂਰਾ ਹੋ ਸਕੇ। ਅੱਜ ਉਨ੍ਹਾਂ ਦੀ ਜਨਮ ਭੂਮੀ ਪਿੰਡ ਢੁੱਡੀਕੇ, ਉਨ੍ਹਾਂ ਦੇ ਬਚਪਨ ਅਤੇ ਜਵਾਨੀ ਵਿਚ ਵਿਚਰਿਆ ਸ਼ਹਿਰ ਮੋਗਾ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੀਆਂ ਬਰੂਹਾਂ ਅਤੇ ਉਨ੍ਹਾਂ ਦੇ ਸੰਗੀ ਸਾਥੀਆਂ ਦੀਆਂ ਮਹਿਫਿਲਾਂ ਵਿੱਚ ਇੱਕ ਬਹੁਤ ਵੱਡੀ ਚੁੱਪ ਵਿਸਰੀ ਪਈ ਏ ਕਿਉਂਕਿ ਉਨ੍ਹਾਂ ਦਾ ਮਿਲਾਪੜਾ ਸੁਭਾਅ ਅਤੇ ਦੋਸਤੀ ਦਾ ਨਿੱਘ ਹਰ ਇੱਕ ਦੇ ਦਿਲ ਵਿਚ ਘਰ ਕਰ ਗਿਆ ਸੀ। ਉਨ੍ਹਾਂ ਨੇ ਆਪਣੇ ਜਿਗਰੀ ਯਾਰਾਂ ਨਾਲ ਕਦੇ ਦੋ ਇੰਚ ਦਾ ਫਰਕ ਨਹੀਂ ਪੈਣ ਦਿੱਤਾ ਪਰ ਜਦੋਂ ਫਰਕ ਪਿਆ ਤਾਂ ਜ਼ਮੀਨ ਅਸਮਾਨ ਦਾ ਹੀ ਪਿਆ। ਪਤਾ ਨਹੀਂ ਕੁਦਰਤ ਨੂੰ ਕੀ ਮਨਜ਼ੂਰ ਸੀ। ਪ੍ਰੋ. ਕੰਵਲਜੀਤ ਭਾਜੀ ਹੁਰਾਂ ਨੇ ਜਿਥੇ ਵੀ ਬੈਠਣਾ ਉਥੇ ਰੋਂਦੇ ਲੋਕਾਂ ਨੂੰ ਵੀ ਚੁਟਕਲੇ, ਕਹਾਣੀਆਂ, ਕਿੱਸੇ ਸੁਣਾ ਕੇ ਹਸਾ ਦੇਣਾ ਅਤੇ ਉਨ੍ਹਾਂ ਨੇ ਹਰ ਇੱਕ ਦੇ ਦੁੱਖ ਨੂੰ ਅਤੇ ਹਰ ਇਕ ਦੀ ਖੁਸ਼ੀ ਨੂੰ ਪਹਿਚਾਣਿਆ ਪਰ ਆਪਣੇ ਦੁੱਖਾਂ ਦਾ ਕਦੇ ਵੀ ਕਿਸੇ ਨੂੰ ਅਹਿਸਾਸ ਨਹੀਂ ਹੋਣ ਦਿੱਤਾ। ਜ਼ਿੰਦਗੀ ਨੂੰ ਉਨ੍ਹਾਂ ਨੇ ਬੜੀ ਗੰਭੀਰਤਾ ਨਾਲ ਜਿਉਂਇਆ ਅਤੇ ਆਪਣੇ ਦੁੱਖਾਂ ਨੂੰ ਅਤੇ ਮੁਸ਼ਕਿਲਾਂ ਨੂੰ ਦ੍ਰਿੜ੍ਹਤਾ ਨਾਲ ਮੁਕਾਬਲਾ ਕੀਤਾ।

ਉਮਰਾਂ ਦੀ ਮੁੱਠੀ 'ਚੋਂ

ਹਰ ਸਾਹ ਨਾਲ ਕਿਰਦੇ ਹਾਂ

ਇੱਕ ਸੁੱਕੇ ਪੱਤ ਵਾਂਗੂੰ ਆ ਅੰਬਰ ਤੱਕ ਉਡੀਏ  

ਪ੍ਰੋ. ਕੰਵਲਜੀਤ ਸਿੰਘ ਇੱਕ ਕਦਰਾਂ ਕੀਮਤਾਂ ਦਾ ਖਜ਼ਾਨਾ ਸੀ। ਇਹੋ ਜਿਹੀਆਂ ਸ਼ਖਸੀਅਤਾਂ ਸਦੀਆਂ ਬਾਅਦ ਹੀ ਇਸ ਦੁਨੀਆ 'ਤੇ ਆਉਂਦੀਆਂ ਹਨ। ਅੱਜ ਭਾਵੇਂ ਸਰੀਰਕ ਤੌਰ 'ਤੇ ਸਾਡੇ ਵਿਚੋਂ ਉਹ ਚਲੇ ਗਏ ਹਨ ਪਰ ਉਨ੍ਹਾਂ ਦੀ ਉਸਾਰੂ ਸੋਚ, ਸਮਰਪਿਤ ਭਾਵਨਾ, ਸਖਤ ਮਿਹਨਤ ਅਤੇ ਇਮਾਨਦਾਰੀ ਹਮੇਸ਼ਾ ਸਾਨੂੰ ਸੇਧ ਦਿੰਦੀ ਰਹੇਗੀ। ਇਹੀ ਉਨ੍ਹਾਂ ਦੀ ਯਾਦ ਸਾਡੇ ਮਨਾਂ 'ਚ ਰਹੇਗੀ। 

ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਜ਼ਿੰਦਗੀ ਬਾਰੇ ਗੀਤ ਇਸ ਤਰ੍ਹਾਂ ਪੇਸ਼ ਹੈ :

ਜ਼ਿੰਦਗੀ 

ਕੁਝ ਕੁ ਖਾਹਸ਼ਾਂ - ਕੰਮ ਹਰ ਦਮ

ਚੁਟਕੀ ਕੁ ਹਾਸੇ - ਥੱਬਾ ਸਾਰਾ ਗਮ

ਕਦੇ ਸੁੱਕੀ ਕਦੇ ਨਮ - ਕਦੇ ਧੁਖਦੀ ਗਰਮ

ਕਦੇ ਰੁੱਖੀ ਪਤਝੜ - ਕਦੇ ਮੀਂਹ ਛਮ ਛਮ...!!

ਇਹ ਹੁਣ ਦਾ ਇਲਮ - ਜਾਂ ਪਿਛਲੇ ਕਰਮ

 

ਜਿੰਦ ਪਾਣੀ ਵਾਂਗੂ ਵਗੇ - ਕਾਹਲੀ ਕਾਹਲੀ ਕਲ ਕਲ,

ਵਹਿ ਗਿਆ ਜੋ ਅੱਜ ਪਾਣੀ - ਉਹ ਮੁੜਨਾ ਨੀ ਕੱਲ੍ਹ।

ਰਲੇ ਸਾਗਰਾਂ 'ਚ, ਉਡੇ ਫਿਰ ਅੰਬਰਾਂ ਦੇ ਵੱਲ।

ਆਵਾਗੌਣ ਕਿ ਕਰਮ, ਜਾਂ ਇਹ ਮਨ ਦਾ ਭਰਮ

ਕਦੇ ਰੁੱਖੀ ਪਤਝੜ - ਕਦੇ ਮੀਂਹ ਛਮ ਛਮ।

 

ਬੁੱਤ ਘੜ ਜਾਨ ਪਾਈ, ਸੋਹਣੇ ਨੈਣਾਂ ਵਾਲਾ ਮੁੱਖ,

ਮਾਰੀ ਕੰਨ ਵਿਚ ਫੂਕ, ਆਊ ਸੁਖ ਵੀ ਤੇ ਦੁੱਖ,

ਮੌਲਾ ਕੱਟਤੀ ਚੌਰਾਸੀ, ਬੁੱਤ ਕਰਤਾ ਮਨੁੱਖ...।

ਆਉਣਾ ਕੰਮ ਨਹੀਓਂ ਚੰਮ, ਤੇ ਮਿਆਦ ਇਕੋ ਦਮ।

ਕਦੇ ਰੁੱਖੀ ਪਤਝੜ - ਕਦੇ ਮੀਂਹ ਛਮ ਛਮ

 

ਗੁੰਮੀ ਚਾਨਣੀ ਦੀ ਛਿੱਟ, ਨੇਰ੍ਹਿਆਂ ਨੇ ਕੀਤਾ ਤੰਗ

ਮੌਲਾ ਇਕੋ ਮੰਗਾਂ ਮੰਗ, ਬੱਸ ਰਹੀਂ ਅੰਗ ਸੰਗ।

ਵਾਸਾ ਸੱਪਾਂ ਦੇ ਵਿਚਾਲੇ, ਰੂਹ ਤੇ ਵੱਜੇ ਨਾ ਕੋਈ ਡੰਗ।

ਹੋ ਨਾ ਇੰਨਾ ਨਿਰਮਮ, ਇਨੇ ਕਰ ਨਾ ਜ਼ੁਲਮ 

ਕਦੇ ਰੁੱਖੀ ਪਤਝੜ - ਕਦੇ ਮੀਂਹ ਛਮ ਛਮ।

 

 

Tags:

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD