ਬਲਵੰਤ ਸਿੰਘ ਰਾਮੂਵਾਲੀਆ ਦੀ ਚੋਣ ਮੁਹਿੰਮ ਨੂੰ ਹੋਰ ਭਖਾਉਂਦਿਆਂ ਅੱਜ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਬੱਬੀ ਬਾਦਲ ਤੇ ਉਘੇ ਗਾਇਕ ਹਰਭਜਨ ਮਾਨ ਨੇ ਫੇਜ 3 ਬੀ 1 ਤੇ ਫੇਜ 3ਬੀ2 ਵਿੱਚ ਘਰ ਘਰ ਜਾ ਕੇ ਵੋਟਾਂ ਮੰਗੀਆਂ।ਲੋਕਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਉਨ੍ਹਾਂ ਕਿਹਾ ਕਿ ਸ: ਬਲਵੰਤ ਸਿੰਘ ਰਾਮੂਵਾਲੀਆ ਸਮਾਜਿਕ ਤੇ ਰਾਜਨੀਤਿਕ ਖੇਤਰ ਦੇ ਵੱਡੇ ਆਗੂ ਹਨ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਰੁਲਦੇ ਹਜਾਰਾਂ ਨੌਜਵਾਨਾਂ ਤੇ ਵਿਦੇਸ਼ੀ ਲਾੜਿਆਂ ਦੀਆਂ ਸਤਾਈਆਂ ਧੀਆਂ ਦੀ ਰਾਖੀ ਕੀਤੀ ਹੈ। ਰਾਮੂਵਾਲੀਆ ਦੀ ਸ਼ਖਸ਼ਸੀਅਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਕੇਂਦਰ ਦੇ ਕੈਬਨਿਟ ਮੰਤਰੀ ਤਿੰਨ ਵਾਰ ਐਮ ਪੀ ਤੇ ਦੋ ਵਾਰ ਘੱਟ ਗਿਣਤੀਆਂ ਕਮਿਸ਼ਨ ਦੇ ਵਾਈਸ ਚੇਅਰਮੈਨ ਰਹੇ ਹਨ ਅਤੇ ਉਨ੍ਹਾਂ ਦੀ ਸਿਆਸੀ ਸਮਰਥਾ ਬਹੁਤ ਵੱਡੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰਾਜਨੀਤਿਕ ਸ਼ਕਤੀ ਦਾ ਸ਼ਰਾਬ ਦੇ ਵਪਾਰ ਵਿੱਚ ਇਸਤੇਮਾਲ ਕਰਨ ਵਾਲੇ ਉਮੀਦਵਾਰਾਂ ਨੂੰ ਮੂੰਹ ਨਾ ਲਗਾਇਆ ਜਾਵੇ । ਜੇਕਰ ਅਜਿਹੇ ਬੰਦਿਆਂ ਨੂੰ ਵੋਟਾਂ ਵਿੱਚ ਸਬਕ ਨਾ ਸਿਖਾਇਆ ਤਾਂ ਉਹ ਹੌਲੀ ਹੌਲੀ ਜਵਾਨੀ ਤੇ ਸਮਾਜ ਦਾ ਨਾਸ਼ ਕਰ ਦੇਣਗੇ।