ਵਿਧਾਨ ਸਭਾ ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਜਥੇਦਾਰ ਉਜਾਗਰ ਸਿੰਘ ਬਡਾਲੀ ਵੱਲੋਂ ਵਾਰਡ ਨੰਬਰ 3 ਪਿੰਡ ਦੇਸੂਮਾਜਰਾ ਵਿਖੇ ਚੋਣ ਮੀਟਿੰਗ ਕਰ ਕੇ ਅਕਾਲੀ-ਭਾਜਪਾ ਵਰਕਰਾਂ ਅਤੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਗਿਆ ਜਿਸ ਵਿੱਚ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਲੋਕਾਂ ਨੂੰ ਆਪਣੇ ਵੱਲੋਂ ਹਲਕਾ ਖਰੜ ਵਿੱਚ ਕੀਤੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਧ ਤੋਂ ਵੋਟਾਂ ਨਾਲ ਜਿਤਾਉਣ ਅਤੇ ਉਹ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਜਥੇਦਾਰ ਬਡਾਲੀ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਪੰਜ ਸਾਲ ਦੇ ਕਾਰਜਕਾਲ ਵਿੱਚ ਜਿੰਨਾ ਹਲਕੇ ਦਾ ਵਿਕਾਸ ਕਰਵਾਇਆ ਹੈ, ਕਾਂਗਰਸ ਪਾਰਟੀ ਉਤਨਾ ਵਿਕਾਸ 50 ਸਾਲ ਵਿੱਚ ਵੀ ਨਹੀਂ ਕਰਵਾ ਸਕਦੀ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੇ ਹਨ ਜਦਕਿ ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਨੂੰ ਮਿਲਣਾ ਇੰਨਾ ਅਸਾਨ ਕੰਮ ਨਹੀਂ ਸੀ। ਜਥੇਦਾਰ ਬਡਾਲੀ ਨੇ ਅਕਾਲੀ-ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਰੋਜ਼ਾਨਾ ਦੇ ਕੰਮਾਂ ਕਾਰਾਂ ਤੋਂ ਵਿਹਲ ਕੱਢ ਕੇ ਆਉਣ ਵਾਲੀ 30 ਜਨਵਰੀ ਤੱਕ ਚੋਣ ਪ੍ਰਚਾਰ ਲਈ ਦਿਨ ਰਾਤ ਇੱਕ ਕਰ ਦੇਣ ਤਾਂ ਜੋ ਇਹ ਸੀਟ ਜਿੱਤ ਕੇ ਅਕਾਲੀ-ਭਾਜਪਾ ਪਾਰਟੀ ਦੀ ਝੋਲੀ ਪਾਈ ਜਾ ਸਕੇ ਅਤੇ ਹਲਕੇ ਦਾ ਵਿਕਾਸ ਕੀਤਾ ਜਾ ਸਕੇ। ਇਸ ਮੌਕੇ ਹਿੰਮਤ ਸਿੰਘ ਕੌਂਸਲਰ, ਐਚ.ਐਸ. ਬਾਠ, ਮਨਜੀਤ ਸਿੰਘ, ਪ੍ਰੀਤਮ ਸਿੰਘ, ਬਲਬੀਰ ਸਿੰਘ, ਸੀਤਲ ਸਿੰਘ, ਸੁੱਚਾ ਸਿੰਘ, ਬੇਅੰਤ ਸਿੰਘ, ਰਣਜੀਤ ਸਿੰਘ ਲੌਂਗੀਆ, ਰਣਧੀਰ ਸਿੰਘ ਅਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ।