ਸਿਹਤ ਵਿਭਾਗ ਪੰਜਾਬ ਰਾਜ ਵਿੱਚ ਡੇਂਗੂ ਬੁਖਾਰ ਦੇ ਬਚਾਓ ਲਈ ਹੇਠਲੇ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਸਿਵਲ ਹਸਪਤਾਲ ਐਸ.ਏ.ਐਸ.ਨਗਰ ਤੋਂ ਪੰਜਾਬ 'ਚ ਡੇਂਗੂ ਜਾਰਗੂਕਤਾ ਦਾ ਅੰਗਾਜ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸਿਹਤ ਮੰਤਰੀ ਪੰਜਾਬ ਨੇ ਇਸ ਮੌਕੇ ਨਰਸਿੰਗ ਕਾਲਜਾਂ ਦੀਆਂ ਵਿਦਿਆਰਥਣਾਂ ਅਤੇ ਸਕੂਲੀ ਬੱਚਿਆਂ ਦੀ ਡੇਂਗੂ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਵੀ ਕੀਤਾ। ਸਿਹਤ ਮੰਤਰੀ ਪੰਜਾਬ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਰਾਜ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੁਰੀ ਤਰ੍ਹਾਂ ਵਚਨਵੱਧ ਹੈ। ਨ੍ਹਾਂ ਦੱਸਿਆ ਕਿ ਹੁਣ ਰਾਜ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਅਤੇ ਹਸਪਤਾਲਾਂ ਆਦਿ ਵਿੱਚ ਦਵਾਈਆਂ ਦੀ ਕਿਸੇ ਕਿਸਮ ਦੀ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਜਿਥੇ ਡੇਂਗੂ ਪ੍ਰਤੀ ਜਾਗਰੂਕ ਕਰੇਗਾ ਉਥੇ ਸਿਹਤ ਦੀ ਸਾਂਭ ਸੰਭਾਲ ਬਾਰੇ ਵੀ ਆਮ ਲੋਕਾਂ ਨੂੰ ਜਾਣਕਾਰੀ ਦੇਵੇਗਾ। ਉਨ੍ਹਾਂ ਹੋਰ ਕਿਹਾ ਕਿ ਸਿਹਤ ਦੇ ਨਾਲ –ਨਾਲ ਸਾਨੂੰ ਆਪਣੇ ਆਲੇ ਦੁਆਲੇ ਦਾ ਵਾਤਾਵਰਣ ਸਾਫ ਰੱਖਣਾ ਵੀ ਬਹੁਤ ਜਰੁਰੀ ਹੈ। ਕਿਉਂਕਿ ਪ੍ਰਦੂਸ਼ਿਤ ਵਾਤਾਵਰਣ ਦਾ ਸਿੱਧਾ ਮਾੜਾ ਅਸਰ ਮਨੁੱਖ ਦੇ ਸਰੀਰ ਤੇ ਪੈਂਦਾ ਹੈ। ਇਸ ਲਈ ਲੋਕਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਅਤੇ ਵਾਤਾਵਰਣ ਦੀ ਸਵੱਛਤਾ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਡੇਂਗੂ ਦੇ ਬਚਾਅ ਲਈ ਤਿਆਰ ਕੀਤੇ ਪੋਸਟਰਾਂ ਦੀ ਪ੍ਰਦਰਸ਼ਨੀ ਦਾ ਮੁਆਇਨਾ ਵੀ ਕੀਤਾ ਅਤੇ ਪੋਸਟਰ ਮੁਕਾਬਲਿਆਂ ਵਿੱਚ ਜੇਤੂ ਰਹੇ ਸਕੂਲੀ ਬੱਚਿਆਂ ਨੂੰ ਇਨਾਮ ਵੀ ਵੰਡੇ ਅਤੇ ਸਿਵਲ ਸਰਜਨ ਐਸ.ਏ.ਐਸ.ਨਗਰ ਵੱਲੋਂ ਪ੍ਰਕਾਸ਼ਿਤ ਕਰਵਾਇਆ ਡੇਂਗੂ ਤੋਂ ਬਚੋ ਪੈਂਫਲੈਟ ਵੀ ਜਾਰੀ ਕੀਤਾ।
ਇਸ ਮੌਕੇ ਮੈਨੇਜਿੰਗ ਡਾਇਰੈਕਟਰ ਹੈਲਥ ਸਿਸਟਮਜ਼ ਕਾਰਪੋਰੇਸ਼ਨ ਅਤੇ ਡਾਇਰੈਕਟਰ ਨੈਸ਼ਨਲ ਰੂਰਲ ਹੈਲਥ ਮਿਸਨ ਪੰਜਾਬ ਸ੍ਰੀ ਹੁਸਨ ਲਾਲ ਨੇ ਰਾਜ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ. ਕਰਨਜੀਤ ਸਿੰਘ ਨੇ ਦੱਸਿਆ ਕਿ ਡੇਂਗੂ ਇੱਕ ਵਾਇਰਲ ਬੁਖਾਰ ਹੈ ਜੋ ਕਿ ਏਡੀਜ਼ ਅਜਿਪਟੀ ਨਾ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਹ ਮੱਛਰ ਕੂਲਰਾਂ ਵਿੱਚ, ਪਾਣੀ ਦੀਆਂ ਟੈਂਕੀਆਂ ਵਿੱਚ, ਫੁੱਲਾਂ ਦੇ ਗਮਲਿਆ ਵਿੱਚ ਅਤੇ ਫਰਿੱਜਾਂ ਦੀ ਪਿਛਲੀ ਟਰੇਅ ਵਿੱਚ ਖੜ੍ਹੇ ਸਾਫ ਪਾਣੀ ਵਿੱਚ ਪਲਦੇ ਹਨ। ਇਸ ਲਈ ਲੋਕਾਂ ਨੂੰ ਹਫਤੇ ਵਿੱਚ ਇੱਕ ਵਾਰੀ ਕੂਲਰਾਂ ਅਤੇ ਫਰਿੱਜਾਂ ਦੀਆਂ ਟਰੇਆਂ ਨੂੰ ਜਰੂਰ ਸੁਕਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਡੇਂਗੂ ਵਾਲਾ ਮੱਛਰ ਜੁਲਾਈ ਤੋਂ ਨਵੰਬਰ ਮਹੀਨੇ ਤੱਕ ਜਿਆਦਾ ਪਲਦਾ ਹੈ ਇਸ ਲਈ ਇਸ ਸਮੇਂ ਦੌਰਾਨ ਜਿਆਦਾ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਰਾਜੀਵ ਭੱਲਾ ਨੇ ਕਿਹਾ ਕਿ ਸਮੁੱਚੇ ਜ਼ਿਲ੍ਹੇ ਵਿੱਚ ਡੇਂਗੂ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਲਈ ਪੁਰੀ ਤਨਦੇਹੀ ਨਾਲ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਫੇਜ਼-6 ਵਿਖੇ ਡੇਂਗੂ ਦਾ ਟੈਸਟ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਵਿੱਚ ਸਕੂਲੀ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੇ ਬਚਾਓ ਲਈ ਮੁਫ਼ਤ ਦਵਾਈ ਦੇਣ ਦੀ ਸ਼ੁਰੂਆਤ ਅੱਜ ਤੋਂ ਕੀਤੀ ਗਈ ਹੈ। ਜਿਸ ਤਹਿਤ ਸਾਰੇ ਸਕੂਲੀ ਬੱÎਚਿਆਂ ਨੂੰ ਕਵਰ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ.ਐਚ.ਐਸ ਓਬਰਾਏ, ਸੀਨੀਅਰ ਮੈਡੀਕਲ ਅਫ਼ਸਰ ਡਾ.ਆਦੇਸ ਕੰਗ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।