ਪੰਜਾਬ ਕਾਂਗਰਸ ਨੇ ਕੇਂਦਰੀ ਖੇਤੀਬਾੜੀ ਮੰਤਰੀ ਦੇ ਪੰਜਾਬ 'ਚ ਸੁੱਕਾ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਰਾਸ਼ੀ ਦੀ ਸਿੱਧੀ ਅਦਾਇਗੀ ਕਰਨ ਸਬੰਧੀ ਲਏ ਫੈਸਲੇ ਦੀ ਅੱਜ ਸ਼ਲਾਘਾ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਰਾਹਤ ਰਾਸ਼ੀ ਦੀ ਸਿੱਧੀ ਅਦਾਇਗੀ ਹੀ ਮਿੱਥੇ ਟੀਚੇ ਦੀ ਪੂਰਤੀ ਕਰੇਗੀ। ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਵੱਲੋਂ ਚੰਡੀਗੜ੍ਹ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਰਾਹਤ ਰਾਸ਼ੀ ਕਿਸਾਨ ਕ੍ਰੇਡਿਟ ਕਾਰਡ ਤੇ ਬੈਂਕ ਖਾਤਿਆਂ ਰਾਹੀਂ ਦਿੱਤੇ ਜਾਣ ਸਬੰਧੀ ਕੀਤੇ ਐਲਾਨ 'ਤੇ ਪ੍ਰਤੀਕ੍ਰਿਆ ਜਾਹਿਰ ਕਰਦੇ ਹੋਏ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਰਵਿੰਦ ਖੰਨਾ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਜਿਸ ਨਾਲ ਵਿਚੋਲੀਏ ਦਾ ਸਫਾਇਆ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਅਕਾਲੀਆਂ ਨੇ ਇਸਦਾ ਵਿਰੋਧ ਕੀਤਾ ਸੀ, ਮਗਰ ਕਾਂਗਰਸੀ ਸੰਸਦ ਮੈਂਬਰਾਂ ਨੇ ਉਕਤ ਮੰਗ ਨੂੰ ਜੋਰਦਾਰ ਢੰਗ ਨਾਲ ਉਠਾਇਆ। ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ 'ਤੇ ਇਸ ਕਦਮ ਦਾ ਵਿਰੋਧ ਕਰਨ 'ਤੇ ਚੁਟਕੀ ਲੈਂਦੇ ਹੋਏ ਖੰਨਾ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਖੁਦ ਨੂੰ ਕਿਸਾਨਾਂ ਦੀ ਹਿਮਾਇਤੀ ਦਿਖਾਉਣ ਵਾਲੀ ਪਾਰਟੀ ਉਸ ਗੱਲ ਦਾ ਵਿਰੋਧ ਕਰ ਰਹੀ ਹੈ, ਜਿਹੜੀ ਸਿੱਧੇ ਤੌਰ 'ਤੇ ਕਿਸਾਨਾਂ ਲਈ ਫਾਇਦੇਮੰਦ ਹੈ।
ਉਨ੍ਹਾਂ ਨੇ ਅਕਾਲੀਆਂ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਰਾਹਤ ਦਾ ਸਵਾਗਤ ਕਰਨ ਦੀ ਬਜਾਏ ਇਹ ਇਸ ਲਈ ਸੜ ਰਹੇ ਹਨ, ਕਿਉਂਕਿ ਇਨ੍ਹਾਂ ਨੂੰ ਇਸ ਰਾਸ਼ੀ ਨੂੰ ਵਰਤਣ ਤੇ ਆਪਣੀਆਂ ਕਮਿਸ਼ਨਾਂ ਬਣਾਉਣ ਦਾ ਮੌਕਾ ਨਹੀਂ ਮਿਲਿਆ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਰਾਹਤ ਰਾਸ਼ੀ ਨੂੰ ਵੰਡਣ ਨੂੰ ਲੈ ਕੇ ਅਕਾਲੀ ਸਰਕਾਰ ਨਾਲ 2009 ਦਾ ਤਜੁਰਬਾ ਬਹੁਤ ਖਰਾਬ ਰਿਹਾ ਹੈ। ਜਿਸ ਦੌਰਾਨ ਕਿਸਾਨਾਂ ਨੂੰ ਰਾਹਤ ਰਾਸ਼ੀ ਲੈਣ ਲਈ ਲੰਬੇ ਸਮੇਂ ਤੱਕ ਪ੍ਰਦਰਸ਼ਨਾਂ ਦਾ ਸਹਾਰਾ ਲੈਣਾ ਪਿਆ ਸੀ ਅਤੇ ਬਾਅਦ 'ਚ ਵਿੱਚ ਕਿਸਾਨਾਂ ਨੂੰ ਜਿਹੜੀ ਰਾਹਤ ਰਾਸ਼ੀ ਮਿਲੀ ਉਹ ਵੀ ਊਠ ਦੇ ਮੂੰਹ ਵਿੱਚ ਜੀਰੇ ਸਮਾਨ ਸੀ। ਕਿਸਾਨਾਂ ਨੂੰ ਕੇਂਦਰ ਪਾਸੋਂ ਭੇਜੇ 800 ਕਰੋੜ ਰੁਪਏ ਦੀ ਅਸਲੀ ਰਾਹਤ ਰਾਸ਼ੀ 'ਚੋਂ ਸਿਰਫ 150 ਕਰੋੜ ਰੁਪਏ ਹੀ ਮਿਲੇ। ਉਨ੍ਹਾਂ ਅਕਾਲੀਆਂ ਦੀ ਪ੍ਰੇਸ਼ਾਨੀ ਨੂੰ ਸਮਝ ਸਕਦੇ ਹਨ। ਜਿਸਦਾ ਪਹਿਲਾ ਕਾਰਨ ਹੈ ਕਿ ਇਹ ਸਹਿਣ ਨਹੀਂ ਕਰ ਪਾ ਰਹੇ ਕਿ ਭਾਰਤ ਸਰਕਾਰ ਕਿਸਾਨਾਂ ਨੂੰ ਰਾਹਤ ਦੇ ਰਹੀ ਹੈ, ਦੂਸਰਾ ਕਾਰਨ ਹੈ ਕਿ ਕ੍ਰੈਡਿਟ ਲੈਣ ਦਾ ਮੌਕਾ ਇਨ੍ਹਾਂ ਦੇ ਹੱਥੋਂ ਨਿਕਲ ਗਿਆ। ਜਿਨ੍ਹਾਂ ਨੂੰ ਡਰ ਲੱਗ ਰਿਹਾ ਹੈ ਕਿ ਅਜਿਹੇ 'ਚ ਇਨ੍ਹਾਂ ਦਾ ਕਿਸਾਨਾਂ ਦੀ ਰਾਹਤ ਰਾਸ਼ੀ 'ਤੇ ਕੋਈ ਕੰਟਰੋਲ ਨਹੀਂ ਰਹੇਗਾ ਤੇ ਇਸਨੂੰ ਆਪਣੇ ਹਿਸਾਬ ਨਾਲ ਨਹੀਂ ਵਰਤ ਸਕਣਗੇ।