ਨਗਰ ਕੌਂਸਲ ਜ਼ੀਰਕਪੁਰ ਦੇ ਨਵੇਂ ਚੁਣੇ ਗਏ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਨੇ ਅੱਜ ਸ੍ਰੀ ਸੁਖਮਣੀ ਸਾਹਿਬ ਦੇ ਭੋਗ ਉਪਰੰਤ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ ਦੀ ਮੌਜੂਦਗੀ ਵਿੱਚ ਰਸਮੀ ਤੌਰ ’ਤੇ ਅਹੁਦਾ ਸੰਭਾਲ ਲਿਆ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਡੇਰਾਬੱਸੀ ਹਲਕੇ ਦੀਆਂ ਤਿੰਨਾਂ ਨਗਰ ਕੌਂਸਲਾਂ ਵਿੱਚ ਯੋਗ, ਇਮਾਨਦਾਰ ਅਤੇ ਪੜ੍ਹੇ-ਲਿਖੇ ਨੁਮਾਇੰਦਿਆਂ ਦੀ ਟੀਮ ਲੋਕਾਂ ਨੇ ਚੁਣੀ ਹੈ, ਜੋ ਸ਼ਹਿਰਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਅਤੇ ਨਵੀਂ ਰਫ਼ਤਾਰ ਦੇਵੇਗੀ।
ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਰਾਜਨੀਤੀ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ ਅਤੇ ਸਾਰੇ ਕੌਂਸਲਰਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ। ਵਿਧਾਇਕ ਰੰਧਾਵਾ ਨੇ ਕਿਹਾ ਕਿ ਨਗਰ ਕੌਂਸਲ ਦੇ ਦਫ਼ਤਰ ਹਰ ਨਾਗਰਿਕ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ ਅਤੇ ਹਰ ਸ਼ਿਕਾਇਤ ਦਾ ਨਿਪਟਾਰਾ ਪਾਰਦਰਸ਼ੀ ਅਤੇ ਸਮੇਂ ਸਿਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਨਗਰ ਕੌਂਸਲ ਚੋਣਾਂ ਸਬੰਧੀ ਚੁਣੌਤੀਆਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਹੁਣ ਸਮਾਂ ਕਿਸੇ ਵੀ ਤਰ੍ਹਾਂ ਦੇ ਵਿਵਾਦ ਦਾ ਨਹੀਂ, ਸਗੋਂ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਹੈ। ਅਹੁਦਾ ਸੰਭਾਲਣ ਉਪਰੰਤ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਨੇ ਕਿਹਾ ਕਿ ਜ਼ੀਰਕਪੁਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਅਤਿਕ੍ਰਮਣ ਮੁਕਤ ਬਣਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ।
ਉਨ੍ਹਾਂ ਕਿਹਾ ਕਿ ਸ਼ਹਿਰ ਦਾ ਸਰਵਪੱਖੀ ਵਿਕਾਸ, ਸਫ਼ਾਈ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨਾ, ਨਾਜਾਇਜ਼ ਕਬਜ਼ਿਆਂ ਦਾ ਖਾਤਮਾ ਕਰਨਾ ਅਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਵਾਉਣਾ ਨਵੀਂ ਨਗਰ ਕੌਂਸਲ ਦਾ ਮੁੱਖ ਟੀਚਾ ਰਹੇਗਾ। ਵਿਰਕ ਨੇ ਕਿਹਾ ਕਿ ਨਗਰ ਕੌਂਸਲ ਦਾ ਪ੍ਰਧਾਨ ਕਿਸੇ ਇੱਕ ਵਾਰਡ ਦਾ ਨਹੀਂ, ਸਗੋਂ ਪੂਰੇ ਸ਼ਹਿਰ ਦਾ ਹੁੰਦਾ ਹੈ ਅਤੇ ਹਰ ਫ਼ੈਸਲਾ ਲੋਕ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਹੀ ਲਿਆ ਜਾਵੇਗਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਅਤੇ ਗੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾਵੇਗੀ ਅਤੇ ਬਿਨਾਂ ਕਿਸੇ ਭੇਦਭਾਵ ਦੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਏ ਵਿਕਾਸ ਕਾਰਜਾਂ ਅਤੇ ਖਰਚੇ ਗਏ ਸਰਕਾਰੀ ਫੰਡਾਂ ਸਬੰਧੀ ਉੱਠ ਰਹੇ ਸਵਾਲਾਂ ਦੀ ਵੀ ਨਿਰਪੱਖ ਜਾਂਚ ਕਰਵਾਈ ਜਾਵੇਗੀ ਅਤੇ ਜੇਕਰ ਕਿਸੇ ਤਰ੍ਹਾਂ ਦੀ ਬੇਨਿਯਮੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਤੋਂ ਜਵਾਬ ਤਲਬ ਕੀਤਾ ਜਾਵੇਗਾ।
ਸ਼ਹਿਰ ਵਿੱਚ ਬਰਸਾਤ ਦੌਰਾਨ ਪਾਣੀ ਭਰਨ ਦੀ ਸਮੱਸਿਆ ਨੂੰ ਸਭ ਤੋਂ ਵੱਡੀ ਚੁਣੌਤੀ ਦੱਸਦਿਆਂ ਵਿਰਕ ਨੇ ਕਿਹਾ ਕਿ ਨਾਭਾ ਸਾਹਿਬ ਤੋਂ ਅੱਡਾ ਖੁੰਬੜਾ ਤੱਕ ਵੱਡੀਆਂ ਡਰੇਨੇਜ ਪਾਈਪਾਂ ਵਿਛਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੁਦਰਤੀ ਨਾਲਿਆਂ ਉੱਤੇ ਬਣੀਆਂ ਰੁਕਾਵਟਾਂ ਨੂੰ ਦੂਰ ਕਰਕੇ ਪਾਣੀ ਦੇ ਕੁਦਰਤੀ ਵਹਾਅ ਨੂੰ ਮੁੜ ਬਹਾਲ ਕੀਤਾ ਜਾਵੇਗਾ, ਤਾਂ ਜੋ ਸ਼ਹਿਰ ਨੂੰ ਜਲ ਭਰਾਅ ਦੀ ਸਮੱਸਿਆ ਤੋਂ ਸਥਾਈ ਰਾਹਤ ਮਿਲ ਸਕੇ।
ਇਸ ਮੌਕੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ, ਪੀਆਰਟੀਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ, ਪਾਰਟੀ ਦੇ ਕੌਂਸਲਰ, ਵਾਰਡ ਇੰਚਾਰਜ, ਅਹੁਦੇਦਾਰ, ਸਰਪੰਚ ਸਾਹਿਬਾਨ, ਪਾਰਟੀ ਵਰਕਰ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।