ਹਰਿਆਣਾ ਸਰਕਾਰ ਨੇ ਸੂਬੇ ਦੇ ਯਾਤਰੀਆਂ ਨੂੰ ਬਿਹਤਰ, ਸੁਰੱਖਿਅਤ ਅਤੇ ਸੁਲਭ ਜਨਤਕ ਟ੍ਰਾਂਸਪੋਰਟ ਸਹੂਲਤ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਹਰਿਆਣਾ ਅਤੇ ਬਿਹਾਰ ਵਿਚਕਾਰ ਅੰਤਰ-ਰਾਜੀ ਬੱਸ ਸੇਵਾਵਾਂ ਦੇ ਸੰਚਾਲਨ ਲਈ ਸ਼ੁੱਕਰਵਾਰ ਨੂੰ ਦੁਵੱਲੇ ਬੱਸ ਸੰਚਾਲਨ ਸਮਝੌਤੇ 'ਤੇ ਦਸਤਖਤ ਕੀਤੇ ਗਏ।ਸਮਝੌਤੇ 'ਤੇ ਹਰਿਆਣਾ ਸਰਕਾਰ ਵੱਲੋਂ ਟ੍ਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਰਾਜਾ ਸੇਖਰ ਵੁੰਡਰੂ ਅਤੇ ਬਿਹਾਰ ਸਰਕਾਰ ਵੱਲੋਂ ਰਾਜ ਟ੍ਰਾਂਸਪੋਰਟ ਕਮਿਸ਼ਨਰ ਸ੍ਰੀ ਆਰਿਫ਼ ਅਹਿਸਨ ਨੇ ਦਸਤਖਤ ਕੀਤੇ।
ਇਸ ਮੌਕੇ ਹਰਿਆਣਾ ਦੇ ਟ੍ਰਾਂਸਪੋਰਟ ਕਮਿਸ਼ਨਰ ਅਤੇ ਬਿਹਾਰ ਰਾਜ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਪ੍ਰਸ਼ਾਸਕ ਸ਼੍ਰੀ ਅਤੁਲ ਕੁਮਾਰ ਵਰਮਾ ਵੀ ਮੌਜੂਦ ਸਨ।ਇਸ ਸਮਝੌਤੇ ਤਹਿਤ ਦੋਵਾਂ ਰਾਜਾਂ ਵਿਚਕਾਰ ਨਿਯਮਤ ਬੱਸ ਸੇਵਾਵਾਂ ਦਾ ਸੰਚਾਲਨ ਕੀਤਾ ਜਾਵੇਗਾ, ਜਿਸ ਨਾਲ ਯਾਤਰੀਆਂ ਨੂੰ ਕਿਫ਼ਾਇਤੀ ਦਰਾਂ 'ਤੇ ਸੁਰੱਖਿਅਤ, ਆਰਾਮਦਾਇਕ ਅਤੇ ਗੁਣਵੱਤਾ ਭਰਪੂਰ ਜਨਤਕ ਟ੍ਰਾਂਸਪੋਰਟ ਸਹੂਲਤ ਉਪਲਬਧ ਹੋਵੇਗੀ।
ਇਨ੍ਹਾਂ ਸ਼ਹਿਰਾਂ ਵਿਚਕਾਰ ਚੱਲੇਗੀ ਆਧੁਨਿਕ ਏਸੀ ਬੱਸ ਸੇਵਾ
ਦੋਪੱਖੀ ਸਮਝੌਤੇ ਤਹਿਤ ਹਰਿਆਣਾ ਦੇ ਗੁਰੂਗ੍ਰਾਮ, ਅੰਬਾਲਾ, ਸੋਨੀਪਤ, ਪਾਣੀਪਤ ਸਮੇਤ ਹੋਰ ਨਿਰਧਾਰਤ ਸ਼ਹਿਰਾਂ ਤੋਂ ਬਿਹਾਰ ਰਾਜ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਛੇ ਡਿਵੀਜ਼ਨਾਂ—ਪਟਨਾ, ਪੂਰਨੀਆ, ਗਯਾ, ਮੁਜ਼ੱਫਰਪੁਰ, ਦਰਭੰਗਾ ਅਤੇ ਭਾਗਲਪੁਰ—ਲਈ ਆਧੁਨਿਕ ਏਸੀ ਬੱਸਾਂ ਦਾ ਨਿਯਮਤ ਸੰਚਾਲਨ ਕੀਤਾ ਜਾਵੇਗਾ। ਬੱਸਾਂ ਦਾ ਸੰਚਾਲਨ ਨਿਰਧਾਰਤ ਟਾਈਮ-ਟੇਬਲ ਅਨੁਸਾਰ ਹੋਵੇਗਾ, ਜਿਸ ਨਾਲ ਯਾਤਰੀਆਂ ਨੂੰ ਭਰੋਸੇਯੋਗ ਅਤੇ ਸਮੇਂ ਸਿਰ ਟ੍ਰਾਂਸਪੋਰਟ ਸੇਵਾ ਉਪਲਬਧ ਹੋ ਸਕੇਗੀ।
ਨਿੱਜੀ ਟ੍ਰਾਂਸਪੋਰਟ 'ਤੇ ਨਿਰਭਰਤਾ ਹੋਵੇਗੀ ਘੱਟ
ਵਧੀਕ ਮੁੱਖ ਸਕੱਤਰ ਸ਼੍ਰੀ ਰਾਜਾ ਸੇਖਰ ਵੁੰਡਰੂ ਨੇ ਕਹਿਣਾ ਕਿ ਬਿਹਾਰ ਨਾਲ ਹੋਇਆ ਇਹ ਸਮਝੌਤਾ ਅੰਤਰ-ਰਾਜੀ ਜਨਤਕ ਟ੍ਰਾਂਸਪੋਰਟ ਨੈੱਟਵਰਕ ਦੇ ਵਿਸਤਾਰ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਇਸ ਨਾਲ ਯਾਤਰੀਆਂ ਨੂੰ ਘੱਟ ਕਿਰਾਏ 'ਤੇ ਗੁਣਵੱਤਾ ਭਰਪੂਰ ਏਸੀ ਬੱਸ ਸੇਵਾ ਉਪਲਬਧ ਹੋਵੇਗੀ ਅਤੇ ਨਿੱਜੀ ਟ੍ਰਾਂਸਪੋਰਟ 'ਤੇ ਉਨ੍ਹਾਂ ਦੀ ਨਿਰਭਰਤਾ ਵੀ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦਾ ਉਦੇਸ਼ ਸੂਬੇ ਨੂੰ ਦੇਸ਼ ਦੇ ਪ੍ਰਮੁੱਖ ਰਾਜਾਂ ਨਾਲ ਬਿਹਤਰ ਅਤੇ ਸੁਵਿਵਸਥਿਤ ਬੱਸ ਸੇਵਾਵਾਂ ਰਾਹੀਂ ਜੋੜਨਾ ਹੈ, ਤਾਂ ਜੋ ਆਮ ਨਾਗਰਿਕਾਂ ਨੂੰ ਸੁਰੱਖਿਅਤ, ਸੁਵਿਧਾਜਨਕ ਅਤੇ ਕਿਫ਼ਾਇਤੀ ਯਾਤਰਾ ਦਾ ਲਾਭ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਹਰਿਆਣਾ ਦੇਸ਼ ਦੇ ਪ੍ਰਮੁੱਖ ਉਦਯੋਗਿਕ ਅਤੇ ਰੁਜ਼ਗਾਰ ਉਪਲਬਧ ਕਰਵਾਉਣ ਵਾਲੇ ਰਾਜਾਂ ਵਿੱਚੋਂ ਇੱਕ ਹੈ। ਗੁਰੂਗ੍ਰਾਮ, ਸੋਨੀਪਤ, ਪਾਣੀਪਤ ਅਤੇ ਅੰਬਾਲਾ ਵਰਗੇ ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਬਿਹਾਰ ਦੇ ਲੋਕ ਨਿੱਜੀ ਕੰਪਨੀਆਂ, ਉਦਯੋਗਿਕ ਇਕਾਈਆਂ, ਨਿਰਮਾਣ ਖੇਤਰ, ਸੇਵਾ ਖੇਤਰ, ਵਪਾਰ ਅਤੇ ਹੋਰ ਕਾਰੋਬਾਰਾਂ ਵਿੱਚ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ, ਵਪਾਰੀ ਅਤੇ ਹੋਰ ਯਾਤਰੀ ਵੀ ਨਿਯਮਤ ਰੂਪ ਵਿੱਚ ਦੋਵਾਂ ਰਾਜਾਂ ਵਿਚਕਾਰ ਆਉਂਦੇ-ਜਾਂਦੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਇਹ ਬੱਸ ਸੇਵਾ ਕੇਵਲ ਯਾਤਰੀਆਂ ਦੀ ਸਹੂਲਤ ਤੱਕ ਸੀਮਤ ਨਹੀਂ ਰਹੇਗੀ, ਬਲਕਿ ਹਰਿਆਣਾ ਅਤੇ ਬਿਹਾਰ ਵਿਚਕਾਰ ਆਰਥਿਕ, ਉਦਯੋਗਿਕ, ਵਿਦਿਅਕ ਅਤੇ ਸਮਾਜਿਕ ਸਬੰਧਾਂ ਨੂੰ ਵੀ ਨਵੀਂ ਗਤੀ ਪ੍ਰਦਾਨ ਕਰੇਗੀ। ਦੋਵਾਂ ਰਾਜਾਂ ਵਿਚਕਾਰ ਆਉਣਾ-ਜਾਣਾ ਸੁਖਾਲਾ ਹੋਣ ਨਾਲ ਵਪਾਰਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ, ਰੁਜ਼ਗਾਰ ਦੇ ਅਵਸਰਾਂ ਤੱਕ ਪਹੁੰਚ ਆਸਾਨ ਹੋਵੇਗੀ ਅਤੇ ਨਿਵੇਸ਼ ਤੇ ਸੈਰ-ਸਪਾਟੇ (ਪਰਯਟਨ) ਨੂੰ ਵੀ ਉਤਸ਼ਾਹ ਮਿਲੇਗਾ। ਨਿਯਮਤ ਜਨਤਕ ਟ੍ਰਾਂਸਪੋਰਟ ਸੇਵਾ ਦੋਵਾਂ ਰਾਜਾਂ ਵਿਚਕਾਰ ਆਪਸੀ ਸੰਪਰਕ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗੀ।