ਜ਼ਿਲ੍ਹੇ ਵਿਚ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ (ਸਪੈਸ਼ਲ ਇੰਟੈਂਸਿਵ ਰਿਵੀਜ਼ਨ - ਐੱਸ.ਆਈ.ਆਰ.) ਦੌਰਾਨ ਵੋਟਰਾਂ ਦੇ ਗਣਨਾ ਫਾਰਮਾਂ ਦੀ 100 ਫ਼ੀਸਦੀ ਡਾਟਾ ਡਿਜੀਟਾਈਜ਼ੇਸ਼ਨ ਪੂਰੀ ਕਰਕੇ ਸਰਦੂਲਗੜ੍ਹ ਅਤੇ ਬੁਢਲਾਡਾ ਦੇ ਇੱਕ ਇੱਕ ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼) ਨੇ ਮਾਨਸਾ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ। ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਭੇਜੇ ਗਏ ਪ੍ਰਸ਼ੰਸ਼ਾ ਪੱਤਰ ਨਾਲ, ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਬੁਢਲਾਡਾ ਦੇ ਬੀ.ਐੱਲ.ਓ. ਰਾਜਿੰਦਰ ਸਿੰਘ ਅਤੇ ਸਰਦੂਲਗੜ੍ਹ ਦੇ ਬੀ.ਐੱਲ.ਓ. ਨਾਨਕ ਸਿੰਘ ਨੂੰ ਸਨਮਾਨਿਤ ਕੀਤਾ ਹੈ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਕੌਰ, ਆਈ.ਏ.ਐੱਸ ਨੇ ਦੋਵਾਂ ਬੀ.ਐੱਲ.ਓਜ਼ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਵਾਕਈ ਸ਼ਾਨਦਾਰ ਪ੍ਰਾਪਤੀ ਹੈ ਅਤੇ ਚੋਣ ਕਮਿਸ਼ਨ ਪੰਜਾਬ ਵੱਲੋਂ 100 ਫੀਸਦੀ ਡਿਜੀਟਾਈਜੇਸ਼ਨ ਕਰਨ ਵਾਲੇ ਸੌ ਬੂਥ ਲੈਵਲ ਅਫਸਰਾਂ ਨੂੰ ਪ੍ਰਸ਼ੰਸ਼ਾ ਪੱਤਰ ਦੇਣ ਦਾ ਐਲਾਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੋਵਾਂ ਬੀ.ਐਲ.ਓਜ਼ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਆਪਣੇ ਕੰਮ ਕਰਨ ਦੀ ਪ੍ਰਕਿਰਿਆ ਨੂੰ ਹੋਰਨਾਂ ਨਾਲ ਸਾਂਝਾ ਕਰਕੇ ਪ੍ਰੇਰਨਾਸ੍ਰੋਤ ਬਣਨ ਲਈ ਕਿਹਾ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ, ਸਹੀ ਅਤੇ ਭਰੋਸੇਯੋਗ ਬਣਾਉਣ ਵਿੱਚ ਬੀ.ਐੱਲ.ਓਜ਼ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ।
ਉਨ੍ਹਾਂ ਕਿਹਾ ਕਿ ਐੱਸ.ਆਈ.ਆਰ. ਤਹਿਤ 100 ਫ਼ੀਸਦੀ ਡਿਜੀਟਾਈਜ਼ੇਸ਼ਨ ਦਾ ਟੀਚਾ ਸਮੇਂ ਸਿਰ ਪੂਰਾ ਕਰਨਾ ਜ਼ਿੰਮੇਵਾਰੀ ਦੀ ਮਿਸਾਲ ਹੈ ਜਿਸ ਦੇ ਲਈ ਇਹ ਦੋਵੇਂ ਬੀ.ਐੱਲ.ਓਜ਼ ਸ਼ਲਾਘਾ ਦੇ ਪਾਤਰ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਇਨ੍ਹਾਂ ਬੀ.ਐੱਲ.ਓਜ਼ ਦੇ ਵੋਟਰ ਵੀ ਵਧਾਈ ਦੇ ਹੱਕਦਾਰ ਹਨ ਜਿੰਨ੍ਹਾਂ ਨੇ ਪੂਰਨ ਸਹਿਯੋਗ ਦਿੰਦਿਆ ਐੱਸ.ਆਈ.ਆਰ. ਪ੍ਰਕਿਰਿਆ ਨੂੰ ਮੁਕੰਮਲ ਕੀਤਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਬੀ.ਐੱਲ.ਓਜ਼ ਨੂੰ ਅਪੀਲ ਕੀਤੀ ਕਿ ਉਹ ਇਸੇ ਜਜ਼ਬੇ ਨਾਲ ਆਪਣੇ ਫ਼ਰਜ਼ ਨਿਭਾਉਣ ਅਤੇ ਚੋਣ ਕਮਿਸ਼ਨ ਵੱਲੋਂ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਅੰਜਾਮ ਦੇਣ। ਇਸ ਦੌਰਾਨ ਐੱਸ.ਡੀ.ਐੱਮ. ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ ਅਤੇ ਚੋਣ ਤਹਿਸੀਲਦਾਰ ਭੂਸ਼ਣ ਕੁਮਾਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।