ਪਿੰਡ ਮਜਾਰੀ ਸਥਿਤ ਪ੍ਰਾਚੀਨ 'ਸਿੱਧ ਸ੍ਰੀ ਬਾਬਾ ਬਾਲਕ ਨਾਥ ਮੰਦਿਰ' ਵਿਖੇ ਅੱਜ ਸ਼ਰਧਾ ਤੇ ਉਤਸਾਹ ਦੇ ਮਾਹੌਲ ਵਿੱਚ ਸ੍ਰੀ ਰਾਮ ਦਰਬਾਰ ਦੀ ਸਥਾਪਨਾ ਕੀਤੀ ਗਈ। ਇਸ ਪਵਿੱਤਰ ਮੂਰਤੀ ਸਥਾਪਨਾ ਸਮਾਰੋਹ ਦੌਰਾਨ ਇਲਾਕੇ ਭਰ ਤੋਂ ਪਹੁੰਚੇ ਹਜ਼ਾਰਾਂ ਸ਼ਰਧਾਲੂਆਂ ਵਿੱਚ ਭਾਰੀ ਆਸਥਾ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ।
ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਹਮੇਸ਼ਾ ਮੋਹਰੀ ਰਹਿਣ ਵਾਲੇ ਸਥਾਨਕ ਨੇਗੀ ਪਰਿਵਾਰ ਵੱਲੋਂ ਆਪਣੀ ਸਵਰਗੀ ਮਾਤਾ ਸ੍ਰੀਮਤੀ ਸਵਿਤਰੀ ਦੇਵੀ ਅਤੇ ਪਿਤਾ ਸਵਰਗੀ ਸ੍ਰੀ ਸ਼ੰਕਰ ਦਾਸ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਇਸ ਸ੍ਰੀ ਰਾਮ ਦਰਬਾਰ ਦੀ ਸਥਾਪਨਾ ਕਰਵਾਈ ਗਈ ਹੈ। ਇਹ ਸਮੁੱਚਾ ਕਾਰਜ ਸ੍ਰੀ ਸ੍ਰੀ 1008 ਸ੍ਰੀ ਹੇਮਾਨੰਦ ਮਹਾਰਾਜ ਜੀ ਦੀ ਸਰਪ੍ਰਸਤੀ ਅਤੇ ਯੋਗ ਅਗਵਾਈ ਹੇਠ ਪੂਰੇ ਵਿਧੀ-ਵਿਧਾਨ ਅਤੇ ਵੈਦਿਕ ਮੰਤਰੋਚਾਰ ਨਾਲ ਨੇਪਰੇ ਚੜ੍ਹਿਆ।
ਲੰਘੀ 5 ਜੁਲਾਈ (ਐਤਵਾਰ) ਨੂੰ ਬਰਮੋਤੀ ਵਿਖੇ ਮੂਰਤੀ ਇਸ਼ਨਾਨ (ਜਲ ਯਾਤਰਾ) ਦੀ ਰਸਮ ਨਾਲ ਆਰੰਭ ਹੋਈ ਇਹ ਮੂਰਤੀ ਸਥਾਪਨਾ ਪ੍ਰਕਿਰਿਆ ਅੱਜ 9 ਜੁਲਾਈ ਨੂੰ ਪੂਰਨ ਆਹੁਤੀ ਦੇ ਨਾਲ ਸੰਪੰਨ ਹੋਈ। ਸਮਾਗਮ ਦੇ ਅੰਤਿਮ ਦਿਨ ਪਹੁੰਚੇ ਉੱਘੇ ਭਜਨ ਗਾਇਕ ਅਜੈ ਮਾਹੀ ਨੇ ਪ੍ਰਭੂ ਮਹਿਮਾ ਦਾ ਗੁਣਗਾਨ ਕਰਦਿਆਂ ਆਪਣੀ ਸੁਰੀਲੀ ਆਵਾਜ਼ ਨਾਲ ਸਮੁੱਚੀ ਸੰਗਤ ਨੂੰ ਮੰਤਰ-ਮੁਗਧ ਕਰ ਦਿੱਤਾ।
ਅਯੋਧਿਆ ਵਿੱਚ 'ਰਾਮ ਲੱਲਾ' ਦੀ ਮਨਮੋਹਕ ਮੂਰਤੀ ਦੇ ਦਰਸ਼ਨਾਂ ਤੋਂ ਬਾਅਦ ਹੀ ਮਜਾਰੀ ਦੇ ਸ਼ਰਧਾਲੂਆਂ ਦੇ ਮਨਾਂ ਵਿੱਚ ਇਹ ਇੱਛਾ ਪੈਦਾ ਹੋਈ ਸੀ ਕਿ ਬਾਬਾ ਬਾਲਕ ਨਾਥ ਮੰਦਿਰ ਵਿਖੇ ਵੀ ਸ੍ਰੀ ਰਾਮ ਦਰਬਾਰ ਸਥਾਪਿਤ ਕੀਤਾ ਜਾਵੇ। ਪ੍ਰਭੂ ਸ੍ਰੀ ਰਾਮ ਜੀ ਦੀ ਅਪਾਰ ਕਿਰਪਾ ਸਦਕਾ ਮਹਿਜ਼ ਦੋ ਸਾਲਾਂ ਦੇ ਅੰਦਰ ਹੀ ਇਹ ਸੰਕਲਪ ਪੂਰਾ ਹੋ ਗਿਆ ਅਤੇ ਅੱਜ ਭਗਵਾਨ ਸ੍ਰੀ ਰਾਮ ਮੰਦਿਰ ਵਿੱਚ ਬਿਰਾਜਮਾਨ ਹੋ ਗਏ।
ਇਸ ਧਾਰਮਿਕ ਸਮਾਗਮ ਵਿੱਚ ਵੱਖ-ਵੱਖ ਪਿੰਡਾਂ ਤੋਂ ਇਕੱਤਰ ਹੋਈਆਂ ਸੰਗਤਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਪ੍ਰਬੰਧਕਾਂ ਵੱਲੋਂ ਆਈਆਂ ਸੰਗਤਾਂ ਲਈ ਅਟੁੱਟ ਲੰਗਰ ਵੀ ਵਰਤਾਇਆ ਗਿਆ।
ਅਯੋਧਿਆ ਪ੍ਰਾਣ-ਪ੍ਰਤਿਸ਼ਠਾ ਤੋਂ ਮਿਲੀ ਸੀ ਪ੍ਰੇਰਨਾ:
ਜ਼ਿਕਰਯੋਗ ਹੈ ਕਿ ਕਰੀਬ 500 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਜਦੋਂ 22 ਜਨਵਰੀ 2024 ਨੂੰ ਅਯੋਧਿਆ ਵਿਖੇ 'ਸ੍ਰੀ ਰਾਮ ਜਨਮ ਭੂਮੀ ਮੰਦਿਰ' ਦੀ ਪ੍ਰਾਣ-ਪ੍ਰਤਿਸ਼ਠਾ ਹੋਈ ਸੀ, ਤਾਂ ਉਸ ਇਤਿਹਾਸਕ ਪਲ ਨੂੰ ਲੈ ਕੇ ਪਿੰਡ ਮਜਾਰੀ ਦੇ ਲੋਕਾਂ ਵਿੱਚ ਵੀ ਭਾਰੀ ਭਾਵੁਕਤਾ ਸੀ। ਉਸ ਸਮੇਂ ਸਿੱਧ ਸ੍ਰੀ ਬਾਬਾ ਬਾਲਕ ਨਾਥ ਮੰਦਿਰ ਵਿਖੇ ਅਯੋਧਿਆ ਸਮਾਰੋਹ ਦੇ ਲਾਈਵ ਪ੍ਰਸਾਰਣ ਲਈ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਸਨ, ਜਿੱਥੇ ਸ਼ਰਧਾਲੂਆਂ ਦੀਆਂ ਅੱਖਾਂ ਖੁਸ਼ੀ ਦੇ ਹੰਝੂਆਂ ਨਾਲ ਨਮ ਹੋ ਗਈਆਂ ਸਨ।