ਮੋਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੋਹਾਲੀ ਹਲਕੇ ਦੇ ਪਿੰਡ ਸੈਦਪੁਰ ਦਾ ਦੌਰਾ ਕਰਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਿੰਡ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਿਹਾ ਕਿ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਕਈ ਸਾਲਾਂ ਤੋਂ ਪੰਚਾਇਤੀ ਜ਼ਮੀਨ 'ਤੇ ਆਪਣੇ ਮਕਾਨ ਬਣਾ ਕੇ ਰਹਿ ਰਹੇ ਗਰੀਬ ਪਰਿਵਾਰਾਂ ਨੂੰ ਘਰ ਖਾਲੀ ਕਰਨ ਜਾਂ ਢਾਹੁਣ ਸਬੰਧੀ ਨੋਟਿਸ ਭੇਜੇ ਜਾ ਰਹੇ ਹਨ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਹ ਉਹ ਪਰਿਵਾਰ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਅਤੇ ਸਾਲਾਂ ਦੀ ਮਿਹਨਤ ਨਾਲ ਆਪਣੇ ਸਿਰ ਉੱਤੇ ਛੱਤ ਬਣਾਈ ਹੈ। ਅਜਿਹੇ ਪਰਿਵਾਰਾਂ ਨੂੰ ਡਰ ਅਤੇ ਅਸੁਰੱਖਿਆ ਦੇ ਮਾਹੌਲ ਵਿੱਚ ਧੱਕਣਾ ਕਿਸੇ ਵੀ ਲੋਕ-ਹਿਤੈਸ਼ੀ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਫਰਜ਼ ਲੋਕਾਂ ਨੂੰ ਵਸਾਉਣਾ ਹੁੰਦਾ ਹੈ, ਨਾ ਕਿ ਉਨ੍ਹਾਂ ਨੂੰ ਉਜਾੜਨਾ। ਅੱਜ ਜਿਹੜੇ ਨੋਟਿਸ ਲੋਕਾਂ ਦੇ ਘਰਾਂ 'ਤੇ ਪਹੁੰਚ ਰਹੇ ਹਨ, ਉਹ ਉਨ੍ਹਾਂ ਦੇ ਸਿਰ ਉੱਤੇ ਤਲਵਾਰ ਵਾਂਗ ਲਟਕ ਰਹੇ ਹਨ। ਬੇਦੀ ਨੇ ਕਿਹਾ ਕਿ ਪਿੰਡ ਸੈਦਪੁਰ ਦੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਕਈ ਦਹਾਕਿਆਂ ਤੋਂ ਇੱਥੇ ਰਹਿ ਰਹੇ ਹਨ ਅਤੇ ਆਪਣੇ ਘਰਾਂ ਨੂੰ ਕਾਨੂੰਨੀ ਦਰਜਾ ਮਿਲਣ ਦੀ ਉਮੀਦ ਕਰ ਰਹੇ ਸਨ, ਪਰ ਇਸ ਦੀ ਬਜਾਏ ਉਨ੍ਹਾਂ ਨੂੰ ਨੋਟਿਸ ਮਿਲ ਰਹੇ ਹਨ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਸਾਰੇ ਨੋਟਿਸ ਤੁਰੰਤ ਵਾਪਸ ਲਏ ਜਾਣ ਅਤੇ ਲੋਕਾਂ ਨੂੰ ਤੰਗ-ਪਰੇਸ਼ਾਨ ਕਰਨ ਦੀ ਬਜਾਏ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 'ਮੇਰਾ ਘਰ ਮੇਰੇ ਨਾਮ' ਯੋਜਨਾ ਦਾ ਐਲਾਨ ਕੀਤਾ ਸੀ।
ਇਸ ਯੋਜਨਾ ਦਾ ਉਦੇਸ਼ ਪਿੰਡਾਂ ਅਤੇ ਸ਼ਹਿਰਾਂ ਦੀ 'ਲਾਲ ਲਕੀਰ' ਅੰਦਰ ਰਹਿ ਰਹੇ ਯੋਗ ਲੋਕਾਂ ਨੂੰ ਮਲਕੀਅਤ ਦੇ ਹੱਕ ਦੇਣਾ ਸੀ, ਤਾਂ ਜੋ ਲੰਬੇ ਸਮੇਂ ਤੋਂ ਆਪਣੇ ਘਰਾਂ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਕਾਨੂੰਨੀ ਸੁਰੱਖਿਆ ਮਿਲ ਸਕੇ। ਬੇਦੀ ਨੇ ਕਿਹਾ ਕਿ ਜੇ ਪਹਿਲਾਂ ਲੋਕਾਂ ਨੂੰ ਮਲਕੀਅਤ ਦੇ ਹੱਕ ਦੇਣ ਦੀ ਸੋਚ ਬਣ ਸਕਦੀ ਸੀ ਤਾਂ ਅੱਜ ਵੀ ਸਰਕਾਰ ਨੂੰ ਮਨੁੱਖੀ ਪੱਖ ਨੂੰ ਪਹਿਲ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਦੇ ਸਿਰ ਤੋਂ ਛੱਤ ਖੋਹਣ ਦੀ ਬਜਾਏ ਸਰਕਾਰ ਨੂੰ ਅਜਿਹੀ ਨੀਤੀ ਲਿਆਉਣੀ ਚਾਹੀਦੀ ਹੈ ਜਿਸ ਨਾਲ ਸਾਲਾਂ ਤੋਂ ਵੱਸਦੇ ਪਰਿਵਾਰਾਂ ਨੂੰ ਕਾਨੂੰਨੀ ਸੁਰੱਖਿਆ ਅਤੇ ਰਾਹਤ ਮਿਲੇ। ਸਾਬਕਾ ਡਿਪਟੀ ਮੇਅਰ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਹਰ ਢੁੱਕਵੇਂ ਮੰਚ 'ਤੇ ਉਠਾਉਣਗੇ ਅਤੇ ਪਿੰਡ ਵਾਸੀਆਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣਗੇ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਆਮ ਅਤੇ ਗਰੀਬ ਲੋਕਾਂ ਦੀ ਆਵਾਜ਼ ਬਣੀ ਹੈ ਅਤੇ ਅੱਗੇ ਵੀ ਬਣੀ ਰਹੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸੈਦਪੁਰ ਦੇ ਦੌਰੇ ਦੌਰਾਨ ਲੋਕਾਂ ਨੇ ਵੱਡੀ ਗਿਣਤੀ ਵਿੱਚ ਉਨ੍ਹਾਂ ਨਾਲ ਮੁਲਾਕਾਤ ਕਰਕੇ ਆਪਣੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕੋਈ ਨਵਾਂ ਚਿਹਰਾ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਹਲਕੇ ਵਿੱਚ ਕਰੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਏ।
ਪਿੰਡ ਵਾਸੀਆਂ ਨੇ ਇਸ ਮੌਕੇ ਕੁਲਜੀਤ ਸਿੰਘ ਬੇਦੀ ਨੂੰ ਪੂਰਨ ਸਮਰਥਨ ਦਾ ਭਰੋਸਾ ਦਿਵਾਇਆ। ਕੁਲਜੀਤ ਸਿੰਘ ਬੇਦੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਿੰਡ ਸੈਦਪੁਰ ਸਮੇਤ ਜਿੱਥੇ ਵੀ ਲੰਬੇ ਸਮੇਂ ਤੋਂ ਵੱਸਦੇ ਗਰੀਬ ਪਰਿਵਾਰਾਂ ਨੂੰ ਘਰਾਂ ਸਬੰਧੀ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਦੀ ਹਮਦਰਦੀ ਨਾਲ ਸਮੀਖਿਆ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਲ-ਨਾਲ ਮਨੁੱਖਤਾ ਅਤੇ ਸਮਾਜਿਕ ਨਿਆਂ ਨੂੰ ਵੀ ਬਰਾਬਰ ਤਰਜੀਹ ਮਿਲਣੀ ਚਾਹੀਦੀ ਹੈ, ਕਿਉਂਕਿ ਕਿਸੇ ਵੀ ਸਰਕਾਰ ਦੀ ਅਸਲ ਕਾਮਯਾਬੀ ਲੋਕਾਂ ਨੂੰ ਸੁਰੱਖਿਆ ਅਤੇ ਸਥਿਰਤਾ ਦੇਣ ਵਿੱਚ ਹੁੰਦੀ ਹੈ, ਨਾ ਕਿ ਉਨ੍ਹਾਂ ਦੇ ਸਿਰ ਤੋਂ ਛੱਤ ਖੋਹਣ ਵਿੱਚ। ਇਸ ਮੌਕੇ ਸੁਰਜੀਤ ਸਿੰਘ , ਕੁਲਤਾਰ ਸਿੰਘ ,ਲਖਵਿੰਦਰ ਸਿੰਘ, ਗੁਰਮੁੱਖ ਸਿੰਘ ਪ੍ਰਧਾਨ, ਸੁਖਦੀਪ ਸਿੰਘ, ਰਾਜਰਾਣੀ ਅਤੇ ਪੰਚ, ਸਰਪੰਚ ਸਮੇਤ ਪਿੰਡ ਵਾਸੀ ਹਾਜ਼ਰ ਰਹੇ।