ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਏ. ਸ਼੍ਰੀਨਿਵਾਸ ਨੇ ਸੋਸ਼ਲ ਮੀਡੀਆ 'ਤੇ "ਵੱਡੀ ਗਿਣਤੀ ਵਿੱਚ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਹਟਾਏ ਜਾਣ" ਸਬੰਧੀ ਖ਼ਬਰ ਨੂੰ ਭਰਮਾਊ ਅਤੇ ਤੱਥਹੀਣ ਦੱਸਿਆ ਹੈ। ਉਨ੍ਹਾਂ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਭਾਰਤ ਚੋਣ ਕਮਿਸ਼ਨ ਦਾ ਉਦੇਸ਼ ਹਰੇਕ ਯੋਗ ਭਾਰਤੀ ਨਾਗਰਿਕ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਕਿਸੇ ਵੀ ਅਯੋਗ ਵਿਅਕਤੀ ਦਾ ਨਾਮ ਸੂਚੀ ਵਿੱਚ ਸ਼ਾਮਲ ਹੋਣ ਤੋਂ ਰੋਕਣਾ ਹੈ।
ਉਨ੍ਹਾਂ ਦੱਸਿਆ ਕਿ 15 ਜੂਨ ਤੋਂ 14 ਜੁਲਾਈ 2026 ਤੱਕ ਚੱਲ ਰਹੇ ਗਣਨਾ ਪੜਾਅ (enumeration phase) ਦੌਰਾਨ ਹਰੇਕ ਮੌਜੂਦਾ ਵੋਟਰ ਨੂੰ ਬੂਥ ਲੈਵਲ ਅਧਿਕਾਰੀ ਵੱਲੋਂ ਗਣਨਾ ਪ੍ਰਵਾਨ-ਪੱਤਰ (enumeration form) ਉਪਲਬਧ ਕਰਵਾਇਆ ਜਾ ਰਿਹਾ ਹੈ। ਮੌਜੂਦਾ ਵੋਟਰ ਹਸਤਾਖਰਿਤ ਗਣਨਾ ਪ੍ਰਵਾਨ-ਪੱਤਰ ਜਮ੍ਹਾਂ ਕਰਨਗੇ ਅਤੇ ਉਨ੍ਹਾਂ ਦਾ ਨਾਮ ਬਿਨਾਂ ਕਿਸੇ ਵਾਧੂ ਦਸਤਾਵੇਜ਼ ਦੀ ਮੰਗ ਕੀਤੇ ਸ਼ੁਰੂਆਤੀ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ।
ਮੁੱਖ ਚੋਣ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਵੋਟਰਾਂ ਤੋਂ ਗਣਨਾ ਪ੍ਰਵਾਨ-ਪੱਤਰ ਪ੍ਰਾਪਤ ਨਹੀਂ ਹੋਵੇਗਾ, ਉਨ੍ਹਾਂ ਦਾ ਨਾਮ ਸਿਰਫ ਨਿਰਧਾਰਤ ਸਥਿਤੀਆਂ ਵਿੱਚ ਹੀ ਜਿਵੇਂ ਡੁਪਲੀਕੇਟ ਜਾਂ ਇੱਕ ਤੋਂ ਵੱਧ ਸਥਾਨਾਂ 'ਤੇ ਰਜਿਸਟ੍ਰੇਸ਼ਨ, ਮ੍ਰਿਤ ਵੋਟਰ, ਸਥਾਈ ਤੌਰ 'ਤੇ ਤਬਦੀਲ ਹੋਏ ਵੋਟਰ, ਗੈਰ-ਹਾਜ਼ਰ ਜਾਂ ਪਤਾ ਨਾ ਮਿਲਣ ਵਾਲੇ ਵੋਟਰ ਅਤੇ ਗਣਨਾ ਪ੍ਰਵਾਨ-ਪੱਤਰ 'ਤੇ ਹਸਤਾਖਰ ਕਰਨ ਤੋਂ ਇਨਕਾਰ ਕਰਨ ਵਾਲੇ ਮਾਮਲੇ ਸ਼ਾਮਲ ਹਨ। ਇਹਨਾਂ ਸਾਰੇ ਮਾਮਲਿਆਂ ਵਿੱਚ ਬੀਐਲਓ ਸਥਾਨਕ ਜਾਂਚ ਅਤੇ ਨਿਰਧਾਰਤ ਪ੍ਰਕਿਰਿਆ ਅਤੇ ਰਿਕਾਰਡ ਦੇ ਆਧਾਰ 'ਤੇ ਹੀ ਕਾਰਵਾਈ ਕਰੇਗਾ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਦੇ ਗਣਨਾ ਪ੍ਰਵਾਨ-ਪੱਤਰ ਪ੍ਰਾਪਤ ਨਹੀਂ ਹੋਣਗੇ, ਉਨ੍ਹਾਂ ਦੇ ਸਬੰਧ ਵਿੱਚ ਬੀਐਲਓ ਸਥਾਨਕ ਜਾਂਚ ਦੇ ਆਧਾਰ 'ਤੇ ਸੰਭਾਵਿਤ ਕਾਰਨ ਜਿਵੇਂ ਗੈਰ-ਹਾਜ਼ਰੀ, ਤਬਦੀਲੀ, ਮ੍ਰਿਤ, ਡੁਪਲੀਕੇਟ ਸੂਚੀ ਤਿਆਰ ਕਰੇਗਾ। ਇਸ ਸੂਚੀ 'ਤੇ ਬੂਥ ਲੈਵਲ ਅਧਿਕਾਰੀਆਂ ਅਤੇ ਰਾਜਨੀਤਿਕ ਦਲਾਂ ਦੇ ਬੂਥ ਲੈਵਲ ਏਜੰਟਾਂ ਦੀ ਮੀਟਿੰਗ ਆਯੋਜਿਤ ਕੀਤੀ ਜਾਵੇਗੀ ਅਤੇ ਸੂਚੀ ਨੂੰ ਸਬੰਧਤ ਦਫ਼ਤਰਾਂ ਦੇ ਨੋਟਿਸ ਬੋਰਡਾਂ ਅਤੇ ਵਿਭਾਗੀ ਵੈੱਬਸਾਈਟ 'ਤੇ ਵੀ ਜਾਰੀ ਕੀਤਾ ਜਾਵੇਗਾ।
ਸਾਰੇ ਯੋਗ ਵੋਟਰਾਂ ਨੂੰ ਮਿਲੇਗਾ ਮੌਕਾ
14 ਜੁਲਾਈ ਤੱਕ ਮੌਜੂਦਾ ਵੋਟਰ ਹਸਤਾਖਰਿਤ ਗਣਨਾ ਪ੍ਰਵਾਨ-ਪੱਤਰ ਜਮ੍ਹਾਂ ਕਰਨਗੇ ਅਤੇ ਉਨ੍ਹਾਂ ਦਾ ਨਾਮ ਸ਼ੁਰੂਆਤੀ ਵੋਟਰ ਸੂਚੀ 2026 ਵਿੱਚ ਸ਼ਾਮਲ ਕੀਤਾ ਜਾਵੇਗਾ। ਗਣਨਾ ਪੜਾਅ ਦੌਰਾਨ ਕਿਸੇ ਵੀ ਪ੍ਰਕਾਰ ਦਾ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਇਆ ਜਾਵੇਗਾ। ਵੋਟਰ ਖੁਦ, ਪਰਿਵਾਰ ਦਾ ਕੋਈ ਬਾਲਗ ਮੈਂਬਰ ਅਤੇ ਆਨਲਾਈਨ ਰਾਹੀਂ ਵੀ ਗਣਨਾ ਪ੍ਰਵਾਨ-ਪੱਤਰ ਭਰ ਸਕਦਾ ਹੈ।
ਦਾਅਵਾ ਅਤੇ ਇਤਰਾਜ਼ ਦਾ ਮੌਕਾ
ਸ੍ਰੀ ਏ. ਸ਼੍ਰੀਨਿਵਾਸ ਨੇ ਕਿਹਾ ਕਿ 21 ਜੁਲਾਈ ਤੋਂ 20 ਅਗਸਤ 2026 ਤੱਕ ਦਾਅਵਾ ਅਤੇ ਇਤਰਾਜ਼ ਮਿਆਦ ਦੌਰਾਨ ਹਰੇਕ ਯੋਗ ਨਾਗਰਿਕ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਮਿਲੇਗਾ। ਕੋਈ ਵੀ ਯੋਗ ਨਾਗਰਿਕ ਫਾਰਮ-6 ਰਾਹੀਂ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਅਤੇ ਫਾਰਮ-8 ਰਾਹੀਂ ਲੋੜੀਂਦੀ ਸੋਧ ਕਰਵਾਉਣ ਲਈ ਅਰਜ਼ੀ ਦੇ ਸਕਦਾ ਹੈ।
ਉਨ੍ਹਾਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾ ਦੀ ਅਫਵਾਹ, ਭਰਮਾਊ ਸੂਚਨਾ ਜਾਂ ਗਲਤ ਪ੍ਰਚਾਰ 'ਤੇ ਵਿਸ਼ਵਾਸ ਨਾ ਕਰਨ ਅਤੇ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਆਪਣਾ ਹਸਤਾਖਰਿਤ ਗਣਨਾ ਪ੍ਰਵਾਨ-ਪੱਤਰ ਜ਼ਰੂਰ ਜਮ੍ਹਾਂ ਕਰਨ, ਤਾਂ ਜੋ ਉਨ੍ਹਾਂ ਦਾ ਨਾਮ ਸ਼ੁਰੂਆਤੀ ਵੋਟਰ ਸੂਚੀ ਵਿੱਚ ਸੁਰੱਖਿਅਤ ਰੂਪ ਵਿੱਚ ਸ਼ਾਮਲ ਕੀਤਾ ਜਾ ਸਕੇ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਹਰਿਆਣਾ ਵਿੱਚ 1 ਜੁਲਾਈ 2026 ਨੂੰ ਦੁਪਹਿਰ 2:00 ਵਜੇ ਤੱਕ 95.09 ਪ੍ਰਤੀਸ਼ਤ ਗਣਨਾ ਪ੍ਰਵਾਨ-ਪੱਤਰ ਵੰਡੇ ਜਾ ਚੁੱਕੇ ਹਨ ਅਤੇ 32.66 ਪ੍ਰਤੀਸ਼ਤ ਗਣਨਾ ਪ੍ਰਵਾਨ-ਪੱਤਰਾਂ ਦਾ ਡਿਜੀਟਲੀਕਰਨ ਵੀ ਪੂਰਾ ਕੀਤਾ ਜਾ ਚੁੱਕਿਆ ਹੈ।
ਉਨ੍ਹਾਂ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਪੂਰੀ ਜਾਂਚ ਅਤੇ ਤਸਦੀਕ ਤੋਂ ਬਾਅਦ ਹੀ SIR-2026 ਦੀ ਪ੍ਰਕਿਰਿਆ ਨੂੰ ਪਾਰਦਰਸ਼ੀ, ਨਿਰਪੱਖ ਅਤੇ ਸਮਾਂਬੱਧ ਢੰਗ ਨਾਲ ਪੂਰਾ ਕਰਵਾਉਣ।