ਬੱਚਿਆਂ ਦੇ ਸਰਬਪੱਖੀ ਵਿਕਾਸ ਤਹਿਤ ਕਿੱਤਾ ਹੁਨਰ ਦੇ ਨਾਲ ਘਟਨਾਵਾਂ ਤੇ ਆਫਤਾਂ ਨੂੰ ਨਿਜੱਠਣ ਲਈ ਸੋਸਲ ਵੈਲਫੇਅਰ ਐਂਡ ਅਵੈਅਰਨਸ ਸੁਸਾਇਟੀ (ਰਜਿ:) ਬਟਾਲਾ ਵੱਲੋਂ ਨਾਗਰਿਕ ਸੁਰੱਖਿਆ ਕੈਂਪ ਦਾ ਆਯੋਜਨ ਕੀਤਾ। ਜਿਸ ਵਿਚ ਸਿਵਲ ਡਿਫੈਂਸ ਬਟਾਲਾ ਵਲੋਂ ਪੋਸਟ ਵਾਰਡਨ ਹਰਬਖਸ਼ ਸਿੰਘ ਤੇ ਸੀਡੀ ਵਲੰਟੀਅਰ ਮਨਿੰਦਰ ਕੌਰ, ਮਹਿਮਾਨ ਰਤਨ ਬਟਵਾਲ (ਉਘੇ ਸਮਾਜ ਸੇਵਕ) ਪ੍ਰਧਾਨ ਜਤਿੰਦਰ ਸਿੰਘ, ਅਧਿਆਪਕ ਸਿਮਰਨਜੀਤ ਕੌਰ ਤੇ ਰਣਦੀਪ ਕੌਰ ਦੇ ਨਾਲ ਸਿੱਖਿਆਰਥਣਾ ਹਾਜ਼ਰ ਸਨ।
ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਦਸਿਆ ਕਿ ਕੁਦਰਤੀ ਆਫਤਾਂ ਮਨੁੱਖੀ ਇਤਿਹਾਸ ਜਿੰਨੀਆਂ ਹੀ ਪੁਰਾਣੀਆਂ ਹਨ। ਇਹਨਾਂ ਵਿਚ ਦਿਨੋ ਦਿਨ ਵਾਧੇ ਕਾਰਣ, ਜਾਨ ਮਾਲ ਦੇ ਨੁਕਸਾਨ ਨੇ ਕੌਮੀ ਅਤੇ ਕੌਮਾਂਤਰੀ ਤੌਰ 'ਤੇ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਹਨਾਂ ਆਫਤਾਂ ਨੂੰ ਰੋਕਿਆ ਨਹੀ ਜਾ ਸਕਦਾ ਹੈ ਪਰ ਨੁਕਸਾਨ ਨੂੰ ਘੱਟ ਜਰੂਰ ਕੀਤਾ ਜਾ ਸਕਦਾ ਹੈ।
ਅਗੇ ਦਸਿਆ ਕਿ ਆਫਤਾਂ ਵੀ ਦੋ ਕਿਸਮ ਦੀਆਂ ਹਨ ਜਿਵੇਂ ਕਿ ਕੁਦਰਤੀ ਆਫਤਾਂ ਅਤੇ ਗੈਰ ਕੁਦਰਤੀ ਆਫਤਾਂ (ਮਨੁੱਖ ਦੁਆਰਾ ਪੈਦਾ ਕੀਤੀਆਂ)। ਕੁਦਰਤੀ ਆਫਤਾਂ ਵਿਚ ਭੁਚਾਲ, ਜੰਗਲ ਅੱਗ, ਹੜ੍ਹ, ਸੁਨਾਮੀ, ਚੱਕਰਵਾਤ, ਢਾਹ, ਤੂਫਾਨ, ਜਵਾਲਾ ਮੁੱਖੀ, ਜਮੀਨ ਦਾ ਧਸਣਾ, ਅਸਮਾਨੀ ਬਿਜਲੀ, ਫਲੈਸ਼ ਫਲੱਡ ਆਦਿ।
ਗੈਰ ਕੁਦਰਤੀ ਆਫਤਾਂ ਵਿਚ ਜੰਗ, ਸੜਕ, ਰੇਲ, ਹਵਾਈ ਹਾਦਸੇ, ਅੱਗ ਦਾ ਲੱਗਣਾ, ਬੰਬ ਧਮਾਕੇ, ਆਤੰਕਵਾਦ, ਮਾਹਾਂਮਾਰੀਆਂ, ਵਾਤਾਵਰਣ ਪ੍ਰਦੂਸ਼ਨ, ਬਹੁ-ਮੰਜ਼ਲਾਂ ਇਮਾਰਤਾਂ ਦਾ ਡਿੱਗਣਾ, ਗੈਸ ਰਸਾਵ, ਜੀਵਾਣੂ ਆਫਤਾਂ ਅਤੇ ਮਹਾਂਮਾਰੀਆਂ, ਕੀੜੇ-ਮਕੌੜਿਆਂ ਦਾ ਹਮਲਾ, ਪਾਲਤੂ ਪਸ਼ੂਆਂ ਦੀ ਮਹਾਂਮਾਰੀ ਆਦਿ। ਇਸ ਤੋਂ ਬਾਅਦ ਸੀਡੀ ਵਲੰਟੀਅਰ ਮਨਿੰਦਰ ਕੌਰ ਵਲੋਂ ਸਿਵਲ ਡਿਫੈਂਸ ਕੈਂਪਾਂ ਦੋਰਾਨ ਸਿਖਾਏ ਜਾਂਦੇ ਸੁਰੱਖਿਆ ਗੁਰ ਕਿਵੇ ਕੀਮਤੀ ਜਾਨਾਂ ਬਚਾ ਸਕਦੇ ਹਾਂ ਇਸ ਬਾਰੇ ਵੀਚਾਰ ਤੇ ਨਿਜੀ ਅਨੁਭਵ ਸਾਂਝੇ ਕੀਤੇ।
ਇਹਨਾਂ ਆਫਤਾਂ ਮੋਕੇ ਕੀ ਕਰੀਏ-ਕੀ ਨਾ ਕਰੀਏ ਬਾਰੇ ਸਿੱਖਿਅਤ ਹੋਣਾ ਬਹੁਤ ਹੀ ਜਰੂਰੀ ਹੈ ਨਾਲ ਹੀ ਸੀਡੀ ਵਲੰਟੀਅਰ ਬਨਣ ਲਈ ਪ੍ਰੇਰਤ ਕੀਤਾ ਤਾਂ ਜੋ ਦੇਸ਼ ਦੀ ਨਿਸ਼ਕਾਮ ਸੇਵਾ ਕੀਤੀ ਜਾ ਸਕੇ। ਇਸੇ ਦੋਰਾਨ ਜਸਲੀਨ ਕੌਰ ਤੇ ਅਮਨ ਵਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।
ਆਖਰ ਵਿਚ ਰਤਨ ਬਟਵਾਲ ਤੇ ਪ੍ਰਧਾਨ ਜਤਿੰਦਰ ਸਿੰਘ ਵਲੋਂ ਟੀਮ ਸਿਵਲ ਡਿਫੈਂਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਨਾਗਰਿਕ ਸੁਰੱਖਿਆ ਹਰੇਕ ਨਾਗਰਿਕ ਲਈ ਬਹੁਤ ਹੀ ਜਰੂਰੀ ਤੇ ਲਾਜ਼ਮੀ ਹੈ।