ਲਾਲੜੂ ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਉਪਰੰਤ ਅੱਜ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕਰਵਾਈ ਗਈ। ਚੋਣ ਦੌਰਾਨ ਵਾਰਡ ਨੰਬਰ 6 ਤੋਂ ਕੌਂਸਲਰ ਸ. ਜੋਰਾਵਰ ਸਿੰਘ ਨੂੰ ਸਰਬਸੰਮਤੀ ਨਾਲ ਨਗਰ ਕੌਂਸਲ ਦਾ ਪ੍ਰਧਾਨ, ਵਾਰਡ ਨੰਬਰ 8 ਤੋਂ ਕੌਂਸਲਰ ਸ੍ਰੀ ਹਰੀਸ਼ ਮਦਾਨ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ 4 ਤੋਂ ਕੌਂਸਲਰ ਸ੍ਰੀ ਅਮਨ ਰਾਣਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ।
ਇਸ ਮੌਕੇ ਵਿਧਾਇਕ ਸ੍ਰੀ ਕੁਲਜੀਤ ਸਿੰਘ ਰੰਧਾਵਾ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਲਾਲੜੂ ਦੇ ਸ਼ਹਿਰੀ ਵੋਟਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਨਗਰ ਕੌਂਸਲ ਦੀਆਂ 17 ਵਿੱਚੋਂ 13 ਸੀਟਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਦਿਵਾਈ। ਵਿਧਾਇਕ ਰੰਧਾਵਾ ਨੇ ਕਿਹਾ ਕਿ ਹੁਣ ਸਮੂਹ ਕੌਂਸਲਰਾਂ ਦੀ ਜ਼ਿੰਮੇਵਾਰੀ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਨਾਗਰਿਕਾਂ ਨੂੰ ਸਾਫ਼-ਸਫ਼ਾਈ, ਪੀਣ ਵਾਲਾ ਪਾਣੀ, ਸੜਕਾਂ, ਸੀਵਰੇਜ ਅਤੇ ਹੋਰ ਮੁੱਢਲੀਆਂ ਨਾਗਰਿਕ ਸਹੂਲਤਾਂ ਸਮੇਂ ਸਿਰ ਉਪਲਬਧ ਕਰਵਾਉਣ ਦੀ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਹੀ ਨਵੇਂ ਚੁਣੇ ਗਏ ਨੁਮਾਇੰਦਿਆਂ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਇਸ ਮੌਕੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰੀ ਪਰਮਿੰਦਰ ਸਿੰਘ ਗੋਲਡੀ ਵੀ ਹਾਜ਼ਰ ਸਨ।