ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਅਤੇ ਰਾਜ ਸਭਾ ਮੈਂਬਰ ਤਰੁਣ ਚੁਘ ਨੇ ਕਿਹਾ ਕਿ 2021 ਵਿੱਚ ਪੰਜਾਬ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਨਾਲ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਗਿਆ ਵਾਅਦਾ ਅੱਜ 52 ਮਹੀਨੇ ਬਾਅਦ ਵੀ ਅਧੂਰਾ ਪਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਮਹਿਲਾ ਸਨਮਾਨ ਦੇ ਨਾਮ 'ਤੇ ਸਿਰਫ਼ ਤਰੀਖਾਂ ਹੀ ਦਿੱਤੀਆਂ ਹਨ।
ਮਾਰਚ 2022, ਅਕਤੂਬਰ 2022, ਜਨਵਰੀ 2023, ਨਵੰਬਰ 2023, ਅਪ੍ਰੈਲ 2025, ਜਨਵਰੀ 2026 ਅਤੇ ਹੁਣ ਇੱਕ ਹੋਰ ਨਵੀਂ ਘੋਸ਼ਣਾ ਕਰਕੇ ਪੰਜਾਬ ਦੀਆਂ ਮਹਿਲਾਵਾਂ ਨੂੰ ਲਗਾਤਾਰ ਗੁੰਮਰਾਹ ਕੀਤਾ ਜਾ ਰਿਹਾ ਹੈ। ਚੁਘ ਨੇ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਹੁਣ ਨਵੀਆਂ ਘੋਸ਼ਣਾਵਾਂ ਨਹੀਂ, ਆਪਣਾ ਪੂਰਾ ਬਕਾਇਆ ਚਾਹੀਦਾ ਹੈ।
ਚੁਘ ਨੇ ਕਿਹਾ ਕਿ ਅੱਜ ਪੰਜਾਬ ਦੀ ਹਰ ਯੋਗ ਮਹਿਲਾ ਦਾ ਲਗਭਗ 53 ਹਜ਼ਾਰ ਰੁਪਏ ਬਕਾਇਆ ਹੈ ਅਤੇ ਲੱਖਾਂ ਮਹਿਲਾਵਾਂ ਆਪਣੀ ਪਾਈ-ਪਾਈ ਦਾ ਹਿਸਾਬ ਮੰਗ ਰਹੀਆਂ ਹਨ। ਕਦੇ 1100 ਰੁਪਏ ਪ੍ਰਤੀ ਮਹੀਨਾ, ਕਦੇ 1000 ਰੁਪਏ ਅਤੇ ਹੁਣ 3000 ਰੁਪਏ ਦੀ ਨਵੀਂ ਘੋਸ਼ਣਾ ਕਰਕੇ ਸਰਕਾਰ ਆਪਣੀ 52 ਮਹੀਨਿਆਂ ਦੀ ਵਾਅਦਾ ਖ਼ਿਲਾਫ਼ੀ ਨਹੀਂ ਲੁਕਾ ਸਕਦੀ।
ਉਨ੍ਹਾਂ ਕਿਹਾ ਕਿ ਇਹ ਮਹਿਲਾ ਸਸ਼ਕਤੀਕਰਨ ਨਹੀਂ, ਸਗੋਂ ਪੰਜਾਬ ਦੀਆਂ ਮਹਿਲਾਵਾਂ ਨਾਲ ਕੀਤਾ ਗਿਆ ਸੋਚਿਆ-ਸਮਝਿਆ ਰਾਜਨੀਤਿਕ ਧੋਖਾ ਹੈ। ਚੁਘ ਨੇ ਕਿਹਾ ਕਿ ਜਿਸ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਰੂ ਦ੍ਰੋਹੀ ਕਰਾਰ ਦਿੱਤਾ ਹੋਵੇ ਅਤੇ ਜਿਸ ਦੇ ਸਮਾਜਿਕ ਬਹਿਸਕਾਰ ਦਾ ਹੁਕਮ ਜਾਰੀ ਹੋਇਆ ਹੋਵੇ, ਉਸ ਨੂੰ ਇੱਕ ਪਲ ਲਈ ਵੀ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਖੁਦ ਭਗਵੰਤ ਮਾਨ ਨੇ ਵੀਡੀਓ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਸੀ ਅਤੇ ਹੁਣ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਨਾ ਤਾਂ ਵੀਡੀਓ ਏਆਈ ਨਾਲ ਬਣਾਈ ਗਈ ਸੀ ਅਤੇ ਨਾ ਹੀ ਉਸ ਨਾਲ ਕੋਈ ਛੇੜਛਾੜ ਹੋਈ ਸੀ। ਚੁਘ ਨੇ ਕਿਹਾ ਕਿ ਅੱਜ ਪੰਜਾਬ ਦੇ ਮੰਤਰੀ, ਵਿਧਾਇਕ ਅਤੇ ਅਧਿਕਾਰੀ ਇਸ ਦੋਵਿਧਾ ਵਿੱਚ ਹਨ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦਾ ਸਤਿਕਾਰ ਕਰਨ ਜਾਂ ਭਗਵੰਤ ਮਾਨ ਦੇ ਰਾਜਨੀਤਿਕ ਦਬਾਅ ਅੱਗੇ ਝੁਕਣ।
ਉਨ੍ਹਾਂ ਕਿਹਾ ਕਿ ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਚੁਣੌਤੀ ਦੇਣ ਵਾਲਾ ਵਿਅਕਤੀ ਪੰਜਾਬ ਦੀ ਅਗਵਾਈ ਨਹੀਂ ਕਰ ਸਕਦਾ। ਚੁਘ ਨੇ ਕਿਹਾ ਕਿ ਜਿਸ ਸੂਬੇ ਵਿੱਚ ਨਸ਼ਾ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਾ ਹੋਵੇ, ਉੱਥੇ ਮੁੱਖ ਮੰਤਰੀ ਲੋਕਾਂ ਦਾ ਧਿਆਨ ਭਟਕਾਉਣ ਲਈ ਹਰ ਰੋਜ਼ ਨਵੇਂ ਰਾਜਨੀਤਿਕ ਹਥਕੰਡੇ ਅਪਣਾ ਰਹੇ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਵਿਰੋਧ ਕਰਨ ਵਾਲਿਆਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕਰਵਾਏ ਗਏ ਅਤੇ ਹੁਣ ਨਵੀਆਂ ਘੋਸ਼ਣਾਵਾਂ ਰਾਹੀਂ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪੰਜਾਬ ਦੀ ਜਨਤਾ ਹੁਣ ਪੂਰੀ ਸੱਚਾਈ ਸਮਝ ਚੁੱਕੀ ਹੈ। ਚੁਘ ਨੇ ਕਿਹਾ ਕਿ ਭਾਜਪਾ ਦੇ ਰਾਸ਼ਟਰੀ ਅਧਿਆਕਸ਼ ਨਿਤਿਨ ਨਬੀਨ ਦੇ ਪੰਜਾਬ ਦੌਰੇ ਨੇ ਪਾਰਟੀ ਕਾਰਕੁਨਾਂ ਵਿੱਚ ਨਵਾਂ ਜੋਸ਼, ਨਵੀਂ ਊਰਜਾ ਅਤੇ ਨਵਾਂ ਆਤਮਵਿਸ਼ਵਾਸ ਪੈਦਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦਾ ਸੰਗਠਨ ਤੇਜ਼ੀ ਨਾਲ ਮਜ਼ਬੂਤ ਹੋ ਰਿਹਾ ਹੈ ਅਤੇ ਹੁਣ 2027 ਵਿੱਚ ਪੰਜਾਬ ਵਿੱਚ ਬਦਲਾਅ ਨੂੰ ਕੋਈ ਨਹੀਂ ਰੋਕ ਸਕਦਾ। ਪੰਜਾਬ ਦੀ ਜਨਤਾ ਝੂਠੇ ਵਾਅਦਿਆਂ, ਅਰਾਜਕਤਾ ਅਤੇ ਰਾਜਨੀਤਿਕ ਧੋਖੇ ਤੋਂ ਮੁਕਤੀ ਚਾਹੁੰਦੀ ਹੈ ਅਤੇ ਭਾਜਪਾ ਪੰਜਾਬ ਨੂੰ ਸੁਰੱਖਿਅਤ, ਖੁਸ਼ਹਾਲ ਅਤੇ ਸਨਮਾਨਜਨਕ ਭਵਿੱਖ ਦੇਣ ਲਈ ਵਚਨਬੱਧ ਹੈ।