ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਵਿੱਚ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਪਿੰਡਾਂ ਦੀਆਂ ਪੰਚਾਇਤਾਂ, ਡਿਫੈਂਸ ਕਮੇਟੀਆਂ ਅਤੇ ਆਮ ਲੋਕ ਪੂਰਨ ਤੌਰ ‘ਤੇ ਸਹਿਯੋਗ ਦੇ ਰਹੇ ਹਨ। ਪੰਜਾਬ ਸਰਕਾਰ ਜਿੱਥੇ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰਕੇ ਸੂਬੇ ਵਿਚੋਂ ਨਸ਼ਿਆਂ ਦਾ ਮੁਕੰਮਲ ਤੌਰ ਤੇ ਖਾਤਮਾ ਕਰ ਰਹੀ ਹੈ, ਉਥੇ ਹੀ ਨਸ਼ਿਆਂ ਦੀ ਗ੍ਰਿਫ਼ਤ ਵਿਚ ਫਸੇ ਨੌਜਵਾਨਾਂ ਦਾ ਨਸ਼ਾ ਛੁਡਵਾ ਕੇ ਉਨ੍ਹਾਂ ਨੂੰ ਮੁੜ ਤੋਂ ਆਪਣੇ ਪੈਰਾਂ ਤੇ ਖੜੇ ਵੀ ਕਰ ਰਹੀ ਹੈ, ਤਾਂ ਜੋ ਉਹ ਸਮਾਜ ਵਿਚ ਬਿਹਤਰ ਜਿੰਦਗੀ ਬਤੀਤ ਕਰ ਸਕਣ।
ਇਹ ਪ੍ਰਗਟਾਵਾ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤੀ ਦੇਣ ਅਤੇ ਪਿੰਡ/ਵਾਰਡ ਪੱਧਰ 'ਤੇ ਜਾਗਰੂਕਤਾ ਵਧਾਉਣ ਦੇ ਮਕਸਦ ਨਾਲ ਕੋਟਕਪੂਰਾ ਵਿਖੇ ਵਿਲੇਜ ਡਿਫੈਂਸ ਕਮੇਟੀਆਂ ਅਤੇ ਵਾਰਡ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਹਲਕਾ ਇੰਚਾਰਜਾਂ, ਬਲਾਕ ਕੋਆਰਡੀਨੇਟਰਾਂ, ਵਲੰਟੀਅਰਾਂ, ਪੰਚਾਇਤੀ ਨੁਮਾਇੰਦਿਆਂ ਅਤੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਨਾਲ ਜਨ-ਜਾਗਰੂਕਤਾ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਿਚਾਰ-ਵਟਾਂਦਰਾ ਕੀਤਾ।
ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਕਿਸੇ ਇੱਕ ਦੀ ਨਹੀਂ ਸਗੋਂ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ। ਜੇਕਰ ਹਰ ਜਾਗਰੂਕ ਨਾਗਰਿਕ ਆਪਣਾ ਫਰਜ਼ ਸਮਝ ਕੇ ਇਸ ਮੁਹਿੰਮ ਵਿੱਚ ਯੋਗਦਾਨ ਪਾਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੌਜਵਾਨਾਂ ਨੁੰ ਖੇਡਾਂ ਵੱਲ ਉਤਸ਼ਾਹਿਤ ਕਰਦਿਆਂ ਪ੍ਰੇਰਿਤ ਕੀਤਾ ਕਿ ਪੰਜਾਬ ਸਰਕਾਰ ਪਿੰਡਾਂ ਵਿੱਚ ਖੇਡ ਮੈਦਾਨ ਬਣਾ ਰਹੀ ਹੈ ਤਾਂ ਜੋ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਖੇਡ ਸਹੂਲਤਾਂ ਮਿਲ ਸਕਣ ਅਤੇ ਉਹ ਖੇਡਾਂ ਵਿੱਚ ਆਪਣਾ ਨਾਮ ਚਮਕਾਉਣ ਤੇ ਸੂਬੇ ਦਾ ਨਾਮ ਰੋਸ਼ਨ ਕਰਨ।
ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜ ਕੇ ਨਸ਼ਿਆਂ ਜਿਹੀਆਂ ਮਾੜੀਆਂ ਅਲਾਮਤਾਂ ਤੋਂ ਬਚਿਆ ਜਾ ਸਕਦਾ ਹੈ ਤੇ ਸੂਬੇ ਦੀ ਜਵਾਨੀ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਨਸ਼ੇ ਦੀ ਬੁਰਾਈ ਵਿਰੁੱਧ ਇਕੱਠੇ ਹੋ ਰਹੇ ਹਨ । ਆਮ ਆਦਮੀ ਪਾਰਟੀ ਦਾ ਇਹ ਮਿਸ਼ਨ ਸਿਰਫ਼ ਰਾਜਨੀਤਕ ਨਹੀਂ, ਸਗੋਂ ਇਕ ਸਮਾਜਿਕ ਇਨਕਲਾਬ ਹੈ ਜੋ ਨਵੇਂ ਅਤੇ ਸਿਹਤਮੰਦ ਪੰਜਾਬ ਦੀ ਨੀਂਹ ਰੱਖ ਰਿਹਾ ਹੈ। ਸਰਕਾਰ ਦੀ ਇਹ ਪਹਿਲ ਸਿਰਫ ਪੁਲਿਸ ਕਾਰਵਾਈ ਤੱਕ ਸੀਮਤ ਨਹੀਂ, ਸਗੋਂ ਆਮ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਹੈ। ਜੇਕਰ ਲੋਕ ਨਿਡਰ ਹੋ ਕੇ ਸੂਚਨਾ ਦੇਣ ਤਾਂ ਨਸ਼ਾ ਤਸਕਰੀ ਦੇ ਜਾਲ ਨੂੰ ਤੋੜਨ ਵਿੱਚ ਵੱਡੀ ਮੱਦਦ ਮਿਲ ਸਕਦੀ ਹੈ।
ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਬੀ.ਸੀ ਵਿੰਗ ਪੰਜਾਬ ਪ੍ਰਧਾਨ ਸੁਖਜੀਤ ਸਿੰਘ ਢਿੱਲਵਾਂ, ਸੁਖਵੰਤ ਸਿੰਘ ਪੱਕਾ, ਸੁਖਦੀਪ ਸਿੰਘ ਹਲਕਾ ਕੋਆਰਡੀਨੇਟਰ, ਐਸ ਡੀ ਐਮ ਕੋਟਕਪੂਰਾ ਰਾਜਿੰਦਰ ਸਿੰਘ, ਤਹਿਸੀਲਦਾਰ ਪਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਗੁਰਚਰਨ ਸਿੰਘ, ਬੀ.ਡੀ.ਪੀ.ਓ ਵਿਕਾਸ ਸ਼ਰਮਾ, ਸਿਮਰਨਜੀਤ ਸਿੰਘ ਐਮ.ਸੀ.ਸਰਪੰਚ ਦਿਲਬਾਗ ਸਿੰਘ ਚੰਬੇਲੀ, ਹੈਪੀ ਚੰਬੇਲੀ, ਗੁਰਸੇਵਕ ਸਿੰਘ ਬਰਾੜ, ਗੁਰਵਿੰਦਰ ਸਿੰਘ ਬਿੱਲਾ, ਸਰਪੰਚ ਬਲਦੇਵ ਸਿੰਘ ਤੋਂ ਇਲਾਵਾ ਸਮੂਹ ਬਲਾਕ ਕੋਆਰਡੀਨੇਟਰ ਹਾਜ਼ਰ ਸਨ।