ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਅਹੀਰਵਾਲ ਦੇ ਸੰਘਰਸ਼ ਅਤੇ ਕੁਰਬਾਨੀ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਨਾਰਨੌਲ ਦੇ ਨਸੀਬਪੁਰ ਵਿੱਚ ਇੱਕ ਸ਼ਾਨਦਾਰ ਸ਼ਹੀਦੀ ਸਮਾਰਕ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਜ਼ਰੀਏ ਵੱਧ ਤੋਂ ਵੱਧ ਲੋਕ ਇੱਥੇ ਆ ਕੇ ਅਹੀਰਵਾਲ ਦੇ ਸ਼ਹੀਦਾਂ ਦੀ ਕੁਰਬਾਨੀ ਤੋਂ ਜਾਣੂ ਹੋ ਸਕਣਗੇ।
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਇਹ ਗੱਲ ਬੁੱਧਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿੱਚ ਨਸੀਬਪੁਰ ਵਿਖੇ ਬਣਨ ਵਾਲੇ ਸ਼ਹੀਦੀ ਸਮਾਰਕ ਦੇ ਸਬੰਧ ਵਿੱਚ ਆਯੋਜਿਤ ਮੀਟਿੰਗ ਦੀ ਅਗਵਾਈ ਕਰਦਿਆਂ ਕਹੀ। ਇਸ ਦੌਰਾਨ ਉਨ੍ਹਾਂ ਦੇ ਸਾਹਮਣੇ ਇੱਕ ਪ੍ਰੈਜ਼ੈਂਟੇਸ਼ਨ ਦਿੱਤੀ ਗਈ। ਮੁੱਖ ਮੰਤਰੀ ਨੇ ਸ਼ਹੀਦੀ ਸਮਾਰਕ ਦੇ ਡਿਜ਼ਾਈਨ, ਸੰਕਲਪ ਅਤੇ ਨਿਰਮਾਣ ਆਦਿ ਦੇ ਸਬੰਧ ਵਿੱਚ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਦਿੱਤੇ।
ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਸੀਬਪੁਰ ਵਿੱਚ 42 ਕਨਾਲ 10 ਮਰਲੇ ਰਕਬੇ ਵਿੱਚ ਸ਼ਾਨਦਾਰ ਸ਼ਹੀਦੀ ਸਮਾਰਕ ਦਾ ਨਿਰਮਾਣ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦੀ ਸਮਾਰਕ ਵਿੱਚ 500-600 ਲੋਕਾਂ ਲਈ ਓਪਨ ਏਅਰ ਥੀਏਟਰ, ਲਾਈਟ ਐਂਡ ਸਾਊਂਡ ਸ਼ੋਅ ਦਾ ਪ੍ਰਬੰਧ, 6 ਗੈਲਰੀਆਂ, ਆਡੀਟੋਰੀਅਮ, ਐਡਮਿਨ ਬਲਾਕ ਸਮੇਤ ਹੋਰ ਨਿਰਮਾਣ ਕਾਰਜ ਕਰਵਾਏ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦੀ ਸਮਾਰਕ ਦੇ ਵਿਚਕਾਰ ਆਉਣ ਵਾਲੇ ਤਾਲਾਬ ਦਾ ਨਵੀਨੀਕਰਨ ਕਰਕੇ ਇਸ ਨੂੰ ਵੀ ਦੇਖਣਯੋਗ ਬਣਾਇਆ ਜਾਵੇਗਾ ਅਤੇ ਇਸ ਦੇ ਪਾਣੀ ਨੂੰ ਸਾਫ਼ ਰੱਖਣ ਲਈ ਵੱਖਰੇ ਤੌਰ 'ਤੇ ਐਸ.ਟੀ.ਪੀ. ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦੀ ਸਮਾਰਕ ਕੰਪਲੈਕਸ ਵਿੱਚ ਇੱਕ ਵਿਸ਼ਾਲ ਤਿਰੰਗਾ ਝੰਡਾ ਸਥਾਪਿਤ ਕਰਵਾਇਆ ਜਾਵੇਗਾ ਜੋ ਇੱਥੇ ਆਉਣ ਵਾਲਿਆਂ ਦੇ ਮਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰੇਗਾ।
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਸ਼ਹੀਦੀ ਸਮਾਰਕ ਵਿੱਚ ਹਰਿਆਵਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਗੱਡੀਆਂ ਦੀ ਪਾਰਕਿੰਗ ਲਈ ਵੀ ਉਚਿਤ ਪ੍ਰਬੰਧ ਕੀਤੇ ਜਾਣ ਤਾਂ ਜੋ ਇੱਥੇ ਆਉਣ ਵਾਲੇ ਦਰਸ਼ਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਹੀਰਵਾਲ ਦੀ ਧਰਤੀ ਹਮੇਸ਼ਾ ਤੋਂ ਹੀ ਦਿੱਲੀ ਦੀ ਰੱਖਿਆ ਕਵਚ ਰਹੀ ਹੈ ਅਤੇ ਇਹ ਸੁਤੰਤਰਤਾ ਦੇ ਉਦਘੋਸ਼) ਦੀ ਭੂਮੀ ਹੈ।
ਉਨ੍ਹਾਂ ਕਿਹਾ ਕਿ ਇੱਥੋਂ ਦੇ ਜਵਾਨਾਂ ਨੇ ਨਾ ਸਿਰਫ਼ ਆਜ਼ਾਦੀ ਸੰਗਰਾਮ ਵਿੱਚ ਸਗੋ ਉਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੋਈਆਂ ਸਾਰੀਆਂ ਲੜਾਈਆਂ ਅਤੇ ਜੰਗਾਂ ਵਿੱਚ ਆਪਣੀ ਮਾਤਭੂਮੀ ਦੀ ਰੱਖਿਆ ਲਈ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸ਼ਹੀਦੀ ਸਮਾਰਕ ਵਿੱਚ ਸਾਰੇ ਕਾਲਖੰਡਾਂ ਵਿੱਚ ਦੇਸ਼ ਲਈ ਕੁਰਬਾਨੀ ਦੇਣ ਵਾਲੇ ਅਹੀਰਵਾਲ ਦੇ ਸਾਰੇ ਸ਼ਹੀਦਾਂ ਦੇ ਨਾਂ ਉਜਾਗਰ ਕੀਤੇ ਜਾਣਗੇ।
ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ਼੍ਰੀ ਕੇ.ਐਮ. ਪਾਂਡੂਰੰਗ ਨੇ ਦੱਸਿਆ ਕਿ ਨਸੀਬਪੁਰ ਦੇ ਸ਼ਹੀਦੀ ਸਮਾਰਕ ਦਾ ਪ੍ਰਭਾਵੀ ਡਿਜ਼ਾਈਨ ਅਤੇ ਕਨਸੈਪਟ ਤਿਆਰ ਕਰਵਾਉਣ ਲਈ ਕੰਸਲਟੈਂਸੀ ਫਰਮ ਦੀ ਚੋਣ ਕੀਤੀ ਜਾ ਚੁੱਕੀ ਹੈ। ਉਨ੍ਹਾਂ ਪ੍ਰੋਜੈਕਟ ਦੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਕੰਸਲਟੈਂਸੀ ਫਰਮ ਅੱਜ ਦੀ ਮੀਟਿੰਗ ਵਿੱਚ ਮਾਨਯੋਗ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਤੇ ਕਮੇਟੀ ਦੇ ਸੁਝਾਵਾਂ ਦੇ ਆਧਾਰ 'ਤੇ ਡਿਜ਼ਾਈਨਾਂ ਦੇ ਨਵੇਂ ਵਿਕਲਪ ਪੇਸ਼ ਕਰੇਗੀ। ਇਸ ਤੋਂ ਬਾਅਦ ਜੋ ਡਿਜ਼ਾਈਨ ਮਾਨਯੋਗ ਮੁੱਖ ਮੰਤਰੀ ਵੱਲੋਂ ਫਾਈਨਲ ਕੀਤਾ ਜਾਵੇਗਾ, ਉਸੇ ਅਨੁਸਾਰ ਨਸੀਬਪੁਰ ਦੇ ਸ਼ਹੀਦੀ ਸਮਾਰਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਜਾਵੇਗਾ।
ਇਸ ਮੌਕੇ ਉਦਯੋਗ ਅਤੇ ਵਣਜ, ਵਾਤਾਵਰਣ, ਅਤੇ ਫੌਜੀ ਅਤੇ ਨੀਮ-ਫੌਜੀ ਭਲਾਈ ਮੰਤਰੀ ਰਾਓ ਨਰਬੀਰ ਸਿੰਘ, ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ, ਨਾਰਨੌਲ ਦੇ ਵਿਧਾਇਕ ਸ਼੍ਰੀ ਓਮਪ੍ਰਕਾਸ਼ ਯਾਦਵ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ਼੍ਰੀ ਅਰੁਣ ਗੁਪਤਾ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ਼੍ਰੀ ਕੇ.ਐਮ. ਪਾਂਡੂਰੰਗ, ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਸ਼੍ਰੀ ਯਸ਼ਪਾਲ ਯਾਦਵ, ਏ.ਡੀ.ਪੀ.ਆਰ. ਕੈਪਟਨ ਮਨੀਸ਼ ਲੋਹਾਨ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।