ਹਰਿਆਣਾ ਦੀ ਸਿਹਤ, ਮੈਡੀਕਲ ਸਿੱਖਿਆ, ਖੋਜ ਅਤੇ ਆਯੂਸ਼ ਮੰਤਰੀ ਆਰਤੀ ਸਿੰਘ ਰਾਓ ਨੇ ਵੀਰਵਾਰ ਨੂੰ ਗੁਰੂਗ੍ਰਾਮ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕਰੀਬ 2 ਕਰੋੜ 86 ਲੱਖ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟ ਜਨਤਾ ਨੂੰ ਸਮਰਪਿਤ ਕੀਤੇ। ਇਸ ਮੌਕੇ ਤੇ ਪਟੌਦੀ ਦੀ ਵਿਧਾਇਕਾ ਸ੍ਰੀਮਤੀ ਬਿਮਲਾ ਚੌਧਰੀ ਵੀ ਮੌਜੂਦ ਸਨ।
ਸਿਹਤ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਹਰਿਆਣਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ ਹੋਣ ਕਾਰਨ ਇੱਥੇ ਸਿਹਤ ਸੇਵਾਵਾਂ ਦਾ ਲਗਾਤਾਰ ਵਿਸਥਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵੱਧਦੀ ਆਬਾਦੀ ਅਤੇ ਤੇਜ਼ ਸ਼ਹਿਰੀਕਰਨ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕਾਰਜ ਕਰ ਰਹੀ ਹੈ, ਤਾਂ ਜੋ ਆਮ ਲੋਕਾਂ ਨੂੰ ਬਿਹਤਰ, ਸੁਲਭ ਅਤੇ ਗੁਣਵੱਤਾ ਭਰਪੂਰ ਡਾਕਟਰੀ ਸਹੂਲਤਾਂ ਉਪਲਬਧ ਹੋ ਸਕਣ।
ਨਵੀਆਂ ਹਸਪਤਾਲ ਇਮਾਰਤਾਂ, ਉਪ-ਸਿਹਤ ਕੇਂਦਰਾਂ, ਬਲਾਕ ਪਬਲਿਕ ਹੈਲਥ ਯੂਨਿਟਾਂ ਅਤੇ ਆਧੁਨਿਕ ਡਾਕਟਰੀ ਸਹੂਲਤਾਂ ਰਾਹੀਂ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਸਿਹਤ ਖੇਤਰ ਵਿੱਚ ਲਗਾਤਾਰ ਇਤਿਹਾਸਕ ਬਦਲਾਅ ਲਿਆ ਰਹੀ ਹੈ।
ਸਰਕਾਰ ਦਾ ਟੀਚਾ ਹਰ ਨਾਗਰਿਕ ਤੱਕ ਸਮੇਂ ਸਿਰ ਬਿਹਤਰ ਸਿਹਤ ਸਹੂਲਤਾਂ ਪਹੁੰਚਾਉਣਾ ਹੈ। ਇਸੇ ਉਦੇਸ਼ ਤਹਿਤ ਸਿਹਤ ਬੁਨਿਆਦੀ ਢਾਂਚੇ ਦੇ ਵਿਸਥਾਰ, ਆਧੁਨਿਕ ਉਪਕਰਨਾਂ ਦੀ ਉਪਲਬਧਤਾ ਅਤੇ ਡਾਕਟਰੀ ਸੇਵਾਵਾਂ ਦੀ ਗੁਣਵੱਤਾ ਸੁਧਾਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰੇਹਾ ਹੈ।
ਉਨ੍ਹਾਂ ਕਿਹਾ ਕਿ ਗੁਰੂਗ੍ਰਾਮ ਸੂਬੇ ਦਾ ਅਜਿਹਾ ਜ਼ਿਲ੍ਹਾ ਹੈ ਜਿੱਥੇ ਸਭ ਤੋਂ ਵੱਧ ਸਬ-ਸੈਂਟਰ ਸਥਾਪਿਤ ਕੀਤੇ ਗਏ ਹਨ, ਜਿਸ ਨਾਲ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪ੍ਰਾਇਮਰੀ ਸਿਹਤ ਸੇਵਾਵਾਂ ਉਨ੍ਹਾਂ ਦੇ ਨੇੜੇ ਹੀ ਉਪਲਬਧ ਹੋ ਰਹੀਆਂ ਹਨ। ਆਰਤੀ ਸਿੰਘ ਰਾਓ ਨੇ ਦੱਸਿਆ ਕਿ ਗੁਰੂਗ੍ਰਾਮ ਵਿੱਚ ਸਿਹਤ ਸੇਵਾਵਾਂ ਦੇ ਵਿਸਥਾਰ ਅਤੇ ਆਮ ਲੋਕਾਂ ਨੂੰ ਬਿਹਤਰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕਈ ਨਵੇਂ ਵਿਕਾਸ ਪ੍ਰੋਜੈਕਟ ਵੀ ਪਾਈਪਲਾਈਨ ਵਿੱਚ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਬਾਘਨਕੀ ਖੇਤਰ ਵਿੱਚ ਇੱਕ ਨਵਾਂ ਪ੍ਰਾਇਮਰੀ ਹੈਲਥ ਸੈਂਟਰ ਸਥਾਪਿਤ ਕੀਤਾ ਜਾਵੇਗਾ, ਜਦਕਿ ਘਾਮੜੋਜ ਪਿੰਡ ਵਿੱਚ ਨਵਾਂ ਸਬ ਹੈਲਥ ਸੈਂਟਰ ਬਣਾਉਣਾ ਪ੍ਰਸਤਾਵਿਤ ਹੈ। ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਪੇਂਡੂ ਖੇਤਰਾਂ ਵਿੱਚ ਸਿਹਤ ਸਹੂਲਤਾਂ ਦੀ ਉਪਲਬਧਤਾ ਹੋਰ ਮਜ਼ਬੂਤ ਹੋਵੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਦੇ ਬਜਟ ਵਿੱਚ ਗੁਰੂਗ੍ਰਾਮ ਜ਼ਿਲ੍ਹੇ ਲਈ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ 'ਤੇ ਵਿਸ਼ੇਸ਼ ਫੋਕਸ ਕੀਤਾ ਗਿਆ ਹੈ। ਇਸੇ ਲੜੀ ਤਹਿਤ ਜ਼ਿਲ੍ਹੇ ਵਿੱਚ 8 ਨਵੇਂ ਸਬ-ਸੈਂਟਰ ਸਥਾਪਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਰਣਸੀਕਾ, ਰੀਠੋਜ ਅਤੇ ਸਿਧਾਰਵਾਲੀ ਵਿੱਚ ਤਿੰਨ ਨਵੇਂ ਪ੍ਰਾਇਮਰੀ ਹੈਲਥ ਸੈਂਟਰ ਸਥਾਪਿਤ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਿਹਤ ਸੰਸਥਾਵਾਂ ਦੇ ਸ਼ੁਰੂ ਹੋਣ ਨਾਲ ਆਸ-ਪਾਸ ਦੇ ਇਲਾਕਿਆਂ ਦੀ ਵੱਡੀ ਆਬਾਦੀ ਨੂੰ ਬਿਹਤਰ ਡਾਕਟਰੀ ਸਹੂਲਤਾਂ ਦਾ ਲਾਭ ਮਿਲੇਗਾ। ਆਰਤੀ ਸਿੰਘ ਰਾਓ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਹੋਰ ਸੁਦ੍ਰਿੜ ਕਰਨ ਦੇ ਉਦੇਸ਼ ਨਾਲ ਜ਼ਿਲ੍ਹੇ ਵਿੱਚ ਦੋ ਸਿਹਤ ਸੰਸਥਾਵਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਵਜੋਂ ਅਪਗ੍ਰੇਡ ਕੀਤਾ ਜਾਵੇਗਾ।
ਇਨ੍ਹਾਂ ਵਿੱਚ ਪੀ.ਐਚ.ਸੀ ਦੌਲਤਾਬਾਦ ਅਤੇ ਪੀ.ਐਚ.ਸੀ ਵਜ਼ੀਰਾਬਾਦ ਸ਼ਾਮਲ ਹਨ। ਇਨ੍ਹਾਂ ਸੰਸਥਾਵਾਂ ਦੇ ਅਪਗ੍ਰੇਡ ਹੋਣ ਨਾਲ ਮਾਹਿਰ ਸਿਹਤ ਸੇਵਾਵਾਂ, ਆਧੁਨਿਕ ਮੈਡੀਕਲ ਉਪਕਰਨ ਅਤੇ ਬਿਹਤਰ ਇਲਾਜ ਸਹੂਲਤਾਂ ਸਥਾਨਕ ਪੱਧਰ 'ਤੇ ਉਪਲਬਧ ਹੋ ਸਕਣਗੀਆਂ। ਸਿਹਤ ਮੰਤਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਵਿੱਚ ਸਿਹਤ ਖੇਤਰ ਨਾਲ ਜੁੜੇ ਸਾਰੇ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਨਿਯਮਤ ਨਿਗਰਾਨੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਪ੍ਰੋਜੈਕਟਾਂ ਨੂੰ ਨਿਰਧਾਰਤ ਸਮਾਂ ਸੀਮਾ ਵਿੱਚ ਪੂਰਾ ਕਰਨ ਦੇ ਨਾਲ-ਨਾਲ ਨਿਰਮਾਣ ਕਾਰਜਾਂ ਦੀ ਗੁਣਵੱਤਾ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਤਾਂ ਜੋ ਆਮ ਲੋਕਾਂ ਨੂੰ ਬਿਹਤਰ ਅਤੇ ਟਿਕਾਊ ਸਿਹਤ ਸਹੂਲਤਾਂ ਮਿਲ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸਿਹਤ ਸੇਵਾਵਾਂ ਦੇ ਵਿਸਥਾਰ ਨਾਲ ਸਬੰਧਤ ਹਰੇਕ ਪ੍ਰੋਜੈਕਟ ਦੀ ਸਮੇਂ-ਸਮੇਂ 'ਤੇ ਸਮੀਖਿਆ ਕੀਤੀ ਜਾਵੇ ਅਤੇ ਕੰਮਾਂ ਵਿੱਚ ਕਿਸੇ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਤਰਜੀਹ ਆਮ ਲੋਕਾਂ ਤੱਕ ਆਧੁਨਿਕ ਅਤੇ ਗੁਣਵੱਤਾ ਭਰਪੂਰ ਸਿਹਤ ਸਹੂਲਤਾਂ ਪਹੁੰਚਾਉਣਾ ਹੈ, ਇਸ ਲਈ ਸਾਰੇ ਵਿਕਾਸ ਕਾਰਜ ਪਾਰਦਰਸ਼ਤਾ ਅਤੇ ਉੱਚ ਗੁਣਵੱਤਾ ਦੇ ਮਾਪਦੰਡਾਂ ਅਨੁਸਾਰ ਪੂਰੇ ਕੀਤੇ ਜਾਣ। ਇਸ ਮੌਕੇ ਤੇ ਸਿਹਤ ਮੰਤਰੀ ਨੇ ਸਬ-ਡਵੀਜ਼ਨ ਸਿਵਲ ਹਸਪਤਾਲ ਹੇਲੀਮੰਡੀ ਵਿਖੇ ਲਗਭਗ 50 ਲੱਖ ਰੁਪਏ ਦੀ ਲਾਗਤ ਨਾਲ ਸਥਾਪਿਤ ਬਲਾਕ ਪਬਲਿਕ ਹੈਲਥ ਯੂਨਿਟ ਦਾ ਉਦਘਾਟਨ ਕੀਤਾ।
ਇਹ ਯੂਨਿਟ ਪਟੌਦੀ ਬਲਾਕ ਲਈ ਡਾਇਗਨੌਸਟਿਕ ਹੱਬ ਵਜੋਂ ਕੰਮ ਕਰੇਗੀ, ਜਿੱਥੇ ਐਚਬੀ, ਈਐਸਆਰ, ਆਰਬੀਐਸ, ਡੇਂਗੂ, ਮਲੇਰੀਆ, ਬਲੱਡ ਗਰੁੱਪ ਸਮੇਤ ਵੱਖ-ਵੱਖ ਲੈਬ ਟੈਸਟਾਂ ਦੀਆਂ ਸਹੂਲਤਾਂ ਉਪਲਬਧ ਹੋਣਗੀਆਂ। ਇਸ ਤੋਂ ਇਲਾਵਾ ਸਿਹਤ ਮੰਤਰੀ ਨੇ ਪਿੰਡ ਚੰਦੂ ਵਿੱਚ ਕਰੀਬ 89.45 ਲੱਖ ਰੁਪਏ ਦੀ ਲਾਗਤ ਨਾਲ ਬਣੀ ਆਮ ਉਪ-ਸਿਹਤ ਕੇਂਦਰ ਦੀ ਇਮਾਰਤ, ਨੂਰਗੜ੍ਹ ਅਤੇ ਮਹਚਾਨਾ ਪਿੰਡਾਂ ਵਿੱਚ ਬਣੇ ਨਵੇਂ ਉਪ-ਸਿਹਤ ਕੇਂਦਰਾਂ ਦੀਆਂ ਇਮਾਰਤਾਂ ਦਾ ਵੀ ਉਦਘਾਟਨ ਕੀਤਾ।
ਨੂਰਗੜ੍ਹ ਉਪ-ਸਿਹਤ ਕੇਂਦਰ ਦੀ ਇਮਾਰਤ ਲਗਭਗ 81.89 ਲੱਖ ਰੁਪਏ ਅਤੇ ਮਹਚਾਨਾ ਉਪ-ਸਿਹਤ ਕੇਂਦਰ ਦੀ ਇਮਾਰਤ ਲਗਭਗ 64.83 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਪੇਂਡੂ ਖੇਤਰਾਂ ਵਿੱਚ ਪ੍ਰਾਇਮਰੀ ਸਿਹਤ ਸੇਵਾਵਾਂ ਦੀ ਪਹੁੰਚ ਅਤੇ ਗੁਣਵੱਤਾ ਦੋਵਾਂ ਵਿੱਚ ਸੁਧਾਰ ਹੋਵੇਗਾ।