6–7 ਮਈ 2025 ਦੀ ਰਾਤ ਨੂੰ, ਭਾਰਤ ਨੇ 'ਆਪ੍ਰੇਸ਼ਨ ਸਿੰਦੂਰ' ਲਾਂਚ ਕੀਤਾ — ਇਹ 22 ਅਪ੍ਰੈਲ ਨੂੰ ਹੋਏ ਪਹਿਲਗਾਮ ਅੱਤਵਾਦੀ ਹਮਲੇ, ਜਿਸ ਵਿੱਚ 26 ਬੇਕਸੂਰ ਲੋਕਾਂ ਦੀ ਜਾਨ ਚਲੀ ਗਈ ਸੀ, ਦੇ ਜਵਾਬ ਵਿੱਚ ਚਲਾਇਆ ਗਿਆ ਇੱਕ ਯੋਜਨਾਬੱਧ ਅਤੇ ਸਮਾਂਬੱਧ ਫੌਜੀ ਅਭਿਆਨ ਸੀ। ਇਸ ਤੋਂ ਬਾਅਦ ਅਗਲੇ 88 ਘੰਟਿਆਂ ਵਿੱਚ ਜੋ ਕੁਝ ਹੋਇਆ, ਉਹ ਸਿਰਫ਼ ਇੱਕ ਫੌਜੀ ਹਮਲਾ ਨਹੀਂ ਸੀ, ਸਗੋਂ ਇਹ ਭਾਰਤ ਦੇ ਨਵੇਂ ਅਤੇ ਪੂਰੀ ਤਰ੍ਹਾਂ ਨਾਲ ਵਿਕਸਿਤ ਰਣਨੀਤਕ ਸਿਧਾਂਤ ਦਾ ਪ੍ਰਦਰਸ਼ਨ ਸੀ: ਇੱਕ ਅਜਿਹਾ ਸਿਧਾਂਤ, ਜਿਸ ਨੂੰ ਸਪਸ਼ਟ ਉਦੇਸ਼, ਤਕਨੀਕੀ ਆਤਮ-ਨਿਰਭਰਤਾ, ਰਾਜਨੀਤਿਕ ਦ੍ਰਿੜ ਇੱਛਾ-ਸ਼ਕਤੀ ਅਤੇ ਪੂਰੇ ਰਾਸ਼ਟਰ ਦੀ ਇਕਜੁੱਟਤਾ ਨਾਲ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ।
ਆਪ੍ਰੇਸ਼ਨ ਸਿੰਦੂਰ ਨੇ ਪਰਮਾਣੂ ਹਥਿਆਰਾਂ ਨਾਲ ਲੈਸ ਗੁਆਂਢੀ ਦੇਸ਼ਾਂ ਵਿਚਕਾਰ ਫੌਜੀ ਟਕਰਾਅ ਦੇ ਨਿਯਮਾਂ ਨੂੰ ਮੁੜ ਲਿਖਿਆ ਅਤੇ ਇੱਕ ਅਜਿਹੀ ਮਿਸਾਲ ਕਾਇਮ ਕੀਤੀ, ਜੋ ਆਉਣ ਵਾਲੇ ਕਈ ਦਹਾਕਿਆਂ ਤੱਕ ਦੱਖਣੀ ਏਸ਼ੀਆ ਦੀ ਸੁਰੱਖਿਆ ਦੀ ਦਿਸ਼ਾ ਤੈਅ ਕਰੇਗੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲੀ ਵਾਰ ਭਾਰਤ ਨੇ ਇੱਕ ਅਜਿਹੇ ਦੁਸ਼ਮਣ ਵਿਰੁੱਧ ਲੜਾਈ ਲੜੀ — ਅਤੇ ਜਿੱਤ ਹਾਸਲ ਕੀਤੀ — ਜੋ ਅਸਲ ਵਿੱਚ ਇੱਕ ਹੀ ਮੋਰਚੇ ‘ਤੇ ਦੋ ਦੇਸ਼ਾਂ ਦੀ ਸਾਂਝੀ ਤਾਕਤ ਦੇ ਰੂਪ ਵਿੱਚ ਸਾਹਮਣੇ ਆਇਆ ਸੀ।
ਚੀਨ ਨੇ ਖੁਦ ਨੂੰ ਇਸ ਮਾਮਲੇ ਤੋਂ ਵੱਖ ਰੱਖਿਆ, ਪਰ ਉਸ ਨੇ ਪਾਕਿਸਤਾਨ ਨੂੰ ਸਰਗਰਮ ਸੈਟੇਲਾਈਟ ਖੁਫੀਆ ਜਾਣਕਾਰੀ, ਇਲੈਕਟ੍ਰੌਨਿਕ ਯੁੱਧ ਵਿੱਚ ਸਹਾਇਤਾ, ਸਾਈਬਰ ਸਹਾਇਤਾ ਅਤੇ ਪੀਐੱਲ-15 ਵਰਗੀਆਂ ‘ਦ੍ਰਿਸ਼ਟੀ-ਸੀਮਾ ਤੋਂ ਪਰੇ’ (ਬੀਵੀਆਰ) ਮਿਜ਼ਾਈਲਾਂ ਸਮੇਤ ਮੋਹਰੀ ਮੋਰਚੇ ਦੇ ਫੌਜੀ ਸਾਜੋ-ਸਾਮਾਨ ਵੀ ਉਪਲਬਧ ਕਰਵਾਏ। ਭਾਰਤ ਨੇ ਇਨ੍ਹਾਂ ਦੋਵਾਂ ਦੀ ਸਾਂਝੀ ਤਾਕਤ ਨੂੰ ਹਰਾ ਦਿੱਤਾ।
ਨਿਯੰਤਰਿਤ ਯੁੱਧ ਦਾ ਸਿਧਾਂਤ
ਆਧੁਨਿਕ ਸੰਘਰਸ਼ਾਂ ਦੀ ਇੱਕ ਮੁੱਖ ਅਸਫਲਤਾ — ਰੂਸ-ਯੂਕਰੇਨ ਯੁੱਧ ਦੇ ਪੰਜ ਸਾਲ ਲੰਬੇ ਸੰਘਰਸ਼ ਤੋਂ ਲੈ ਕੇ ਪੱਛਮੀ ਏਸ਼ੀਆ ਦੇ ਯੁੱਧ ਖੇਤਰ ਤੱਕ — ਇਹ ਰਹੀ ਹੈ ਕਿ ਇਨ੍ਹਾਂ ਵਿੱਚ ਬਾਹਰ ਨਿਕਲਣ ਦੀ ਕੋਈ ਰਣਨੀਤੀ ਨਹੀਂ ਹੁੰਦੀ। ਅਜਿਹੇ ਅਭਿਆਨ, ਜਿਨ੍ਹਾਂ ਦਾ ਕੋਈ ਨਿਸ਼ਚਿਤ ਅੰਤ ਨਾ ਹੋਵੇ, ਅਰਥਵਿਵਸਥਾਵਾਂ ਨੂੰ ਕਮਜ਼ੋਰ ਕਰਦੇ ਹਨ, ਜਨਤਾ ਦੇ ਮਨੋਬਲ ਨੂੰ ਡੇਗਦੇ (ਗਿਰਾਉਂਦੇ) ਹਨ ਅਤੇ ਨਾ ਹੀ ਜਿੱਤ ਦਿਵਾਉਂਦੇ ਹਨ ਅਤੇ ਨਾ ਹੀ ਸ਼ਾਂਤੀ।
ਇਨ੍ਹਾਂ ਖੇਤਰਾਂ ਵਿੱਚ ਅਮਰੀਕਾ ਦਾ ਪਹਿਲਾਂ ਹੀ 27.68 ਅਰਬ ਡਾਲਰ ਤੋਂ ਵੱਧ ਖਰਚ ਹੋ ਚੁੱਕਿਆ ਹੈ ਅਤੇ ਇਸ ਦਾ ਕੋਈ ਨਿਸ਼ਚਿਤ ਅੰਤ ਵੀ ਨਜ਼ਰ ਨਹੀਂ ਆ ਰਿਹਾ ਹੈ। 'ਆਪ੍ਰੇਸ਼ਨ ਸਿੰਦੂਰ' ਨੇ ਸੋਚ-ਸਮਝ ਕੇ ਇਸ ਜਾਲ ਤੋਂ ਖੁਦ ਨੂੰ ਬਚਾਇਆ; ਉਸ ਨੇ ਉਹ ਕਰ ਦਿਖਾਇਆ ਜੋ ਬਹੁਤ ਘੱਟ ਆਧੁਨਿਕ ਫੌਜਾਂ ਕਰ ਪਾਉਂਦੀਆਂ ਹਨ: ਪਹਿਲੀ ਮਿਜ਼ਾਈਲ ਦਾਗੇ ਜਾਣ ਤੋਂ ਪਹਿਲਾਂ ਹੀ ਸਫਲਤਾ ਦੀ ਪਰਿਭਾਸ਼ਾ ਤੈਅ ਕਰ ਲੈਣਾ।
ਭਾਰਤ ਇਸ ਅਭਿਆਨ ਵਿੱਚ ਆਪਣੇ ਉਦੇਸ਼ ਨੂੰ ਲੈ ਕੇ ਪੂਰੀ ਤਰ੍ਹਾਂ ਸਪਸ਼ਟ ਸੀ: ਅੱਤਵਾਦੀ ਢਾਂਚੇ ਅਤੇ ਉਸ ਨੂੰ ਪਨਾਹ ਦੇਣ ਵਾਲਿਆਂ ਨੂੰ ਖ਼ਤਮ ਕਰਨਾ, ਦੁਸ਼ਮਣ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣਾ ਅਤੇ ਆਪਣੀਆਂ ਸ਼ਰਤਾਂ 'ਤੇ ਬਾਹਰ ਨਿਕਲ ਆਉਣਾ — ਜਿਸ ਵਿੱਚ ਕਿਸੇ ਵੀ ਪਾਸੇ ਆਮ ਨਾਗਰਿਕਾਂ ਨੂੰ ਕੋਈ ਨੁਕਸਾਨ ਨਾ ਹੋਵੇ। ਰਾਸ਼ਟਰੀ ਸੁਰੱਖਿਆ ਏਜੰਸੀਆਂ ਨੇ ਲੋੜੀਂਦੀ ਖੁਫੀਆ ਜਾਣਕਾਰੀ ਦੇ ਅਧਾਰ 'ਤੇ ਨੌਂ ਟੀਚੇ ਨਿਰਧਾਰਿਤ ਕੀਤੇ; ਇਨ੍ਹਾਂ ਵਿੱਚੋਂ ਹਰੇਕ ਨੂੰ ਲਸ਼ਕਰ-ਏ-ਤੈਯਬਾ, ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਈਕੋਸਿਸਟਮ ਨੂੰ ਬਣਾਈ ਰੱਖਣ ਵਿੱਚ ਉਨ੍ਹਾਂ ਦੀ ਵਿਸ਼ੇਸ਼ ਭੂਮਿਕਾ ਲਈ ਚੁਣਿਆ ਗਿਆ ਸੀ।
ਪਹਿਲਾ ਹਮਲਾ ਸਿਰਫ਼ 23 ਮਿੰਟਾਂ ਵਿੱਚ ਪੂਰਾ ਕਰ ਲਿਆ ਗਿਆ। ਪੂਰਾ ਅਭਿਆਨ 88 ਘੰਟਿਆਂ ਦੇ ਅੰਦਰ ਖ਼ਤਮ ਹੋ ਗਿਆ, ਇਸ ਤੋਂ ਬਾਅਦ ਭਾਰਤ ਨੇ ਦੁਸ਼ਮਣ ਨੂੰ ਆਪਣੀਆਂ ਸ਼ਰਤਾਂ 'ਤੇ ਜੰਗਬੰਦੀ ਲਈ ਮਜ਼ਬੂਰ ਕਰ ਦਿੱਤਾ — ਇਹ ਜੰਗਬੰਦੀ ਗੱਲਬਾਤ ਨਾਲ ਨਹੀਂ, ਸਗੋਂ ਦੁਸ਼ਮਣ ਨੂੰ ਹੋਰ ਵੀ ਜ਼ਿਆਦਾ ਅਤੇ ਵੱਡਾ ਨੁਕਸਾਨ ਪਹੁੰਚਾਉਣ ਦੀ ਪ੍ਰਦਰਸ਼ਿਤ ਸਮਰੱਥਾ ਕਾਰਨ ਹੋਈ। ਇਹ ਸਿਧਾਂਤ — ਉਦੇਸ਼ ਦੇ ਨਾਲ ਪ੍ਰਵੇਸ਼ ਕਰਨਾ, ਸ਼ੁੱਧਤਾ (ਸਟੀਕਤਾ) ਦੇ ਨਾਲ ਕਾਰਜ ਕਰਨਾ ਅਤੇ ਬਿਨਾਂ ਕਿਸੇ ਵਾਧੂ ਖਿੱਚ-ਧੂਹ ਦੇ ਬਾਹਰ ਨਿਕਲਣਾ — ਨਿਯੰਤਰਿਤ ਯੁੱਧ ਦੀ ਇੱਕ ਅਜਿਹੀ ਸ਼ੈਲੀ ਹੈ, ਜਿਸ ਦਾ ਪ੍ਰਦਰਸ਼ਨ ਆਧੁਨਿਕ ਫੌਜੀ ਇਤਿਹਾਸ ਵਿੱਚ ਵਿਰਲੇ ਹੀ ਦੇਖਣ ਨੂੰ ਮਿਲਦਾ ਹੈ।
ਆਉਣ ਵਾਲੇ ਵਰ੍ਹਿਆਂ ਵਿੱਚ, ਇਸ ਦਾ ਸਟਾਫ ਕਾਲਜਾਂ ਵਿੱਚ ਡੂੰਘਾਈ ਨਾਲ ਅਧਿਐਨ ਕੀਤਾ ਜਾਵੇਗਾ। ਦੁਸ਼ਮਣ ਦੇ ਗੜ੍ਹ ਵਿੱਚ ਡੂੰਘੀ ਸੱਟ ‘ਆਪ੍ਰੇਸ਼ਨ ਸਿੰਦੂਰ' ਦੇ ਭੂਗੋਲਿਕ ਦਾਇਰੇ ਨੇ ਪਿਛਲੀਆਂ ਸਾਰੀਆਂ ਸੀਮਾਵਾਂ ਨੂੰ ਤੋੜ ਦਿੱਤਾ। ਭਾਰਤ ਨੇ ਆਪਣੇ ਸ਼ੁਰੂਆਤੀ ਹਮਲੇ ਸਿਰਫ਼ ਪਾਕਿਸਤਾਨ-ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ (POJK) ਤੱਕ ਹੀ ਸੀਮਤ ਨਹੀਂ ਰੱਖੇ, ਸਗੋਂ ਉਹ ਪਾਕਿਸਤਾਨ ਦੇ ਮੁੱਖ ਭੂ-ਭਾਗ ਪੰਜਾਬ ਦੇ ਵੀ ਕਾਫ਼ੀ ਅੰਦਰ ਤੱਕ ਪਹੁੰਚ ਗਿਆ।
ਸਿਆਲਕੋਟ ਅਤੇ ਬਹਾਵਲਪੁਰ ਵਿੱਚ ਮੌਜੂਦ ਠਿਕਾਣਿਆਂ 'ਤੇ—ਜਿਨ੍ਹਾਂ ਵਿੱਚੋਂ ਬਹਾਵਲਪੁਰ ਭਾਰਤੀ ਸਰਹੱਦ ਤੋਂ 140 ਕਿਲੋਮੀਟਰ ਤੋਂ ਵੀ ਵੱਧ ਦੂਰ ਹੈ—ਬੇਹੱਦ ਸਟੀਕ ਹਮਲੇ ਕੀਤੇ ਗਏ। ਬਾਅਦ ਵਿੱਚ, ਰਾਵਲਪਿੰਡੀ ਦੇ ਕੋਲ ਸਥਿਤ ਨੂਰ ਖਾਨ ਏਅਰਬੇਸ ਅਤੇ ਸਰਗੋਧਾ ਵਿੱਚ ਮੌਜੂਦ ਪਰਮਾਣੂ-ਵਾਹਕ ਬੇਸ ਵਰਗੇ ਅਹਿਮ ਫੌਜੀ ਠਿਕਾਣਿਆਂ ਨੂੰ ਵੀ ਭਾਰਤ ਦੀ ਪ੍ਰਭਾਵਸ਼ਾਲੀ ਮਾਰਕ ਸਮਰੱਥਾ ਦੇ ਦਾਇਰੇ ਵਿੱਚ ਲਿਆਂਦਾ ਗਿਆ। ਨੂਰ ਖਾਨ ਏਅਰਬੇਸ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਅਤੇ ਉੱਥੋਂ ਦੇ ਫੌਜ ਹੈੱਡਕੁਆਰਟਰ ਰਾਵਲਪਿੰਡੀ ਦੇ ਬਿਲਕੁਲ ਨਜ਼ਦੀਕ ਹੈ; ਜਦਕਿ ਸਰਗੋਧਾ ਵਿੱਚ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਨੂੰ ਹਵਾਈ ਮਾਰਗ ਰਾਹੀਂ ਪਹੁੰਚਾਉਣ ਵਾਲਾ ਸਾਜੋ-ਸਾਮਾਨ ਮੌਜੂਦ ਹੈ।
ਸੰਦੇਸ਼ ਸਪਸ਼ਟ ਸੀ: ਕੋਈ ਵੀ ਠਿਕਾਣਾ ਸਾਡੀ ਪਹੁੰਚ ਤੋਂ ਬਾਹਰ ਨਹੀਂ ਹੈ।100 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ, ਜਿਨ੍ਹਾਂ ਵਿੱਚ ਕੁਝ ਵੱਡੇ ਅੱਤਵਾਦੀ ਵੀ ਸਨ: ਆਈਸੀ-814 ਅਗਵਾ ਕਾਂਡ ਨਾਲ ਜੁੜਿਆ ਯੂਸੁਫ਼ ਅਜ਼ਹਰ, ਅਬਦੁਲ ਮਲਿਕ ਰਊਫ਼ ਅਤੇ ਪੁਲਵਾਮਾ ਹਮਲੇ ਨਾਲ ਜੁੜਿਆ ਮੁਦੱਸਿਰ ਅਹਿਮਦ।
ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਦੇ ਪਰਿਵਾਰ ਦੇ ਦਸ ਮੈਂਬਰਾਂ ਨੂੰ ਬਹਾਵਲਪੁਰ ਸਥਿਤ ਹੈੱਡਕੁਆਰਟਰ ਵਿੱਚ ਮਾਰ ਦਿੱਤਾ ਗਿਆ। ਇਨ੍ਹਾਂ ਹਮਲਿਆਂ ਨੇ ਪਾਕਿਸਤਾਨ ਦੀ ਸ਼ਹਿ 'ਤੇ ਕੰਮ ਕਰਨ ਵਾਲੇ ਸਭ ਤੋਂ ਖਤਰਨਾਕ ਅੱਤਵਾਦੀ ਸੰਗਠਨਾਂ ਦੀ ਕਮਾਂਡ-ਪ੍ਰਣਾਲੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
ਸ਼ਾਇਦ ਸਭ ਤੋਂ ਅਹਿਮ ਗੱਲ ਇਹ ਹੈ ਕਿ ਆਪ੍ਰੇਸ਼ਨ ਸਿੰਦੂਰ' ਨੇ ਪਰਮਾਣੂ ਬਲੈਕਮੇਲ ਦੀ ਪੋਲ ਖੋਲ੍ਹ ਦਿੱਤੀ। ਦਹਾਕਿਆਂ ਤੱਕ, ਪਾਕਿਸਤਾਨ ਦੀ ਪਰਮਾਣੂ ਛੱਤਰ-ਛਾਂ ਦੀ ਵਰਤੋਂ ਰਾਜ-ਸਪਾਂਸਰ ਅੱਤਵਾਦ ਨੂੰ ਛੋਟ ਦੇਣ ਲਈ ਕੀਤੀ ਜਾਂਦੀ ਰਹੀ — ਇਸ ਦੇ ਪਿੱਛੇ ਇੱਕ ਅਣਕਿਹਾ ਅਨੁਮਾਨ ਇਹ ਸੀ ਕਿ ਭਾਰਤ ਕਦੇ ਵੀ ਤਣਾਅ ਵਧਾਉਣ ਦਾ ਜੋਖਮ ਨਹੀਂ ਉਠਾਏਗਾ। ਭਾਰਤ ਨੇ ਇਸ ਅਨੁਮਾਨ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰ ਦਿੱਤਾ।
ਭਾਰਤ ਦੀ ਡੂੰਘੀ ਅਤੇ ਨਿਰਣਾਇਕ ਤੌਰ ‘ਤੇ ਹਮਲਾ ਕਰਨ ਦੀ ਤਿਆਰੀ — ਜਿਸ ਵਿੱਚ ਪਾਕਿਸਤਾਨ ਦੇ ਪਰਮਾਣੂ ਹਵਾਈ ਬੇੜੇ ਵਾਲੇ ਠਿਕਾਣੇ 'ਤੇ ਹਮਲਾ ਵੀ ਸ਼ਾਮਲ ਸੀ — ਨੇ ਸਾਬਤ ਕਰ ਦਿੱਤਾ ਕਿ ਸਮੀਕਰਣ ਹੁਣ ਹਮੇਸ਼ਾ ਲਈ ਬਦਲ ਚੁੱਕਿਆ ਹੈ। ਜਿਸ ਦਿਨ ਭਾਰਤ ਨੇ ਸਰਗੋਧਾ 'ਤੇ ਹਮਲਾ ਕੀਤਾ, ਦੱਖਣੀ ਏਸ਼ੀਆ ਵਿੱਚ ਪ੍ਰਤੀਰੋਧ ਦਾ ਭੂਗੋਲ ਹਮੇਸ਼ਾ ਲਈ ਬਦਲ ਗਿਆ।
ਸਰਹੱਦ ਪਾਰ ਵੱਧ ਤੋਂ ਵੱਧ ਨੁਕਸਾਨ, ਦੇਸ਼ ਦੇ ਅੰਦਰ ਘੱਟੋ-ਘੱਟ ਪ੍ਰਭਾਵ
ਜ਼ਿਆਦਾਤਰ ਜੰਗਾਂ ਵਿੱਚ, ਨੁਕਸਾਨ ਇੱਕ ਜਗ੍ਹਾ ਤੱਕ ਸੀਮਤ ਨਹੀਂ ਰਹਿੰਦਾ। ਇਹ ਸਰਹੱਦਾਂ, ਅਰਥਵਿਵਸਥਾਵਾਂ ਅਤੇ ਆਮ ਨਾਗਰਿਕਾਂ ਦੇ ਜੀਵਨ ਤੱਕ ਫੈਲ ਜਾਂਦਾ ਹੈ। 'ਆਪ੍ਰੇਸ਼ਨ ਸਿੰਦੂਰ' ਨੇ ਇਸ ਪੈਟਰਨ ਨੂੰ ਨਿਰਣਾਇਕ ਰੂਪ ਵਿੱਚ ਤੋੜ ਦਿੱਤਾ। ਭਾਰਤ ਨੇ ਪਾਕਿਸਤਾਨ ਦੇ ਅੱਤਵਾਦੀ ਅਤੇ ਫੌਜੀ ਢਾਂਚੇ ਨੂੰ ਗੰਭੀਰ ਅਤੇ ਟੀਚਾਬੱਧ ਨੁਕਸਾਨ ਪਹੁੰਚਾਇਆ, ਜਦਕਿ ਆਪਣੇ ਦੇਸ਼ ਵਿੱਚ ਇਸ ਦਾ ਅਸਰ ਲਗਭਗ ਜ਼ੀਰੋ ਰਿਹਾ — ਪਰਮਾਣੂ ਹਥਿਆਰਾਂ ਨਾਲ ਲੈਸ ਦੇਸ਼ਾਂ ਵਿਚਕਾਰ, ਆਧੁਨਿਕ ਇਤਿਹਾਸ ਵਿੱਚ ਇਹ ਅਸੰਤੁਲਿਤ ਪ੍ਰਭਾਵ ਦੀ ਬੇਮਿਸਾਲ ਉਦਾਹਰਣ ਹੈ।
ਭਾਰਤੀ ਹਵਾਈ ਸੈਨਾ (ਆਈਏਐੱਫ) ਨੇ ਪਾਕਿਸਤਾਨ ਦੇ ਚੀਨ ਤੋਂ ਮਿਲੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਚਕਮਾ ਦਿੱਤਾ ਅਤੇ ਜਾਮ ਕਰ ਦਿੱਤਾ। ਰਾਫੇਲ ਜੈੱਟ, ਸਕੈਲਪ ਕਰੂਜ਼ ਮਿਜ਼ਾਈਲਾਂ ਅਤੇ ਹੈਮਰ ਸਟੀਕਤਾ-ਨਿਰਦੇਸ਼ਿਤ ਬੰਬਾਂ ਦੀ ਵਰਤੋਂ ਕਰਦੇ ਹੋਏ, ਆਈਏਐੱਫ ਨੇ ਸਿਰਫ਼ 23 ਮਿੰਟਾਂ ਵਿੱਚ ਆਪਣੀ ਸ਼ੁਰੂਆਤੀ ਹਮਲਾਵਰ ਕਾਰਵਾਈ ਪੂਰੀ ਕਰ ਲਈ। 9-10 ਮਈ ਨੂੰ, ਜਦੋਂ ਪਾਕਿਸਤਾਨ ਨੇ ਭਾਰਤ ਦੇ ਨਾਗਰਿਕ ਅਤੇ ਫੌਜੀ ਠਿਕਾਣਿਆਂ 'ਤੇ ਜਵਾਬੀ ਹਮਲਾ ਕੀਤਾ, ਤਾਂ ਭਾਰਤ ਨੇ ਇੱਕੋ ਹੀ ਤਾਲਮੇਲ ਵਾਲੇ ਆਪ੍ਰੇਸ਼ਨ ਵਿੱਚ ਪਾਕਿਸਤਾਨ ਦੇ 11 ਫੌਜੀ ਹਵਾਈ ਅੱਡਿਆਂ 'ਤੇ ਹਮਲਾ ਕੀਤਾ — ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ, ਜਦੋਂ ਕਿਸੇ ਦੇਸ਼ ਨੇ ਇੱਕੋ ਹੀ ਸਮੇਂ ‘ਤੇ ਕਿਸੇ ਪਰਮਾਣੂ-ਹਥਿਆਰਬੰਦ ਦੇਸ਼ ਦੇ ਵਿਰੁੱਧ ਅਜਿਹਾ ਕੀਤਾ ਹੋਵੇ।
ਇਸ ਹਮਲੇ ਵਿੱਚ ਪਾਕਿਸਤਾਨੀ ਹਵਾਈ ਸੈਨਾ ਦੀ ਲਗਭਗ 20 ਫੀਸਦੀ ਸੰਪਤੀ ਨਸ਼ਟ ਹੋ ਗਈ। ਭੋਲਾਰੀ ਫੌਜੀ ਹਵਾਈ ਅੱਡੇ 'ਤੇ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ; ਜਿਸ ਵਿੱਚ ਮੋਹਰੀ ਕਤਾਰ ਦੇ ਲੜਾਕੂ ਜਹਾਜ਼, ਹੈਂਗਰਾਂ ਵਿੱਚ ਖੜ੍ਹੇ ਬਿਹਤਰੀਨ ਐਫ-16 ਲੜਾਕੂ ਜਹਾਜ਼ ਅਤੇ ਰਨਵੇਅ 'ਤੇ ਮੌਜੂਦ AEW&C ਜਹਾਜ਼ ਵੀ ਨਸ਼ਟ ਹੋ ਗਏ। ਰੱਖਿਆ ਦੇ ਮੋਰਚੇ 'ਤੇ, ਭਾਰਤ ਦੀ ਬਹੁ-ਪੱਧਰੀ ਹਵਾਈ ਰੱਖਿਆ ਪ੍ਰਣਾਲੀ — ਜਿਸ ਨੂੰ ਸਵਦੇਸ਼ੀ ਆਈਏਸੀਸੀਐੱਸ ਅਤੇ ਆਕਾਸ਼ਤੀਰ ਕਮਾਂਡ-ਐਂਡ-ਕੰਟਰੋਲ ਪ੍ਰਣਾਲੀ, ਐੱਸ-400, ਆਕਾਸ਼ ਅਤੇ ਐੱਮਆਰਐੱਸਏਐੱਮ ਬੈਟਰੀਆਂ ਦਾ ਸਮਰਥਨ ਪ੍ਰਾਪਤ ਹੈ — ਨੇ ਪਾਕਿਸਤਾਨ ਤੋਂ ਆਉਣ ਵਾਲੇ ਸੈਂਕੜੇ ਡ੍ਰੋਨਾਂ ਅਤੇ ਮਿਜ਼ਾਈਲਾਂ ਨੂੰ ਲਗਭਗ 100 ਫੀਸਦੀ ਸਫਲਤਾ ਦਰ ਦੇ ਨਾਲ ਰਾਹ ਵਿੱਚ ਹੀ ਰੋਕ ਕੇ ਨਸ਼ਟ ਕਰ ਦਿੱਤਾ। ਪਾਕਿਸਤਾਨ ਨੇ ਚੀਨ ਵਿੱਚ ਬਣੇ ਡ੍ਰੋਨ, ਤੁਰਕੀ ਦੇ ਬਾਇਰਾਕਤਾਰ ਯੂਸੀਏਵੀ, ਕਰੂਜ਼ ਮਿਜ਼ਾਈਲਾਂ ਅਤੇ ਇੱਥੋਂ ਤੱਕ ਕਿ ਦਿੱਲੀ ਨੂੰ ਨਿਸ਼ਾਨਾ ਬਣਾ ਕੇ ਇੱਕ ਫ਼ਤਿਹ-II ਰਾਕੇਟ ਵੀ ਤੈਨਾਤ ਕੀਤਾ ਸੀ।
ਇਨ੍ਹਾਂ ਸਾਰਿਆਂ ਨੂੰ ਰੋਕ ਦਿੱਤਾ ਗਿਆ। ਭਾਰਤ ਦਾ ਅਸਮਾਨ ਪੂਰੀ ਤਰ੍ਹਾਂ ਸੁਰੱਖਿਅਤ ਰਿਹਾ। ਭਾਰਤ ਨੇ ਐੱਸ-400 ਮਿਜ਼ਾਈਲ ਰਾਹੀਂ ਹੁਣ ਤੱਕ ਦੀ ਸਭ ਤੋਂ ਲੰਬੀ ਦੂਰੀ 'ਤੇ ਨਿਸ਼ਾਨਾ ਸਾਧਣ ਦਾ ਰਿਕਾਰਡ ਵੀ ਬਣਾਇਆ; ਲਗਭਗ 314 ਕਿਲੋਮੀਟਰ ਦੀ ਦੂਰੀ 'ਤੇ ਹਵਾ ਵਿੱਚ ਮੌਜੂਦ ਇੱਕ ਪਾਕਿਸਤਾਨੀ AEW&C ਜਹਾਜ਼ ਨੂੰ ਨਸ਼ਟ ਕਰ ਦਿੱਤਾ। ਇਹ ਅਸੰਤੁਲਨ — ਇੱਕ ਪਾਸੇ ਭਾਰੀ ਤਬਾਹੀ, ਤਾਂ ਦੂਜੇ ਪਾਸੇ ਪੂਰੀ ਤਰ੍ਹਾਂ ਕੰਟਰੋਲ — ਹੁਣ ਇਸ ਗੱਲ ਦਾ ਨਵਾਂ ਪੈਮਾਨਾ ਬਣ ਗਿਆ ਹੈ ਕਿ ਇੱਕ ਚੰਗੀ ਤਰ੍ਹਾਂ ਨਾਲ ਤਿਆਰ, ਤਕਨੀਕੀ ਤੌਰ 'ਤੇ ਆਤਮ-ਨਿਰਭਰ ਲੋਕਤੰਤਰ ਕੀ ਹਾਸਲ ਕਰ ਸਕਦਾ ਹੈ।
ਤਾਲਮੇਲ, ਆਤਮ-ਨਿਰਭਰਤਾ ਅਤੇ ਸਵਦੇਸ਼ੀਕਰਣ: ਇੱਕ ਦਹਾਕੇ ਦੀ ਉਪਲਬਧੀ
'ਆਪ੍ਰੇਸ਼ਨ ਸਿੰਦੂਰ' ਦੀ ਸਫਲਤਾ ‘ਜੈ’ (JAI) ਦੇ ਸਿਧਾਂਤ 'ਤੇ ਅਧਾਰਿਤ ਸੀ: ਤਾਲਮੇਲ, ਆਤਮ-ਨਿਰਭਰਤਾ ਅਤੇ ਸਵਦੇਸ਼ੀਕਰਣ। ਤਿੰਨੋਂ ਸੈਨਾਵਾਂ ਨੇ ਇੱਕ-ਦੂਜੇ ਨਾਲ ਬਿਹਤਰੀਨ ਤਾਲਮੇਲ ਬਿਠਾ ਕੇ ਕੰਮ ਕੀਤਾ। ਜਲ ਸੈਨਾ ਦੇ 'ਕੈਰੀਅਰ ਬੈਟਲ ਗਰੁੱਪ' ਨੇ ਅਰਬ ਸਾਗਰ ਵਿੱਚ ਆਪਣਾ ਦਬਦਬਾ ਬਣਾਈ ਰੱਖਿਆ, ਜਿਸ ਨਾਲ ਪਾਕਿਸਤਾਨ ਦੇ ਜਲ ਸੈਨਾ ਵਿਕਲਪ ਪੂਰੀ ਤਰ੍ਹਾਂ ਨਾਲ ਬੰਦ ਹੋ ਗਏ ਅਤੇ ਦੱਖਣ ਵੱਲ ਕਿਸੇ ਵੀ ਤਰ੍ਹਾਂ ਦੇ ਤਣਾਅ ਨੂੰ ਵਧਣ ਤੋਂ ਰੋਕ ਦਿੱਤਾ ਗਿਆ।
ਹਵਾਈ ਸੈਨਾ ਨੇ ਪੂਰੇ ਪਾਕਿਸਤਾਨ ਵਿੱਚ ਸਟੀਕ ਅਤੇ ਗੰਭੀਰ ਹਮਲੇ ਕੀਤੇ। ਥਲ ਸੈਨਾ ਨੇ ਸਵਦੇਸ਼ੀ ਹਵਾਈ ਰੱਖਿਆ ਪ੍ਰਣਾਲੀਆਂ ਦੀ ਮਦਦ ਨਾਲ ਆਉਣ ਵਾਲੇ ਖਤਰਿਆਂ ਨੂੰ ਬੇਅਸਰ ਕਰ ਦਿੱਤਾ ਅਤੇ ਬੇਹੱਦ ਸਟੀਕ ਤਰੀਕੇ ਨਾਲ ਘੁੰਮ ਕੇ ਹਮਲਾ ਕਰਨ ਵਾਲੇ ਹਥਿਆਰਾਂ ਦਾ ਇਸਤੇਮਾਲ ਕੀਤਾ। 2019 ਵਿੱਚ 'ਚੀਫ਼ ਆਫ਼ ਡਿਫੈਂਸ ਸਟਾਫ਼' (CDS) ਦੇ ਅਹੁਦੇ ਦੇ ਗਠਨ ਨਾਲ ਹੋਰ ਵੀ ਮਜ਼ਬੂਤ ਹੋਈ ਇਸ ਸਾਂਝੀ ਵਿਵਸਥਾ ਨੇ, ਆਪ੍ਰੇਸ਼ਨ ਦੇ ਹਰ ਪੜਾਅ ਵਿੱਚ ਨਿਰਵਿਘਨ ਕੰਮ ਕੀਤਾ।
ਸਵਦੇਸ਼ੀ ਪਹਿਲੂ ਵੀ ਉਨਾ ਹੀ ਨਿਰਣਾਇਕ ਸੀ। ਭਾਰਤ ਦਾ ਰੱਖਿਆ ਉਤਪਾਦਨ 2014-15 ਦੇ ₹46,429 ਕਰੋੜ ਤੋਂ ਵਧ ਕੇ 2024-25 ਵਿੱਚ ਰਿਕਾਰਡ ₹1.54 ਲੱਖ ਕਰੋੜ ਹੋ ਗਿਆ ਹੈ, ਜਿਸ ਵਿੱਚ ਹੁਣ 65 ਫੀਸਦੀ ਤੋਂ ਵੱਧ ਉਪਕਰਣ ਘਰੇਲੂ ਪੱਧਰ 'ਤੇ ਤਿਆਰ ਕੀਤਾ ਜਾਂਦੇ ਹਨ। ਇਸ ਬਦਲਾਅ — ਜਿਸ ਨੂੰ ਉਦਾਰ ਐੱਫਡੀਆਈ, ਉਤਪਾਦਨ ਨਾਲ ਜੁੜੀਆਂ ਪ੍ਰੋਤਸਾਹਨ ਸਕੀਮਾਂ, ਸਮਰਪਿਤ ਰੱਖਿਆ ਗਲਿਆਰੇ ਅਤੇ ਆਈਡੀਐਕਸ ਨਵੀਨਤਾ ਰੂਪ-ਰੇਖਾ ਤੋਂ ਗਤੀ ਮਿਲੀ ਹੈ — ਦਾ ਅਰਥ ਹੈ ਕਿ ਜਦੋਂ ਦੇਸ਼ ਨੂੰ ਘੱਟ ਸਮੇਂ ਵਿੱਚ ਉੱਨਤ ਸਮਰੱਥਾਵਾਂ ਦੀ ਜ਼ਰੂਰਤ ਸੀ, ਤਾਂ ਉਸ ਕੋਲ ਬਾਹਰੀ ਸਪਲਾਈ ਚੇਨਾਂ 'ਤੇ ਬਿਨਾਂ ਨਿਰਭਰ ਹੋਏ ਕੰਮ ਕਰਨ ਦੀ ਪ੍ਰਭੂਸੱਤਾ ਸ਼ਕਤੀ ਮੌਜੂਦ ਸੀ।
ਬ੍ਰਹਮੋਸ ਕਰੂਜ਼ ਮਿਜ਼ਾਈਲ, ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਆਕਾਸ਼ ਮਿਜ਼ਾਈਲ, ਘੁੰਮ ਕੇ ਹਮਲਾ ਕਰਨ ਵਾਲੀ ਸਕਾਈਸਟ੍ਰਾਈਕਰ ਅਤੇ ਡੀਆਰਡੀਓ ਦੇ ਡੀ-4 ਐਂਟੀ-ਡਰੋਨ ਪਲੈਟਫਾਰਮ ਵਰਗੀਆਂ ਪ੍ਰਣਾਲੀਆਂ ਨੇ ਹਥਿਆਰਬੰਦ ਬਲਾਂ ਨੂੰ ਸਾਰੇ ਖੇਤਰਾਂ ਵਿੱਚ ਸਟੀਕਤਾ, ਸੁਰੱਖਿਆ ਅਤੇ ਦਬਦਬਾ ਪ੍ਰਦਾਨ ਕੀਤਾ। ਪਾਕਿਸਤਾਨ ਵੱਲੋਂ ਦਾਗੀ ਗਈ, ਪਰ ਆਪਣੇ ਨਿਸ਼ਾਨੇ ਨੂੰ ਵਿੰਨ੍ਹਣ ਵਿੱਚ ਅਸਫਲ ਰਹੀ ਅਤੇ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰੂਪ ਵਿੱਚ ਬਰਾਮਦ ਕੀਤੀ ਗਈ ਚੀਨੀ ਪੀਐੱਲ-15 ਮਿਜ਼ਾਈਲ, ਚੀਨੀ ਉਪਕਰਣਾਂ ਦੀਆਂ ਪ੍ਰਚਾਰਿਤ ਸਮਰੱਥਾਵਾਂ ਅਤੇ ਯੁੱਧ-ਖੇਤਰ ਦੀਆਂ ਅਸਲੀਅਤਾਂ ਦਰਮਿਆਨ ਪਾੜੇ ਦਾ ਪ੍ਰਤੀਕ ਬਣ ਗਈ।
ਇਸ ਮਿਜ਼ਾਈਲ ਦਾ ਡੂੰਘਾ ਤਕਨੀਕੀ ਵਿਸ਼ਲੇਸ਼ਣ ਕੀਤਾ ਜਾਵੇਗਾ। 'ਆਪ੍ਰੇਸ਼ਨ ਸਿੰਦੂਰ' ਨੇ "ਭਾਰਤ ਲਈ ਨਿਰਮਿਤ" ਤੋਂ "ਭਾਰਤ ਦੁਆਰਾ ਨਿਰਮਿਤ" ਵੱਲ ਇੱਕ ਨਿਰਣਾਇਕ ਬਦਲਾਅ ਨੂੰ ਰੇਖਾਂਕਿਤ ਕੀਤਾ।
ਰਾਜਨੀਤਿਕ ਇੱਛਾ-ਸ਼ਕਤੀ ਦੀ ਨਿਰਣਾਇਕ ਤਾਕਤ
ਫੌਜੀ ਸਮਰੱਥਾ, ਭਾਵੇਂ ਕਿੰਨੀ ਵੀ ਮਜ਼ਬੂਤ ਕਿਉਂ ਨਾ ਹੋਵੇ, ਸਿਰਫ਼ ਉਸ ਹੱਦ ਤੱਕ ਪ੍ਰਭਾਵਸ਼ਾਲੀ ਹੁੰਦੀ ਹੈ, ਜਿੰਨੀ ਕਿ ਉਸ ਦੇ ਪਿੱਛੇ ਦਾ ਰਾਜਨੀਤਕ ਨਿਰਦੇਸ਼। ਪਿਛਲੀਆਂ ਭਾਰਤੀ ਸਰਕਾਰਾਂ ਨੇ ਪਾਕਿਸਤਾਨ-ਸਮਰਥਿਤ ਅੱਤਵਾਦ ਦਾ ਜਵਾਬ ਅਜਿਹੇ ਦਸਤਾਵੇਜ਼ਾਂ ਨਾਲ ਦਿੱਤਾ ਸੀ ਜਿਨ੍ਹਾਂ ਨੂੰ ਖਾਰਿਜ ਕਰ ਦਿੱਤਾ ਗਿਆ: ਅਜਿਹੀ ਕੂਟਨੀਤੀ ਨਾਲ ਦਿੱਤਾ ਜਿਸ ਦਾ ਕਦੇ ਜਵਾਬ ਨਹੀਂ ਮਿਲਿਆ; ਅਤੇ ਅਜਿਹੇ ਸੰਜਮ ਨਾਲ ਦਿੱਤਾ ਜਿਸ ਨੂੰ ਅਕਸਰ ਕਮਜ਼ੋਰੀ ਦੇ ਰੂਪ ਵਿੱਚ ਇਸਤੇਮਾਲ ਕੀਤਾ ਗਿਆ।
ਇਹ ਸਮੀਕਰਣ ਉਦੋਂ ਹਮੇਸ਼ਾ ਲਈ ਬਦਲ ਗਿਆ, ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 'ਆਪ੍ਰੇਸ਼ਨ ਸਿੰਦੂਰ' ਦੀ—ਸ਼ੁਰੂ ਤੋਂ ਲੈ ਕੇ ਅਖੀਰ ਤੱਕ—ਪੂਰੀ ਰਾਜਨੀਤਿਕ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਲੈ ਲਈ ਅਤੇ ਹਥਿਆਰਬੰਦ ਬਲਾਂ ਨੂੰ ਬਿਨਾਂ ਕਿਸੇ ਹਿਚਕਿਚਾਹਟ ਅਤੇ ਬਿਨਾਂ ਕਿਸੇ ਸ਼ਰਤ ਦੇ ਕਾਰਵਾਈ ਕਰਨ ਦੀ ਸਪਸ਼ਟ ਇਜਾਜ਼ਤ ਦੇ ਦਿੱਤੀ। ਮੋਦੀ ਨੇ ਸੈਨਾ ਨੂੰ ਇੱਕ ਸਪਸ਼ਟ ਨਿਰਦੇਸ਼ ਦਿੱਤਾ: ਅੱਤਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ, ਉਹ ਜਿੱਥੇ ਵੀ ਸਰਗਰਮ ਹੋਣ, ਹਮਲਾ ਕਰੋ; ਪਰ ਕਿਸੇ ਵੀ ਆਮ ਨਾਗਰਿਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਹਰ ਕਦਮ — ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨ ਤੋਂ ਲੈ ਕੇ ਫੌਜੀ ਹਮਲਿਆਂ ਦੇ ਸਹੀ ਕ੍ਰਮ ਤੱਕ — ਸੋਚ-ਸਮਝ ਕੇ ਅਤੇ ਸਹੀ ਸਮੇਂ 'ਤੇ ਚੁੱਕਿਆ ਗਿਆ ਸੀ।
ਸੰਧੀ ਦਾ ਮੁਲਤਵੀ ਹੋਣਾ ਸਿਰਫ਼ ਪ੍ਰਤੀਕਾਤਮਕ ਨਹੀਂ ਸੀ। ਪਾਣੀ ਨੂੰ ਇੱਕ ਲੰਬੇ ਸਮੇਂ ਦੇ ਰਣਨੀਤਕ ਹਥਿਆਰ ਵਜੋਂ ਵਰਤਣ ਦੀ ਭਾਰਤ ਦੀ ਇੱਛਾ ਦਾ ਸੰਕੇਤ ਦੇ ਕੇ, ਇਸ ਨੇ ਪਾਕਿਸਤਾਨ 'ਤੇ ਅਜਿਹਾ ਬੋਝ ਪਾਇਆ, ਜੋ ਕਿਸੇ ਵੀ ਜੰਗਬੰਦੀ ਨਾਲੋਂ ਕਿਤੇ ਵੱਧ ਡੂੰਘਾ ਹੈ ਅਤੇ ਜਿਸ ਦੀ ਟੀਸ ਆਉਣ ਵਾਲੀਆਂ ਕਈ ਪੀੜ੍ਹੀਆਂ ਤੱਕ ਮਹਿਸੂਸ ਕੀਤੀ ਜਾਵੇਗੀ। ਜਿਵੇਂ-ਜਿਵੇਂ ਪਾਕਿਸਤਾਨ ਨੇ ਤਣਾਅ ਵਧਾਇਆ, ਹਥਿਆਰਬੰਦ ਬਲਾਂ ਕੋਲ ਇਹ ਸਥਾਈ ਅਧਿਕਾਰ ਸੁਰੱਖਿਅਤ ਰਿਹਾ ਕਿ ਉਹ ਬਿਨਾਂ ਕਿਸੇ ਰਾਜਨੀਤਿਕ ਮਨਜ਼ੂਰੀ ਦੇ, ਆਪਣੀ ਜ਼ਰੂਰਤ ਦੇ ਅਨੁਸਾਰ ਕਿਸੇ ਵੀ ਤਰੀਕੇ ਨਾਲ ਜਵਾਬੀ ਕਾਰਵਾਈ ਕਰ ਸਕਦੇ ਹਨ।
ਫੌਜੀ ਅਭਿਆਨ ਦੇ ਨਾਲ-ਨਾਲ ਉਨੀ ਹੀ ਸਟੀਕ ਕੂਟਨੀਤਕ ਰਣਨੀਤੀ ਵੀ ਅਪਣਾਈ ਗਈ। ਭਾਰਤ ਨੇ ਕੂਟਨੀਤੀ ਦੀ ਇੱਕ ਮਜ਼ਬੂਤ ਦੀਵਾਰ ਖੜ੍ਹੀ ਕਰ ਦਿੱਤੀ: ਪਾਕਿਸਤਾਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਅਲੱਗ-ਥਲੱਗ ਕਰ ਦਿੱਤਾ ਅਤੇ ਇਹ ਯਕੀਨੀ ਬਣਾਇਆ ਕਿ ਵਿਰੋਧੀ ਪ੍ਰਤੀਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਾਇਜ਼ ਸਵੈ-ਰੱਖਿਆ ਦੀ ਗੱਲ ਵਿਸ਼ਵ ਪੱਧਰ 'ਤੇ ਸਥਾਪਿਤ ਹੋ ਜਾਵੇ। 32 ਦੇਸ਼ਾਂ ਵਿੱਚ ਸੱਤ ਦੋ-ਪੱਖੀ ਸੰਸਦੀ ਵਫ਼ਦ ਭੇਜੇ ਗਏ। ਅੰਤਰਰਾਸ਼ਟਰੀ ਪੱਧਰ 'ਤੇ ਮਤਭੇਦ ਸਪਸ਼ਟ ਤੌਰ 'ਤੇ ਸਾਹਮਣੇ ਆਏ: ਜ਼ਿਆਦਾਤਰ ਦੇਸ਼ਾਂ ਨੇ ਅੱਤਵਾਦ ਵਿਰੁੱਧ ਭਾਰਤ ਨਾਲ ਇਕਜੁੱਟਤਾ ਦਿਖਾਈ, ਜਦੋਂ ਕਿ ਚੀਨ ਅਤੇ ਤੁਰਕੀ ਖੁੱਲ੍ਹ ਕੇ ਪਾਕਿਸਤਾਨ ਦੇ ਨਾਲ ਖੜ੍ਹੇ ਰਹੇ ਅਤੇ ਉਸ ਨੂੰ ਫੌਜੀ ਸਾਜੋ-ਸਾਮਾਨ, ਸੈਟੇਲਾਈਟ ਖੁਫੀਆ ਜਾਣਕਾਰੀ ਅਤੇ ਕੂਟਨੀਤਕ ਸਮਰਥਨ ਮੁਹੱਈਆ ਕਰਵਾਉਂਦੇ ਰਹੇ।
ਉਨ੍ਹਾਂ ਦੇ ਇਸ ਗਠਜੋੜ 'ਤੇ ਧਿਆਨ ਦਿੱਤਾ ਗਿਆ ਹੈ। ਇਹ ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਦੀਆਂ ਰਣਨੀਤਕ ਸਾਂਝੇਦਾਰੀਆਂ ਨੂੰ ਨਵਾਂ ਆਕਾਰ ਦੇਵੇਗਾ।
ਇਕਜੁੱਟ ਰਾਸ਼ਟਰ: ‘ਸੰਪੂਰਨ ਰਾਸ਼ਟਰ’ ਦਾ ਦ੍ਰਿਸ਼ਟੀਕੋਣ
ਆਪ੍ਰੇਸ਼ਨ ਸਿੰਦੂਰ' ਨੇ ਇਹ ਸਾਬਤ ਕਰ ਦਿੱਤਾ ਕਿ ਆਧੁਨਿਕ ਯੁੱਧ 'ਤੇ ਹੁਣ ਸਿਰਫ਼ ਹਥਿਆਰਬੰਦ ਬਲਾਂ ਦਾ ਹੀ ਏਕਾਧਿਕਾਰ ਨਹੀਂ ਰਹਿ ਗਿਆ ਹੈ। ਇਹ 'ਪੂਰੇ ਰਾਸ਼ਟਰ' ਦੀ ਪਹੁੰਚ ਦਾ ਇੱਕ ਜਿਉਂਦਾ-ਜਾਗਦਾ ਅਭਿਆਸ ਬਣ ਗਿਆ — ਜਿਸ ਵਿੱਚ ਸੈਨਾ, ਉਦਯੋਗ ਜਗਤ, ਪੁਲਾੜ, ਖੁਫੀਆ ਤੰਤਰ, ਨਾਗਰਿਕ ਪ੍ਰਸ਼ਾਸਨ ਅਤੇ ਜਨਤਕ ਸੰਚਾਰ — ਸਾਰਿਆਂ ਨੇ ਇੱਕ ਸਿੰਗਲ ਏਕੀਕ੍ਰਿਤ ਪ੍ਰਣਾਲੀ ਵਜੋਂ ਕੰਮ ਕੀਤਾ ਅਤੇ ਇਸ ਦਾ ਹਰੇਕ ਕੰਪੋਨੈਂਟ ਦੂਜੇ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਰਿਹਾ।
ਇਸਰੋ (ISRO) ਨੇ ਤਿੰਨਾਂ ਸੈਨਾਵਾਂ ਲਈ ਉੱਚ-ਗੁਣਵੱਤਾ ਨਿਗਰਾਨੀ ਪ੍ਰਦਾਨ ਕਰਨ ਲਈ ਚੌਬੀ ਘੰਟੇ ਕੰਮ ਕਰਨ ਵਾਲੇ ਘੱਟੋ-ਘੱਟ 10 ਉਪਗ੍ਰਹਿ ਸਮਰਪਿਤ ਕੀਤੇ, ਜਦੋਂ ਕਿ ਰਾਸ਼ਟਰੀ ਤਕਨੀਕੀ ਖੋਜ ਸੰਗਠਨ (ਐੱਨਟੀਆਰਓ) ਨੇ ਟੀਚੇ ਨਾਲ ਜੁੜੀ ਅਹਿਮ ਜਾਣਕਾਰੀ ਦਿੱਤੀ। ਹਰ ਹਮਲੇ ਦੇ ਕੁਝ ਹੀ ਘੰਟਿਆਂ ਦੇ ਅੰਦਰ ਲੜਾਈ ਵਿੱਚ ਹੋਏ ਨੁਕਸਾਨ ਦੇ ਮੁਲਾਂਕਣ (ਬੀਡੀਏ) ਦੀਆਂ ਤਸਵੀਰਾਂ ਲਈਆਂ ਗਈਆਂ, ਉਨ੍ਹਾਂ ਦੀ ਪੁਸ਼ਟੀ ਕੀਤੀ ਗਈ ਅਤੇ ਉਨ੍ਹਾਂ ਨੂੰ ਜਨਤਕ ਤੌਰ 'ਤੇ ਜਾਰੀ ਕਰ ਦਿੱਤਾ ਗਿਆ; ਇਸ ਨਾਲ ਪਾਕਿਸਤਾਨ ਵੱਲੋਂ ਗਲਤ ਜਾਣਕਾਰੀ ਫੈਲਾਉਣ ਤੋਂ ਪਹਿਲਾਂ ਹੀ ਉਸ ਨੂੰ ਰੋਕ ਦਿੱਤਾ ਗਿਆ।
ਜਦੋਂ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਉਸ ਨੇ ਭਾਰਤ ਦੀ ਐੱਸ-400 ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਹੈ, ਤਾਂ ਪ੍ਰਧਾਨ ਮੰਤਰੀ ਮੋਦੀ ਆਦਮਪੁਰ ਏਅਰਬੇਸ ਗਏ ਅਤੇ ਦੁਨੀਆ ਨੂੰ ਦਿਖਾਉਣ ਲਈ ਇੱਕ ਪੂਰੀ ਤਰ੍ਹਾਂ ਸੁਰੱਖਿਅਤ ਬੈਟਰੀ ਕੋਲ ਖੜ੍ਹੇ ਹੋਏ। ਜਾਣਕਾਰੀ ਦੀ ਇਹ ਲੜਾਈ ਵੀ ਹਵਾਈ ਲੜਾਈ ਜਿੰਨੀ ਹੀ ਸਖ਼ਤੀ ਅਤੇ ਤਿਆਰੀ ਨਾਲ ਲੜੀ ਗਈ।
ਸ਼ੁਰੂਆਤ ਤੋਂ ਹੀ ਨਾਗਰਿਕ ਪ੍ਰਸ਼ਾਸਨ ਨੂੰ ਫੌਜੀ ਟੀਚਿਆਂ ਨਾਲ ਏਕੀਕ੍ਰਿਤ ਕੀਤਾ ਗਿਆ ਸੀ। ਫੌਜੀ ਯੋਜਨਾਕਾਰਾਂ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਸੀ। ਦੇਸ਼ ਵਿਆਪੀ ਮੌਕ ਡਰਿੱਲ ਨੇ ਜਨਤਾ ਦਾ ਵਿਸ਼ਵਾਸ ਵਧਾਇਆ ਅਤੇ ਰਾਸ਼ਟਰੀ ਸੰਕਲਪ ਨੂੰ ਪ੍ਰਦਰਸਿਤ ਕੀਤਾ।
ਨਿੱਜੀ ਕੰਪਨੀਆਂ ਅਤੇ ਸਟਾਰਟਅੱਪਸ ਨੇ ਆਈ-ਡੈਕਸ ਫਰੇਮਵਰਕ ਰਾਹੀਂ ਅਸਲ ਸਮੇਂ ਵਿੱਚ ਹੱਲ ਕੱਢਣ ਵਿੱਚ ਯੋਗਦਾਨ ਪਾਇਆ, ਜਿਸ ਵਿੱਚ ਘੁੰਮ ਕੇ ਹਮਲਾ ਕਰਨ ਵਾਲੇ ਹਥਿਆਰ ਅਤੇ ਐਂਟੀ-ਯੂਏਐੱਸ ਸਿਸਟਮ ਸ਼ਾਮਲ ਸੀ; ਇਸ ਨਾਲ ਇਹ ਸਾਬਤ ਹੋਇਆ ਕਿ ਭਾਰਤ ਦਾ ਰੱਖਿਆ-ਉਦਯੋਗਿਕ ਆਧਾਰ ਅਸਲ ਵਿੱਚ ਜੰਗ ਦੇ ਸਮੇਂ ਦੀ ਇੱਕ ਸੰਪਤੀ ਵਜੋਂ ਪਰਿਪੱਕ ਹੋ ਚੁੱਕਿਆ ਹੈ। ਇਸ ਪੂਰੀ ਪ੍ਰਕਿਰਿਆ ਦੌਰਾਨ ਆਰਥਿਕ ਕੂਟਨੀਤੀ ਵੀ ਨਾਲ-ਨਾਲ ਚਲਦੀ ਰਹੀ। ਭਾਰਤ ਨੇ ਸਿੰਧੁ ਜਲ ਸੰਧੀ ਨੂੰ ਮੁਲਤਵੀ ਕਰ ਦਿੱਤਾ, ਅਟਾਰੀ ਇੰਟੀਗ੍ਰੇਟਿਡ ਚੈੱਕ ਪੋਸਟ ਨੂੰ ਬੰਦ ਕਰ ਦਿੱਤਾ, ਪਾਕਿਸਤਾਨੀ ਵੀਜ਼ੇ ਰੱਦ ਕਰ ਦਿੱਤੇ, ਪਾਕਿਸਤਾਨੀ ਕਲਾਕਾਰਾਂ 'ਤੇ ਪਾਬੰਦੀ ਲਗਾ ਦਿੱਤੀ ਅਤੇ ਸਾਰੇ ਦੁਵੱਲੇ ਵਪਾਰ ਨੂੰ ਰੋਕ ਦਿੱਤਾ — ਇਸ ਤਰ੍ਹਾਂ ਭਾਰਤ ਨੇ ਪਾਕਿਸਤਾਨ 'ਤੇ ਇੱਕ ਤੋਂ ਬਾਅਦ ਇੱਕ ਵਧਦਾ ਹੋਇਆ ਦਬਾਅ ਵਧਾਇਆ, ਜਿਸ ਨੇ ਪਾਕਿਸਤਾਨ ਨੂੰ ਇਹ ਸਹੂਲਤ ਨਹੀਂ ਦਿੱਤੀ ਕਿ ਉਹ ਇਸ ਸੰਘਰਸ਼ ਨੂੰ ਸਿਰਫ਼ ਇੱਕ ਸੀਮਤ ਫੌਜੀ ਟਕਰਾਅ ਵਜੋਂ ਦੇਖ ਸਕੇ, ਜਿਸ ਦਾ ਉਸ ਦੀ ਅਰਥਵਿਵਸਥਾ ਜਾਂ ਅੰਤਰਰਾਸ਼ਟਰੀ ਸਥਿਤੀ 'ਤੇ ਕੋਈ ਵਿਆਪਕ ਪ੍ਰਭਾਵ ਨਾ ਹੋਵੇ।
ਸਿੱਟਾ: ਇੱਕ ਨਵਾਂ ਸਾਧਾਰਣ, ਇੱਕ ਨਵੀਂ ਜ਼ਿੰਮੇਵਾਰੀ
ਆਪ੍ਰੇਸ਼ਨ ਸਿੰਦੂਰ' ਸਿਰਫ਼ ਇੱਕ ਫੌਜੀ ਘਟਨਾ ਨਹੀਂ ਸੀ। ਇਹ ਇੱਕ ਪਰਿਪੱਕ ਅਤੇ ਏਕੀਕ੍ਰਿਤ ਰਣਨੀਤਕ ਸਿਧਾਂਤ ਦਾ ਪ੍ਰਦਰਸ਼ਨ ਸੀ—ਇੱਕ ਅਜਿਹਾ ਸਿਧਾਂਤ ਜੋ ਰਾਜਨੀਤਿਕ ਇੱਛਾ ਸ਼ਕਤੀ, ਸਵਦੇਸ਼ੀ ਸਮਰੱਥਾ, ਸਾਂਝੀ ਜੰਗੀ-ਕੁਸ਼ਲਤਾ, ਨਿਯੰਤਰਿਤ ਤਣਾਅ-ਵਾਧਾ, ਸੂਚਨਾ-ਦਬਦਬਾ ਅਤੇ ਸਮੁੱਚੇ ਰਾਸ਼ਟਰ ਦੀ ਇਕਜੁੱਟਤਾ ਨੂੰ ਰਾਜ-ਕੁਸ਼ਲਤਾ ਦੇ ਇੱਕ ਸੁਮੇਲ ਰਾਹੀਂ ਪਰੋ ਦਿੰਦਾ ਹੈ।
ਇਨ੍ਹਾਂ ਛੇ ਰਣਨੀਤਕ ਪਹਿਲੂਆਂ ਰਾਹੀਂ, ਭਾਰਤ ਨੇ ਦੱਖਣੀ ਏਸ਼ੀਆ ਵਿੱਚ ਜੰਗ ਦੇ ਨਿਯਮਾਂ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕੀਤਾ। ਇਸ ਨੇ ਇਹ ਦਿਖਾਇਆ ਕਿ ਪਰਮਾਣੂ ਸੁਰੱਖਿਆ ਕਵਚ ਰਾਹੀਂ ਰਾਜ-ਸਪਾਂਸਰ ਅੱਤਵਾਦ ਨੂੰ ਛੋਟ ਨਹੀਂ ਮਿਲ ਸਕਦੀ। ਇਸ ਨੇ ਇਹ ਸਾਬਤ ਕੀਤਾ ਕਿ ਸਵਦੇਸ਼ੀ ਰੱਖਿਆ ਨਿਵੇਸ਼ ਦੇ ਇੱਕ ਦਹਾਕੇ ਰਾਹੀਂ ਨਿਰਣਾਇਕ ਜੰਗੀ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਇਸ ਨੇ ਦਿਖਾਇਆ ਕਿ ਲੋਕਤੰਤਰੀ ਰਾਜਨੀਤਿਕ ਇੱਛਾ ਸ਼ਕਤੀ, ਜਿਸ ਨੂੰ ਸਪਸ਼ਟ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੋਵੇ ਅਤੇ ਲਗਾਤਾਰ ਲਾਗੂ ਕੀਤਾ ਗਿਆ ਹੋਵੇ, ਸਭ ਤੋਂ ਸ਼ਕਤੀਸ਼ਾਲੀ 'ਬਲ-ਗੁਣਕ' ਬਣੀ ਰਹਿੰਦੀ ਹੈ। ਵਿਆਪਕ ਖੇਤਰ ਲਈ ਸੰਦੇਸ਼ ਸਪਸ਼ਟ ਹੈ: ਸਾਂਝੇ ਨਿਵਾਰਕ ਵਜੋਂ ਪੁਰਾਣੀ ਵਿਵਸਥਾ — ਯਾਨੀ ਪਾਕਿਸਤਾਨੀ ਅੱਤਵਾਦੀ ਢਾਂਚਾ, ਚੀਨੀ ਫੌਜੀ ਉਪਕਰਣ ਅਤੇ ਪਰਮਾਣੂ ਧਮਕੀ — ਦੀ ਪਰਖ ਹੋ ਚੁੱਕੀ ਹੈ ਅਤੇ ਇਹ ਅਸਫਲ ਸਾਬਤ ਹੋਈ ਹੈ।
ਲੇਕਿਨ, ਕੰਮ ਅਜੇ ਖਤਮ ਨਹੀਂ ਹੋਇਆ ਹੈ। ਫਾਈਟਰ ਸਕੁਐਡਰਨ ਦੀ ਗਿਣਤੀ ਨੂੰ ਮੁੜ ਤੋਂ ਬਣਾਉਣਾ ਹੋਵੇਗਾ, ਏਈ.ਡਬਲਿਊਐਂਡਸੀ ਅਤੇ ਹਵਾ ਵਿੱਚ ਈਂਧਣ ਭਰਨ ਵਾਲੇ ਬੇੜੇ ਦਾ ਵਿਸਤਾਰ ਕਰਨਾ ਹੋਵੇਗਾ, ਡ੍ਰੋਨ ਅਤੇ ਘੁੰਮ ਕੇ ਹਮਲਾ ਕਰਨ ਵਾਲੇ ਹਥਿਆਰਾਂ ਦੇ ਭੰਡਾਰ ਨੂੰ ਵਧਾਉਣਾ ਹੋਵੇਗਾ ਅਤੇ ਰੱਖਿਆ ਬਜਟ ਵਿੱਚ — ਜਿਵੇਂ ਕਿ ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ — ਪੜਾਅਵਾਰ ਤਰੀਕੇ ਨਾਲ ਜੀਡੀਪੀ ਦੇ 3 ਪ੍ਰਤੀਸ਼ਤ ਤੱਕ ਵਾਧਾ ਕਰਨਾ ਹੋਵੇਗਾ। ਹਾਈਪਰਸੋਨਿਕ ਬ੍ਰਹਮੋਸ-II, ਪੰਜਵੀਂ ਪੀੜ੍ਹੀ ਦੇ ਏਐੱਮਸੀਏ (AMCA) ਲੜਾਕੂ ਜਹਾਜ਼ ਅਤੇ ਸਵਦੇਸ਼ੀ ਹਰੋਪ-ਸ਼੍ਰੇਣੀ ਦੇ ਡ੍ਰੋਨਾਂ ਦੇ ਵਿਕਾਸ ਦੀ ਗਤੀ ਤੇਜ਼ ਕਰਨੀ ਹੋਵੇਗੀ।
'ਆਪ੍ਰੇਸ਼ਨ ਸਿੰਦੂਰ' ਨੇ ਇੱਕ ਨਵਾਂ ਸਧਾਰਨ ਪੱਧਰ ਸਥਾਪਿਤ ਕਰ ਦਿੱਤਾ ਹੈ। ਹੁਣ ਰਣਨੀਤਕ ਜ਼ਰੂਰਤ ਇਹ ਯਕੀਨੀ ਬਣਾਉਣਾ ਹੈ ਕਿ ਇਸ ਨਾਲ ਜੋ ਅਸਮਾਨ ਲਾਭ ਸਾਹਮਣੇ ਆਇਆ ਹੈ, ਉਸ ਨੂੰ ਕਦੇ ਵੀ ਘੱਟ ਨਾ ਹੋਣ ਦਿੱਤਾ ਜਾਵੇ — ਕਿਉਂਕਿ ਵਿਰੋਧੀ ਨੇ ਪਹਿਲਾਂ ਹੀ ਇਸ ਵੱਲ ਧਿਆਨ ਦਿੱਤਾ ਹੈ ਅਤੇ ਉਹ ਸਥਿਰ ਨਹੀਂ ਰਹੇਗਾ।