ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਤਮਾ ਜਯੋਤੀਬਾ ਫੂਲੇ ਜੀ ਦੀਆਂ ਸਿੱਖਿਆਵਾਂ 'ਤੇ ਚੱਲਦਿਆਂ ਸੂਬੇ ਨੂੰ ਸਿੱਖਿਅਤ, ਸਿਹਤਮੰਦ, ਸੁਰੱਖਿਅਤ ਅਤੇ ਸਵੈ-ਨਿਰਭਰ ਬਣਾਉਣ ਲਈ ਸਾਡੀ ਸਰਕਾਰ ਵਚਨਬੱਧ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ਨੀਵਾਰ ਨੂੰ ਰੇਵਾੜੀ ਵਿਖੇ ਮਹਾਤਮਾ ਜਯੋਤੀਬਾ ਫੂਲੇ ਜੀ ਦੀ 200ਵੀਂ ਜਯੰਤੀ ਦੇ ਉਪਲੱਖ ਵਿੱਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਮਹਾਤਮਾ ਜਯੋਤੀਬਾ ਫੂਲੇ ਜੀ ਦਾ ਜੀਵਨ ਅਤੇ ਉਨ੍ਹਾਂ ਦੇ ਵਿਚਾਰ ਸਾਡੇ ਲਈ ਮਾਰਗਦਰਸ਼ਕ ਹਨ। ਸਾਨੂੰ ਉਨ੍ਹਾਂ ਦੇ ਦੱਸੇ ਰਾਹ 'ਤੇ ਚੱਲ ਕੇ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰਨੀ ਹੈ, ਜੋ ਸਮਾਨਤਾ, ਨਿਆਂ ਅਤੇ ਭਾਈਚਾਰੇ 'ਤੇ ਅਧਾਰਿਤ ਹੋਵੇ। ਅੱਜ ਦਾ ਇਹ ਸਮਾਗਮ ਸਮਾਜਿਕ ਚੇਤਨਾ, ਸਿੱਖਿਆ ਅਤੇ ਸਮਾਨਤਾ ਦੇ ਉਸ ਮਹਾਨ ਵਿਚਾਰ ਦਾ ਉਤਸਵ ਹੈ, ਜਿਸ ਨੂੰ ਮਹਾਤਮਾ ਜਯੋਤੀਬਾ ਫੂਲੇ ਜੀ ਨੇ ਆਪਣੇ ਜੀਵਨ ਦਾ ਟੀਚਾ ਬਣਾਇਆ।
ਮੱਧਕਾਲ ਤੋਂ ਹੀ ਰੇਵਾੜੀ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਅਸੀਂ ਸਭ ਜਾਣਦੇ ਹਾਂ ਕਿ ਭਾਰਤ ਦੇ ਅੰਤਿਮ ਹਿੰਦੂ ਸਮਰਾਟ ਹੇਮੂ ਦਾ ਸਬੰਧ ਵੀ ਇਸੇ ਸ਼ਹਿਰ ਨਾਲ ਸੀ। ਉਨ੍ਹਾਂ ਨੇ ਮੁਗਲਾਂ ਖ਼ਿਲਾਫ਼ 22 ਲੜਾਈਆਂ ਜਿੱਤੀਆਂ। ਇੰਨਾ ਹੀ ਨਹੀਂ, ਰੇਵਾੜੀ 1857 ਦੇ ਪਹਿਲੇ ਸੁਤੰਤਰਤਾ ਸੰਗਰਾਮ ਦਾ ਇੱਕ ਵੱਡਾ ਕੇਂਦਰ ਸੀ। ਇੱਥੋਂ ਦੇ ਸ਼ਾਸਕ ਰਾਓ ਤੁਲਾ ਰਾਮ ਜੀ ਨੇ ਅੰਗਰੇਜ਼ਾਂ ਖ਼ਿਲਾਫ਼ ਬਹਾਦਰੀ ਨਾਲ ਲੜਾਈ ਲੜੀ।
ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਸਮਾਜ ਹਨੇਰੇ ਵਿੱਚ ਡੁੱਬਿਆ, ਉਦੋਂ-ਉਦੋਂ ਸਾਡੇ ਮਹਾਪੁਰਖਾਂ ਨੇ ਆਪਣੇ ਵਿਚਾਰਾਂ ਅਤੇ ਕਰਮਾਂ ਨਾਲ ਨਵੀਂ ਰੌਸ਼ਨੀ ਦਿਖਾਈ। ਮਹਾਤਮਾ ਫੂਲੇ ਜੀ ਅਜਿਹੇ ਹੀ ਯੁੱਗ-ਪੁਰਸ਼ ਸਨ। ਉਨ੍ਹਾਂ ਨੇ ਉਸ ਸਮੇਂ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ, ਜਦੋਂ ਦੇਸ਼ ਅੰਗਰੇਜ਼ੀ ਹਕੂਮਤ ਦੀਆਂ ਬੇੜੀਆਂ ਵਿੱਚ ਜਕੜਿਆ ਹੋਇਆ ਸੀ। ਉਨ੍ਹਾਂ ਨੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਅਤੇ ਰੂੜੀਵਾਦੀ ਵਿਚਾਰਾਂ ਵਿਰੁੱਧ ਡਟ ਕੇ ਸੰਘਰਸ਼ ਕੀਤਾ।
ਬਾਲ ਵਿਆਹ, ਛੂਤ-ਛਾਤ, ਜਾਤੀਗਤ ਵਿਤਕਰਾ ਅਤੇ ਔਰਤਾਂ ਦੀ ਅਨਪੜ੍ਹਤਾ ਵਰਗੀਆਂ ਬੁਰਾਈਆਂ ਵਿਰੁੱਧ ਉਨ੍ਹਾਂ ਦਾ ਸੰਘਰਸ਼ ਇੱਕ ਸਮਾਜਿਕ ਕ੍ਰਾਂਤੀ ਦਾ ਰੂਪ ਸੀ। ਮਹਾਤਮਾ ਫੂਲੇ ਜੀ ਦਾ ਸਭ ਤੋਂ ਵੱਡਾ ਯੋਗਦਾਨ ਸਿੱਖਿਆ ਦੇ ਖੇਤਰ ਵਿੱਚ ਰਿਹਾ। ਉਨ੍ਹਾਂ ਦਾ ਮੰਨਣਾ ਸੀ ਕਿ ਸਮਾਜ ਵਿੱਚ ਅਸਲ ਤਬਦੀਲੀ ਉਦੋਂ ਹੀ ਸੰਭਵ ਹੈ, ਜਦੋਂ ਸਿੱਖਿਆ ਦਾ ਚਾਨਣ ਹਰ ਘਰ ਤੱਕ ਪਹੁੰਚੇ। ਇਸੇ ਸੋਚ ਨੂੰ ਸਾਕਾਰ ਕਰਦਿਆਂ, ਉਨ੍ਹਾਂ ਨੇ ਆਪਣੀ ਧਰਮ ਪਤਨੀ ਸਾਵਿਤਰੀਬਾਈ ਫੂਲੇ ਜੀ ਨਾਲ ਮਿਲ ਕੇ ਦੇਸ਼ ਦਾ ਪਹਿਲਾ ਕੰਨਿਆ ਸਕੂਲ (ਬਾਲਿਕਾ ਵਿਦਿਆਲਿਆ) ਸਥਾਪਿਤ ਕੀਤਾ। ਉਹ ਸਕੂਲ ਸਮਾਜਿਕ ਹਨੇਰੇ ਵਿਰੁੱਧ ਜਲਾਇਆ ਗਿਆ ਇੱਕ ਅਜਿਹਾ ਦੀਵਾ ਸੀ, ਜੋ ਅੱਜ ਵੀ ਕਰੋੜਾਂ ਧੀਆਂ ਦੇ ਭਵਿੱਖ ਨੂੰ ਰੌਸ਼ਨ ਕਰ ਰਿਹਾ ਹੈ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਜਦੋਂ ਦੇਸ਼ ਦੇ ਜਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਵਰਗੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਤਾਂ ਇਹ ਮਹਾਤਮਾ ਫੂਲੇ ਜੀ ਦੇ ਵਿਚਾਰਾਂ ਦਾ ਹੀ ਵਿਸਥਾਰ ਹੈ। ਉਨ੍ਹਾਂ ਦਾ ਸੁਪਨਾ ਸੀ ਇੱਕ ਅਜਿਹਾ ਭਾਰਤ, ਜਿੱਥੇ ਹਰ ਵਿਅਕਤੀ ਨੂੰ ਸਨਮਾਨ ਮਿਲੇ। ਹਰ ਕਿਸੇ ਨੂੰ ਅੱਗੇ ਵਧਣ ਦਾ ਬਰਾਬਰ ਮੌਕਾ ਮਿਲੇ ਅਤੇ ਕੋਈ ਵੀ ਵਿਅਕਤੀ ਆਪਣੀ ਜਾਤ, ਵਰਗ ਜਾਂ ਪਛਾਣ ਕਾਰਨ ਵਿਤਕਰੇ ਦਾ ਸ਼ਿਕਾਰ ਨਾ ਹੋਵੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਿਧਾਨ ਸਭਾ ਚੋਣਾਂ ਸਮੇਂ 217 ਸੰਕਲਪ ਲਏ ਸਨ। ਇਨ੍ਹਾਂ ਸਾਰੇ ਸੰਕਲਪਾਂ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਸੂਬਾ ਸਰਕਾਰ ਨੇ ਔਰਤਾਂ ਲਈ 'ਲਾਡਲੀ ਯੋਜਨਾ' ਸ਼ੁਰੂ ਕੀਤੀ। ਇਸ ਦੇ ਸਾਲਾਨਾ ਬਜਟ ਨੂੰ 5 ਹਜ਼ਾਰ ਕਰੋੜ ਤੋਂ ਵਧਾ ਕੇ ਸਾਢੇ ਛੇ ਹਜ਼ਾਰ ਕਰੋੜ ਕਰ ਦਿੱਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਔਰਤਾਂ ਇਸ ਯੋਜਨਾ ਦਾ ਲਾਭ ਉਠਾ ਸਕਣ। ਸਰਕਾਰ ਵੱਲੋਂ ਐਮ.ਐਸ.ਪੀ. (MSP) 'ਤੇ ਫ਼ਸਲ ਵੇਚੀ ਜਾ ਰਹੀ ਹੈ, ਜੋ ਭਾਜਪਾ ਸਰਕਾਰ ਦੀ ਕਿਸਾਨ ਪੱਖੀ ਸੋਚ ਦਾ ਇੱਕ ਪੁਖ਼ਤਾ ਸਬੂਤ ਹੈ। ਇਸੇ ਤਰ੍ਹਾਂ ਬੁਢਾਪਾ ਸਨਮਾਨ ਭੱਤੇ ਨੂੰ ਵਧਾ ਕੇ 3200 ਰੁਪਏ ਕਰਦੇ ਹੋਏ ਦੇਸ਼ ਵਿੱਚ ਸਭ ਤੋਂ ਵੱਧ ਭੱਤਾ ਦੇਣ ਦਾ ਕੰਮ ਕੀਤਾ ਹੈ।