ਹਲਕਾ ਬਸੀ ਪਠਾਣਾ ਦੇ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਵੱਲੋਂ ਬਸੀ ਪਠਾਣਾ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਇੱਕ ਹੋਰ ਅਹਿਮ ਕਦਮ ਚੁੱਕਿਆ ਗਿਆ ਹੈ। ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਵਾਰਡ ਨੰ. 2 ਤੋਂ ਬਸੀ ਪਠਾਣਾ ਦੇ ਵੱਖ ਵੱਖ ਇਲਾਕਿਆਂ ਦੀ ਲਗਭਗ 5.75 ਕਿਲੋਮੀਟਰ ਲੰਬੀ ਸੀਵਰੇਜ਼ ਲਾਈਨ ਦੀ ਸਫਾਈ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।
ਜਿਸ ਵਿੱਚ ਸਰਹਿੰਦ ਮੋਰਿੰਡਾ ਰੋਡ ਦੀ ਸੀਵਰੇਜ਼ ਲਾਈਨ, ਨਾਮਦੇਵ ਰੋਡ ਸੀਵਰੇਜ਼ ਲਾਈਨ, ਗੁੱਗਾ ਮਾੜੀ ਰੋਡ ਸੀਵਰੇਜ਼ ਲਾਈਨ, ਧੋਬੀਆਂ ਵਾਲਾ ਮੁਹੱਲਾ ਰੋਡ ਸੀਵਰੇਜ਼ ਲਾਈਨ, ਸਿਵਲ ਹਸਪਤਾਲ ਰੋਡ ਅਤੇ ਖਰੜ ਰੋਡ ਦੀ ਸੀਵਰੇਜ਼ ਲਾਈਨ ਦੀ ਸਫਾਈ ਕਰਵਾਈ ਜਾਵੇਗੀ। ਇਸ ਮੌਕੇ ਵਿਧਾਇਕ ਹੈਪੀ ਨੇ ਦੱਸਿਆ ਕਿ ਇਸ ਸੀਵਰੇਜ ਲਾਈਨ ਦੀ ਸਫਾਈ ਉੱਤੇ ਕਰੀਬ 18.83 ਲੱਖ ਰੁਪਏ ਦੀ ਲਾਗਤ ਆਵੇਗੀ।
ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਸੀਵਰੇਜ਼ ਲਾਈਨ ਵਿੱਚ ਗਾਦ ਜਮ੍ਹਾਂ ਹੋਣ ਕਾਰਨ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਮਸ਼ੀਨਾ ਨਾਲ ਮੁਕੰਮਲ ਸਫ਼ਾਈ ਹੋਣ ਨਾਲ ਨਿਕਾਸੀ ਦੀ ਸਮੱਸਿਆ ਸਥਾਈ ਤੌਰ 'ਤੇ ਹੱਲ ਹੋ ਜਾਵੇਗੀ।
ਵਿਧਾਇਕ ਹੈਪੀ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਹਦਾਇਤ ਕੀਤੀ ਕਿ ਸਫਾਈ ਅਤੇ ਡੀ-ਸਿਲਟਿੰਗ ਦੀ ਪ੍ਰਕਿਰਿਆ ਨੂੰ ਪੂਰੀ ਪਾਰਦਰਸ਼ਤਾ ਨਾਲ ਅਤੇ ਨਿਰਧਾਰਿਤ ਸਮੇਂ ਦੇ ਅੰਦਰ-ਅੰਦਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਉਹ ਖੁਦ ਨਿੱਜੀ ਸਮੁੱਚੇ ਕਾਰਜ ਦੀ ਨਿਗਰਾਨੀ ਕਰਨਗੇ।
ਇਸ ਮੌਕੇ ਸੀਵਰੇਜ ਬੋਰਡ ਦੇ ਅਧਿਕਾਰੀ ਰਾਜ ਪੁਰੀ, ਬਲਵਿੰਦਰ ਸਿੰਘ, ਪਰਵਿੰਦਰ ਸਿੰਘ, ਕਵਲਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਦੀਦਾਰ ਸਿੰਘ,ਸੁਖਵਿੰਦਰ ਸਿੰਘ, ਅਜਮੇਰ ਸਿੰਘ, ਹਰਜੀਤ ਸਿੰਘ, ਜਗਦੀਸ ਸਿੰਘ ਬਾਲ ਕ੍ਰਿਸ਼ਨ, ਮਾਲ ਸਿੰਘ ਸਮੇਤ ਹੋਰ ਪੰਤਵੰਤੇ ਹਾਜਰ ਸਨ।