Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼

 

ਨਰਿੰਦਰ ਮੋਦੀ ਅਤੇ ਡਾ. ਪੈਟ੍ਰਿਕ ਹਰਮਿਨੀ ਨੇ ਵੱਖ-ਵੱਖ ਖੇਤਰਾਂ ਵਿੱਚ ਰਣਨੀਤਕ ਭਾਈਵਾਲੀ ਅਤੇ ਸਹਿਯੋਗ ਨੂੰ ਡੂੰਘਾ ਕਰਨ ਲਈ ਸਾਂਝਾ ਦ੍ਰਿਸ਼ਟੀਕੋਣ ਪੇਸ਼ ਕੀਤਾ

Narendra Modi, Modi, BJP, Bharatiya Janata Party, Prime Minister of India, Prime Minister, Narendra Damodardas Modi, Subrahmanyam Jaishankar, Patrick Herminie, Dr Patrick Herminie

Web Admin

Web Admin

5 Dariya News

ਨਵੀਂ ਦਿੱਲੀ , 09 Feb 2026

Last updated on: Feb 10, 2026, 15:33 IST

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਸੇਸ਼ੇਲਸ ਗਣਰਾਜ ਦੇ ਰਾਸ਼ਟਰਪਤੀ ਡਾ. ਪੈਟ੍ਰਿਕ ਹਰਮਿਨੀ 5 ਤੋਂ 10 ਫ਼ਰਵਰੀ, 2026 ਤੱਕ ਭਾਰਤ ਦੇ ਸਰਕਾਰੀ ਦੌਰੇ 'ਤੇ ਹਨ। ਰਾਸ਼ਟਰਪਤੀ ਹਰਮਿਨੀ ਦਾ ਇਹ ਸਰਕਾਰੀ ਦੌਰਾ ਉਨ੍ਹਾਂ ਦੇ ਸਹੁੰ ਚੁੱਕਣ ਤੋਂ ਲਗਭਗ 100 ਦਿਨਾਂ ਬਾਅਦ ਹੋ ਰਿਹਾ ਹੈ, ਜੋ ਭਾਰਤ ਅਤੇ ਸੇਸ਼ੇਲਸ ਦੀ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਅਤੇ ਬਹੁਪੱਖੀ ਦੁਵੱਲੀ ਸਾਂਝੇਦਾਰੀ ਨੂੰ ਮਜ਼ਬੂਤ, ਵਧਾਉਣ ਅਤੇ ਵਧੇਰੇ ਡੂੰਘਾ ਬਣਾਉਣ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। 

ਇਹ ਸਰਕਾਰੀ ਦੌਰਾ ਇਸ ਲਈ ਵੀ ਖ਼ਾਸ ਮਹੱਤਵ ਰੱਖਦਾ ਹੈ ਕਿਉਂਕਿ ਇਹ ਸੰਜੋਗ ਵਜੋਂ ਸੇਸ਼ੇਲਸ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਅਤੇ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 50 ਸਾਲ ਪੂਰੇ ਹੋਣ ਦੇ ਮੌਕੇ ’ਤੇ ਹੋ ਰਿਹਾ ਹੈ। 9 ਫ਼ਰਵਰੀ, 2026 ਨੂੰ ਹੋਈ ਉਨ੍ਹਾਂ ਦੀ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਹਰਮਿਨੀ ਨੇ ਦੁਵੱਲੇ ਸਬੰਧਾਂ ਦੇ ਸਮੁੱਚੇ ਦਾਇਰੇ ਨੂੰ ਕਵਰ ਕਰਦੇ ਹੋਏ ਵਿਆਪਕ ਅਤੇ ਸਾਰਥਕ ਚਰਚਾ ਕੀਤੀ। 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਅਕਤੂਬਰ, 2025 ਵਿੱਚ ਹੋਈਆਂ ਚੋਣਾਂ ਵਿੱਚ ਸਫ਼ਲਤਾ ਲਈ ਰਾਸ਼ਟਰਪਤੀ ਹਰਮਿਨੀ ਨੂੰ ਵਧਾਈ ਦਿੱਤੀ। ਦੋਵਾਂ ਆਗੂਆਂ ਨੇ ਮੁੜ ਪੁਸ਼ਟੀ ਕੀਤੀ ਕਿ ਭਾਰਤ ਅਤੇ ਸੇਸ਼ੇਲਸ ਦਰਮਿਆਨ ਨਜ਼ਦੀਕੀ ਸਮੁੰਦਰੀ ਗੁਆਂਢੀ ਹੋਣ ਦੇ ਨਾਤੇ, ਇਤਿਹਾਸ ਅਤੇ ਨੇੜਤਾ ਦੇ ਸਬੰਧਾਂ 'ਤੇ ਅਧਾਰਿਤ ਅਤੇ ਲੋਕਤੰਤਰ ਅਤੇ ਬਹੁਲਵਾਦ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਨਾਲ ਪਾਲ਼ੀ ਇੱਕ ਖ਼ਾਸ ਅਤੇ ਸਮੇਂ ਦੀ ਪਰਖ ਕੀਤੀ ਸਾਂਝੇਦਾਰੀ ਹੈ। 

ਆਗੂਆਂ ਨੇ ਇਹ ਵੀ ਮੰਨਿਆ ਕਿ ਸੇਸ਼ੇਲਸ-ਭਾਰਤ ਸਬੰਧ ਲੋਕ-ਕੇਂਦ੍ਰਿਤ ਹਨ ਅਤੇ ਪੱਛਮੀ ਹਿੰਦ ਮਹਾਸਾਗਰ ਖੇਤਰ ਵਿੱਚ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਦੇ ਹਨ। ਆਗੂਆਂ ਨੇ ਭਾਰਤ ਦੇ ਵਿਜ਼ਨ ਮਹਾਸਾਗਰ (MAHASAGAR – ਖੇਤਰਾਂ ਵਿੱਚ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸਮੁੱਚੀ ਤਰੱਕੀ) ਵਿੱਚ ਸੇਸ਼ੇਲਸ ਦੀ ਭੂਮਿਕਾ ਦੀ ਇੱਕ ਅਹਿਮ ਥੰਮ੍ਹ ਵਜੋਂ ਮੁੜ ਪੁਸ਼ਟੀ ਕੀਤੀ।

ਭਾਰਤ ਅਤੇ ਸੇਸ਼ੇਲਸ ਨੂੰ ਜੋੜਨ ਵਾਲੇ ਅਮੀਰ ਅਤੇ ਇਤਿਹਾਸਕ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਨੂੰ ਯਾਦ ਕਰਦੇ ਹੋਏ ਦੋਵਾਂ ਆਗੂਆਂ ਨੇ ਸੇਸ਼ੇਲਸ ਅਤੇ ਭਾਰਤ ਦੇ ਲੋਕਾਂ ਦੀ ਸੁਰੱਖਿਆ, ਖ਼ੁਸ਼ਹਾਲੀ ਅਤੇ ਭਲਾਈ ਨੂੰ ਹੁਲਾਰਾ ਦੇਣ ਲਈ ਰਾਸ਼ਟਰੀ ਵਿਕਾਸ ਤਰਜੀਹਾਂ 'ਤੇ ਅਤੇ ਵਧੇਰੇ ਨਜ਼ਦੀਕੀ ਸਹਿਯੋਗ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਰਾਸ਼ਟਰਪਤੀ ਹਰਮਿਨੀ ਨੇ ਸੇਸ਼ੇਲਸ ਅਤੇ ਖੇਤਰ ਲਈ ਇੱਕ ਭਰੋਸੇਯੋਗ ਸਾਂਝੇਦਾਰ ਵਜੋਂ ਭਾਰਤ ਦੀ ਭੂਮਿਕਾ ਨੂੰ ਉਜਾਗਰ ਕੀਤਾ। 

ਉਨ੍ਹਾਂ ਨੇ ਸੇਸ਼ੇਲਸ ਦੇ ਵਿਕਾਸ ਏਜੰਡੇ ਦੀ ਪ੍ਰਾਪਤੀ ਵਿੱਚ ਭਾਰਤ ਵੱਲੋਂ ਲੰਬੇ ਸਮੇਂ ਤੋਂ ਦਿੱਤੀ ਗਈ ਸਹਾਇਤਾ ਅਤੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਦੋਵਾਂ ਦੇਸ਼ਾਂ ਦੀਆਂ ਆਪੋ-ਆਪਣੀਆਂ ਤਾਕਤਾਂ ਨੂੰ ਉਜਾਗਰ ਕਰਦੇ ਹੋਏ ਅਤੇ ਇਸ ਸਬੰਧ ਦੇ ਮਹੱਤਵ ਨੂੰ ਮੰਨਦੇ ਹੋਏ, ਦੋਵਾਂ ਆਗੂਆਂ ਨੇ ਉੱਨਤ ਸੰਪਰਕਾਂ ਜ਼ਰੀਏ ਸਥਿਰਤਾ, ਆਰਥਿਕ ਵਿਕਾਸ ਅਤੇ ਸੁਰੱਖਿਆ ਲਈ ਇੱਕ ਸਾਂਝੇ ਵਿਜ਼ਨ (ਐੱਸਈਐੱਸਈਐੱਲ-ਸੇਸੇਲ) ਦਾ ਐਲਾਨ ਕੀਤਾ।

ਰਾਜਨੀਤਿਕ ਅਦਾਨ-ਪ੍ਰਦਾਨ

ਆਗੂਆਂ ਨੇ ਸੇਸ਼ੇਲਸ ਅਤੇ ਭਾਰਤ ਦੇ ਵਿੱਚ ਨਿਯਮਤ ਉੱਚ-ਪੱਧਰੀ ਰਾਜਨੀਤਿਕ ਬੈਠਕਾਂ, ਦੌਰਿਆਂ ਅਤੇ ਸਲਾਹ-ਮਸ਼ਵਰੇ ਦੇ ਮਹੱਤਵ ਨੂੰ ਸਵੀਕਾਰ ਕੀਤਾ। ਦੋਵੇਂ ਧਿਰਾਂ ਨੇ ਲੀਡਰਸ਼ਿਪ ਪੱਧਰ, ਮੰਤਰੀ ਪੱਧਰ ਅਤੇ ਸੀਨੀਅਰ ਅਧਿਕਾਰੀਆਂ ਦੇ ਪੱਧਰ 'ਤੇ ਰਾਜਨੀਤਿਕ ਅਤੇ ਸਮਾਜਿਕ-ਆਰਥਿਕ ਸ਼ਮੂਲੀਅਤ ਨੂੰ ਹੋਰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ। ਦੋਵੇਂ ਆਗੂਆਂ ਨੇ ਦੋਵੇਂ ਦੇਸ਼ਾਂ ਦੇ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਬਣਾਉਣ ਅਤੇ ਸੰਸਦੀ ਅਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ, ਜਿਸ ਵਿੱਚ ਸੰਸਦੀ ਕਾਰਵਾਈਆਂ ਅਤੇ ਸਮਰੱਥਾ ਨਿਰਮਾਣ ਨਾਲ ਸਬੰਧਿਤ ਸਭ ਤੋਂ ਵਧੀਆ ਅਭਿਆਸਾਂ ਦਾ ਅਦਾਨ-ਪ੍ਰਦਾਨ ਵੀ ਸ਼ਾਮਲ ਹੈ।

ਵਿਕਾਸ ਸਾਂਝੇਦਾਰੀ

ਰਾਸ਼ਟਰਪਤੀ ਹਰਮਿਨੀ ਨੇ ਕਰਜ਼ਾ ਸਹਾਇਤਾ, ਗ੍ਰਾਂਟਾਂ, ਸਮਰੱਥਾ ਨਿਰਮਾਣ ਅਤੇ ਉੱਚ ਪ੍ਰਭਾਵ ਵਾਲੇ ਸਮੁਦਾਇਕ ਵਿਕਾਸ ਪ੍ਰਾਜੈਕਟਾਂ (ਐੱਚਆਈਸੀਡੀਪੀ) ਜ਼ਰੀਏ ਸੇਸ਼ੇਲਸ ਦੀਆਂ ਵਿਕਾਸ ਅਤੇ ਸੁਰੱਖਿਆ ਸਬੰਧੀ ਜ਼ਰੂਰਤਾਂ ਅਤੇ ਇੱਛਾਵਾਂ ਲਈ ਭਾਰਤ ਦੇ ਅਟੁੱਟ ਸਮਰਥਨ ਨੂੰ ਮਾਨਤਾ ਦਿੱਤੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੇਸ਼ੇਲਸ ਦੇ ਰਾਸ਼ਟਰੀ ਵਿਕਾਸ ਏਜੰਡੇ ਵਿੱਚ ਇੱਕ ਮੁੱਖ ਅਤੇ ਭਰੋਸੇਮੰਦ ਸਾਂਝੇਦਾਰ ਬਣੇ ਰਹਿਣ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਮੁੜ ਦੁਹਰਾਇਆ, ਜਿਸ ਵਿੱਚ ਖ਼ਾਸ ਤੌਰ ’ਤੇ ਸਥਿਰਤਾ, ਰੱਖਿਆ ਅਤੇ ਸਮੁੰਦਰੀ ਸੁਰੱਖਿਆ, ਸਮਰੱਥਾ ਨਿਰਮਾਣ, ਲਚਕੀਲਾਪਣ ਅਤੇ ਸਮਾਵੇਸ਼ੀ ਵਿਕਾਸ ਵੱਲ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

ਦੋਵਾਂ ਦੇਸ਼ਾਂ ਦੇ ਵਿੱਚ ਲੋਕ-ਕੇਂਦ੍ਰਿਤ ਵਿਕਾਸ ਸਾਂਝੇਦਾਰੀ ਦਾ ਵਿਸਤਾਰ ਅਤੇ ਉਸਨੂੰ ਹੋਰ ਮਜ਼ਬੂਤ ਕਰਨ ਲਈ ਨੇੜਿਓਂ ਸਹਿਯੋਗ ਕਰਨ ਦੀ ਆਪਣੀ ਵਚਨਬੱਧਤਾ ਦੀ ਮੁੜ ਪੁਸ਼ਟੀ ਕਰਦੇ ਹੋਏ ਭਾਰਤ ਨੇ 175 ਮਿਲੀਅਨ ਅਮਰੀਕੀ ਡਾਲਰ ਦੇ ਇੱਕ ‘ਖ਼ਾਸ ਆਰਥਿਕ ਪੈਕੇਜ’ ਦਾ ਐਲਾਨ ਕੀਤਾ। ਇਸ ਪੈਕੇਜ ਵਿੱਚ 125 ਮਿਲੀਅਨ ਅਮਰੀਕੀ ਡਾਲਰ ਦੀ ਰੁਪਏ-ਨਾਮੀ ਕਰਜ਼ਾ ਸਹਾਇਤਾ ਅਤੇ 50 ਮਿਲੀਅਨ ਅਮਰੀਕੀ ਡਾਲਰ ਦੀ ਗ੍ਰਾਂਟ ਸਹਾਇਤਾ ਦੇ ਰੂਪ ਵਿੱਚ ਮਿਸ਼ਰਿਤ ਵਿੱਤੀ ਸਹਿਯੋਗ ਸ਼ਾਮਲ ਹੋਵੇਗਾ, ਜਿਸਦੀ ਵਰਤੋਂ ਵਿਕਾਸ ਸਹਿਯੋਗ ਪ੍ਰਾਜੈਕਟਾਂ, ਨਾਗਰਿਕਾਂ ਅਤੇ ਰੱਖਿਆ ਅਧਿਕਾਰੀਆਂ ਦੇ ਸਮਰੱਥਾ ਨਿਰਮਾਣ, ਸਮੁੰਦਰੀ ਸੁਰੱਖਿਆ ਆਦਿ ਲਈ ਕੀਤੀ ਜਾਵੇਗੀ।

ਭਾਰਤ ਦੇ ਤੇਜ਼ ਡਿਜੀਟਲੀਕਰਨ ਨੂੰ ਗਲੋਬਲ ਸਾਊਥ ਲਈ ਇੱਕ ਸਕਾਰਾਤਮਕ ਤਾਕਤ ਵਜੋਂ ਮੰਨਦੇ ਹੋਏ ਦੋਵੇਂ ਆਗੂਆਂ ਨੇ ਡਿਜੀਟਲ ਪਰਿਵਰਤਨ ਦੇ ਖੇਤਰ ਵਿੱਚ ਨੇੜਿਓਂ ਸਹਿਯੋਗ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ। ਸੇਸ਼ੇਲਸ ਦੇ ਨਾਗਰਿਕਾਂ ਦੇ ਹਿਤ ਵਿੱਚ ਸ਼ਾਸਨ ਦੇ ਡਿਜੀਟਲੀਕਰਨ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਨੇ ਸੇਸ਼ੇਲਸ ਦੀਆਂ ਜ਼ਰੂਰਤਾਂ ਦੇ ਅਨੁਸਾਰ ਡਿਜੀਟਲ ਭੁਗਤਾਨਾਂ ਸਮੇਤ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ) ਦੇ ਵਿਕਾਸ ਲਈ ਵਿਆਪਕ ਯਤਨ ਕਰਨ ’ਤੇ ਸਹਿਮਤੀ ਦਿੱਤੀ।

ਸਿਹਤ ਅਤੇ ਜ਼ਰੂਰੀ ਵਸਤੂਆਂ ਦੇ ਖੇਤਰਾਂ ਵਿੱਚ ਸਹਿਯੋਗ

ਰਾਸ਼ਟਰਪਤੀ ਹਰਮਿਨੀ ਨੇ 10 ਐਂਬੂਲੈਂਸਾਂ (ਬੇਸਿਕ ਲਾਈਫ ਸਪੋਰਟ ਅਤੇ ਅਡਵਾਂਸ ਲਾਈਫ ਸਪੋਰਟ) ਦੇ ਦਾਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਨਵੇਂ ਉਪਕਰਣਾਂ ਨਾਲ ਲੈਸ ਇਹ ਐਂਬੂਲੈਂਸਾਂ ਸੇਸ਼ੇਲਸ ਵਿੱਚ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨਗੀਆਂ। ਇਹ ਪਹਿਲ ਭਾਰਤ-ਸੇਸ਼ੇਲਸ ਸਾਂਝੇਦਾਰੀ ਦੇ ਲੋਕ-ਕੇਂਦ੍ਰਿਤ ਨਜ਼ਰੀਏ ਨੂੰ ਉਜਾਗਰ ਕਰਦੀ ਹੈ।

ਦੋਵੇਂ ਆਗੂਆਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟ ਕੀਤੀ ਕਿ ਸੇਸ਼ੇਲਸ ਵੱਲੋਂ ਭਾਰਤੀ ਭਾਰਤੀ ਔਸ਼ਧਕੋਸ਼ ਦੀ ਮਾਨਤਾ ਨਾਲ ਗੁਣਵੱਤਾ-ਯਕੀਨੀ ਜ਼ਰੂਰੀ ਦਵਾਈਆਂ ਦੀ ਖ਼ਰੀਦ ਪ੍ਰਕਿਰਿਆ ਆਸਾਨ ਹੋਵੇਗੀ ਅਤੇ ਭਾਰਤ ਦੀ ਜਨ ਔਸ਼ਧੀ ਪਹਿਲਕਦਮੀ ਦੇ ਤਹਿਤ ਸਹਿਯੋਗ ਜ਼ਰੀਏ ਕਿਫਾਇਤੀ ਦਵਾਈਆਂ ਤੱਕ ਪਹੁੰਚ ਨੂੰ ਆਸਾਨ ਬਣਾਇਆ ਜਾ ਸਕੇਗਾ।

ਦੋਵੇਂ ਆਗੂਆਂ ਨੇ ਹੇਠ ਲਿਖੇ ’ਤੇ ਸਹਿਮਤੀ ਪ੍ਰਗਟ ਕੀਤੀ:

ਸੰਸਥਾਗਤ ਸੰਪਰਕ ਜ਼ਰੀਏ ਮਾਨਸਿਕ ਸਿਹਤ ਦੇ ਖੇਤਰ ਵਿੱਚ ਸਿਖਲਾਈ ਪ੍ਰੋਗਰਾਮਾਂ ਅਤੇ ਅਦਾਨ-ਪ੍ਰਦਾਨ ਦੌਰਿਆਂ ਨੂੰ ਲਾਗੂ ਕਰਨਾ।

ਸੇਸ਼ੇਲਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਤੋਂ ਮੈਡੀਕਲ ਮਾਹਿਰਾਂ, ਨਰਸਾਂ, ਪੈਰਾ-ਮੈਡੀਕਲ ਕਰਮਚਾਰੀਆਂ ਅਤੇ ਟੈਕਨੀਸ਼ੀਅਨਾਂ ਦੀ ਭਰਤੀ ਅਤੇ ਡੈਪੂਟੇਸ਼ਨ ਨੂੰ ਸਮਰਥਨ ਦੇਣਾ।

ਦੌਰਿਆਂ ਦੇ ਅਦਾਨ-ਪ੍ਰਦਾਨ ਅਤੇ ਸੰਸਥਾਗਤ ਸੰਪਰਕਾਂ ਜ਼ਰੀਏ ਜਨਤਕ ਸਿਹਤ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨਾ।

ਸੇਸ਼ੇਲਸ ਵਿੱਚ ਇੱਕ ਨਵੇਂ ਹਸਪਤਾਲ ਦੇ ਨਿਰਮਾਣ ਨੂੰ ਸਮਰਥਨ ਦੇਣ ਲਈ ਮਿਲ ਕੇ ਕੰਮ ਕਰਨਾ।

ਜ਼ਿੰਦਗੀ ਜਿਊਣ ਦੀ ਉੱਚ ਲਾਗਤ ਸੇਸ਼ੇਲਸ ਸਰਕਾਰ ਲਈ ਚਿੰਤਾ ਦਾ ਇੱਕ ਪ੍ਰਮੁੱਖ ਵਿਸ਼ਾ ਬਣੀ ਹੋਈ ਹੈ, ਇਸ ਗੱਲ ਨੂੰ ਮੰਨਦੇ ਹੋਏ ਦੋਵੇਂ ਆਗੂਆਂ ਨੇ ਹੇਠ ਲਿਖੇ ’ਤੇ ਸਹਿਮਤੀ ਪ੍ਰਗਟ ਕੀਤੀ:

ਸੇਸ਼ੇਲਸ ਦੇ ਸਿਹਤ ਢਾਂਚੇ ਦੇ ਲੰਬੇ ਸਮੇਂ ਦੇ ਵਿਕਾਸ ਵਿੱਚ ਸਹਿਯੋਗ ਕਰਨਾ, ਜਿਸ ਵਿੱਚ ਦਵਾਈਆਂ ਅਤੇ ਡਾਕਟਰੀ ਉਪਕਰਣਾਂ ਦੀ ਕਿਫਾਇਤੀ ਅਤੇ ਭਰੋਸੇਯੋਗ ਪਹੁੰਚ ਯਕੀਨੀ ਬਣਾਉਣ ਦੇ ਉਪਾਅ ਸ਼ਾਮਲ ਹਨ।

ਭਾਰਤ ਤੋਂ ਗੁਣਵੱਤਾਪੂਰਨ ਅਤੇ ਕਿਫਾਇਤੀ ਭੋਜਨ ਪਦਾਰਥ ਅਤੇ ਜ਼ਰੂਰੀ ਵਸਤੂਆਂ ਦੀ ਖ਼ਰੀਦ ਲਈ ਇੱਕ ਸੰਸਥਾਗਤ ਵਿਧੀ ਸਥਾਪਤ ਕਰਨ ਲਈ ਮਿਲ ਕੇ ਕੰਮ ਕਰਨਾ।

ਰਾਸ਼ਟਰਪਤੀ ਹਰਮਿਨੀ ਨੇ ਸੇਸ਼ੇਲਸ ਨੂੰ 1,000 ਮੀਟ੍ਰਿਕ ਟਨ ਅਨਾਜ ਦਾਨ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਪ੍ਰਗਟ ਕੀਤਾ। ਅਨਾਜ ਦੇ ਇਸ ਦਾਨ ਨਾਲ ਸੇਸ਼ੇਲਸ ਵਿੱਚ ਭੋਜਨ ਸੁਰੱਖਿਆ ਮਜ਼ਬੂਤ ਹੋਵੇਗੀ ਅਤੇ ਸੇਸ਼ੇਲਸ ਦੇ ਲੋਕਾਂ ਲਈ ਭੋਜਨ ਦੀ ਲਾਗਤ ਘੱਟ ਹੋਵੇਗੀ।

ਸਮਰੱਥਾ ਨਿਰਮਾਣ, ਮਨੁੱਖੀ ਸਰੋਤ ਵਿਕਾਸ ਅਤੇ ਸੰਸਥਾਗਤ ਸੰਪਰਕ

ਰਾਸ਼ਟਰਪਤੀ ਹਰਮਿਨੀ ਨੇ ਸੇਸ਼ੇਲਸ ਦੀਆਂ ਸੰਸਥਾਗਤ ਅਤੇ ਪ੍ਰਸ਼ਾਸਕੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਵਿੱਚ ਭਾਰਤ ਦੇ ਲਗਾਤਾਰ ਸਮਰਥਨ ਲਈ ਡੂੰਘੀ ਸ਼ਲਾਘਾ ਪ੍ਰਗਟ ਕੀਤੀ। ਦੋਵਾਂ ਧਿਰਾਂ ਨੇ ਸਮਰੱਥਾ ਨਿਰਮਾਣ ਵਿੱਚ ਮਜ਼ਬੂਤ ਸਹਿਯੋਗ ਨੂੰ ਉਜਾਗਰ ਕੀਤਾ, ਜਿਸ ਵਿੱਚ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈਟੀਈਸੀ) ਪ੍ਰੋਗਰਾਮ, ਸਿਵਲ ਸੇਵਾ, ਰੱਖਿਆ ਕਰਮਚਾਰੀਆਂ ਅਤੇ ਸਿਹਤ ਪੇਸ਼ੇਵਰਾਂ ਲਈ ਸਿਖਲਾਈ ਪ੍ਰੋਗਰਾਮ ਸ਼ਾਮਲ ਹਨ। 

ਆਗੂਆਂ ਨੇ ਪੁਲਿਸਿੰਗ, ਵਿੱਤ, ਖੇਤੀਬਾੜੀ, ਜਲਵਾਯੂ ਪਰਿਵਰਤਨ, ਸਮੁੰਦਰੀ ਸੰਭਾਲ ਅਤੇ ਹੋਰ ਖੇਤਰਾਂ ਵਿੱਚ ਸੇਸ਼ੇਲਸ ਦੀਆਂ ਜ਼ਰੂਰਤਾਂ ਦੇ ਅਨੁਸਾਰ ਸਿਖਲਾਈ ਪ੍ਰੋਗਰਾਮਾਂ ਅਤੇ ਸੰਸਥਾਗਤ ਸੰਪਰਕਾਂ ਦੀਆਂ ਹੋਰ ਵਧੇਰੇ ਸੰਭਾਵਨਾਵਾਂ ਤਲਾਸ਼ਣ ’ਤੇ ਸਹਿਮਤੀ ਪ੍ਰਗਟ ਕੀਤੀ। ਸਿੱਖਿਆ ਅਤੇ ਕਿੱਤਾਮੁਖੀ ਸਿਖਲਾਈ ਦੇ ਖੇਤਰ ਵਿੱਚ ਆਗੂਆਂ ਨੇ ਹੁਨਰ ਵਿਕਾਸ ਪਹਿਲਕਦਮੀਆਂ ਦਾ ਵਿਸਤਾਰ ਕਰਨ ਅਤੇ ਵਿਦਿਅਕ ਅਦਾਰਿਆਂ ਅਤੇ ਡਿਜੀਟਲ ਸਿੱਖਿਆ ਪਲੈਟਫਾਰਮਾਂ ਦੇ ਵਿੱਚ ਅਦਾਨ-ਪ੍ਰਦਾਨ ਵਧਾਉਣ ਦਾ ਸੱਦਾ ਦਿੱਤਾ।

ਦੋਵੇਂ ਆਗੂਆਂ ਨੇ ਹੇਠ ਲਿਖੇ ’ਤੇ ਸਹਿਮਤੀ ਪ੍ਰਗਟ ਕੀਤੀ:

ਭਾਰਤ ਵਿੱਚ ਸੇਸ਼ੇਲਸ ਦੇ ਸਿਵਲ ਅਧਿਕਾਰੀਆਂ ਲਈ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ) ਜ਼ਰੀਏ ਲੋੜ ਅਨੁਸਾਰ ਤਿਆਰ ਕੀਤਾ ਗਿਆ ਸਿਖਲਾਈ ਪ੍ਰੋਗਰਾਮ ਲਾਗੂ ਕਰਨਾ।

ਸਾਈਬਰ ਸੁਰੱਖਿਆ ਅਤੇ ਵਿੱਤੀ ਖੁਫ਼ੀਆ ਖੇਤਰਾਂ ਵਿੱਚ ਸਮਰੱਥਾ ਨਿਰਮਾਣ, ਸਹਿਯੋਗ ਅਤੇ ਅਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨਾ।

ਭਾਰਤ ਤੋਂ ਮਾਹਿਰਾਂ ਦੀ ਸੇਸ਼ੇਲਸ ਵਿੱਚ ਡੈਪੂਟੇਸ਼ਨ ਦੀ ਆਸਾਨ ਬਣਾਉਣਾ ਅਤੇ ਟੈਕਨੋਲੋਜੀ, ਸਿਹਤ, ਸਿੱਖਿਆ, ਨਵਿਆਉਣਯੋਗ ਊਰਜਾ, ਕਾਨੂੰਨ, ਆਡਿਟਿੰਗ, ਸਮੁੰਦਰੀ ਸੁਰੱਖਿਆ, ਵਿੱਤ, ਭੂਮੀ ਅਤੇ ਬੁਨਿਆਦੀ ਢਾਂਚਾ ਵਿਕਾਸ, ਟੈਕਸ ਪ੍ਰਸ਼ਾਸਨ, ਮਹਿਲਾ ਸਸ਼ਕਤੀਕਰਨ, ਮੱਛੀ ਪਾਲਣ ਅਤੇ ਹੋਰ ਆਪਸੀ ਹਿਤ ਦੇ ਖੇਤਰਾਂ ਵਿੱਚ ਸਮਰੱਥਾ ਨਿਰਮਾਣ ਕਰਨਾ।

ਸਮੁੰਦਰੀ ਵਿਗਿਆਨ ਅਤੇ ਸੰਭਾਲ ਦੇ ਖੇਤਰ ਵਿੱਚ ਸਰਕਾਰ ਅਤੇ ਗੈਰ-ਸਰਕਾਰੀ ਅਦਾਰਿਆਂ ਜ਼ਰੀਏ ਭਾਰਤ ਅਤੇ ਸੇਸ਼ੇਲਸ ਦੇ ਵਿੱਚ ਸਮਰੱਥਾ ਨਿਰਮਾਣ ਅਤੇ ਸੰਸਥਾਗਤ ਸੰਪਰਕ ਵਧਾਉਣਾ।

ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੀ ਪ੍ਰਮੋਸ਼ਨ ਲਈ ਸਹਿਯੋਗ ਅਤੇ ਸਹਿਭਾਗਤਾ ਕਰਨਾ।

ਸੁਸ਼ਮਾ ਸਵਰਾਜ ਵਿਦੇਸ਼ੀ ਸੇਵਾ ਅਦਾਰੇ ਦੇ ਸਹਿਯੋਗ ਨਾਲ ਸੇਸ਼ੇਲਸ ਦੀਆਂ ਜ਼ਰੂਰਤਾਂ ਅਨੁਸਾਰ ਸਿਖਲਾਈ ਪ੍ਰੋਗਰਾਮ ਤਿਆਰ ਕਰਨਾ।

ਨਵਿਆਉਣਯੋਗ ਊਰਜਾ, ਜਲਵਾਯੂ ਕਾਰਵਾਈ, ਅਤੇ ਸਥਿਰਤਾ

ਦੋਵਾਂ ਧਿਰਾਂ ਨੇ ਨਵਿਆਉਣਯੋਗ ਊਰਜਾ ਅਤੇ ਜਲਵਾਯੂ ਲਚਕੀਲੇਪਣ (ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਪ੍ਰਤੀ ਅਨੁਕੂਲਤਾ ਸਮਰੱਥਾ) ਦੇ ਖੇਤਰ ਵਿੱਚ ਸਹਿਯੋਗ ਨੂੰ ਡੂੰਘਾ ਬਣਾਉਣ ਦੀ ਆਪਣੀ ਵਚਨਬੱਧਤਾ ਦੀ ਮੁੜ ਪੁਸ਼ਟੀ ਕੀਤੀ, ਜਿਸ ਵਿੱਚ ਇਨੋਵੇਟਿਵ ਕਲੀਨ ਐਨਰਜੀ ਜ਼ਰੀਏ ਹੱਲ ਵੀ ਸ਼ਾਮਲ ਹਨ। ਰਾਸ਼ਟਰਪਤੀ ਹਰਮਿਨੀ ਨੇ ਸੇਸ਼ੇਲਸ ਨੂੰ ਉਸਦੇ ਨਵਿਆਉਣਯੋਗ ਊਰਜਾ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਭਾਰਤ ਦੇ ਦ੍ਰਿੜ੍ਹ ਸਮਰਥਨ ਨੂੰ ਮਾਨਤਾ ਦਿੱਤੀ। 

ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਰਤ ਸਰਕਾਰ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਸੂਰਜੀ ਗਠਜੋੜ ਦੇ ਤਹਿਤ ਲਾਗੂ ਕੀਤੇ ਗਏ ਸੂਰਜੀ ਊਰਜਾ ਪ੍ਰਾਜੈਕਟਾਂ ਨੇ ਠੋਸ ਭਾਈਚਾਰਕ ਪੱਧਰ ਦੇ ਲਾਭ ਪ੍ਰਦਾਨ ਕੀਤੇ ਹਨ, ਖ਼ਾਸ ਕਰਕੇ ਸੇਸ਼ੇਲਸ ਦੇ ਖੇਤੀਬਾੜੀ ਅਤੇ ਸਿਹਤ ਖੇਤਰਾਂ ਵਿੱਚ। ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਲਈ ਤਿਆਰੀ ਅਤੇ ਇਨ੍ਹਾਂ ਦੇ ਘਟਾਉਣ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਬਣਾਉਣ ਲਈ, ਦੋਵੇਂ ਆਗੂਆਂ ਨੇ ਸੇਸ਼ੇਲਸ ਵਿੱਚ ਬਹੁ-ਆਫ਼ਤ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ ਦੇ ਲਾਗੂਕਰਨ ਦਾ ਸਮਰਥਨ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ।

ਭਾਰਤ ਨੇ ਸੇਸ਼ੇਲਸ ਨੂੰ ਉਸਦੇ ਬਿਜਲੀ ਗ੍ਰਿਡ ਦੇ ਪ੍ਰਬੰਧਨ ਵਿੱਚ ਤਕਨੀਕੀ ਸਹਾਇਤਾ ਪ੍ਰਦਾਨ ਕਰਨ ’ਤੇ ਸਹਿਮਤੀ ਦਿੱਤੀ, ਜਿਸ ਨਾਲ ਦੇਸ਼ ਨੂੰ ਗ੍ਰੀਨ ਪਬਲਿਕ ਟ੍ਰਾਂਸਪੋਰਟ ਸਿਸਟਮ ਦੇ ਵੱਲ ਬਦਲਾਅ ਕਰਨ ਵਿੱਚ ਸਮਰਥਨ ਦਿੱਤਾ ਜਾ ਸਕੇ। ਦੋਵੇਂ ਧਿਰਾਂ ਨੇ ਊਰਜਾ ਸੰਭਾਲ, ਸਥਿਰਤਾ, ਨਵਿਆਉਣਯੋਗ ਊਰਜਾ ਅਤੇ ਗ੍ਰੀਨ ਆਵਾਜਾਈ ਦੇ ਖੇਤਰਾਂ ਵਿੱਚ ਨਵੇਂ ਸਹਿਯੋਗ ਅਤੇ ਪ੍ਰਾਜੈਕਟਾਂ ਦੇ ਮੌਕੇ ਤਲਾਸ਼ਣ ’ਤੇ ਵੀ ਸਹਿਮਤੀ ਪ੍ਰਗਟ ਕੀਤੀ, ਜਿਸ ਨਾਲ ਸੇਸ਼ੇਲਸ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।

ਦੋਵਾਂ ਆਗੂਆਂ ਨੇ ਮੰਨਿਆ ਕਿ ਵਿੱਤੀ ਪਹੁੰਚ ਸੇਸ਼ੇਲਸ ਵਰਗੇ ਛੋਟੇ ਟਾਪੂ ਵਿਕਾਸਸ਼ੀਲ ਦੇਸ਼ਾਂ (ਐੱਸਆਈਡੀਐੱਸ) ਲਈ ਇੱਕ ਮੁੱਖ ਚੁਣੌਤੀ ਬਣੀ ਹੋਈ ਹੈ। ਰਾਸ਼ਟਰਪਤੀ ਹਰਮਿਨੀ ਨੇ ਉਮੀਦ ਪ੍ਰਗਟਾਈ ਕਿ ਸੇਸ਼ੇਲਸ ਅੰਤਰਰਾਸ਼ਟਰੀ ਮੰਚਾਂ ’ਤੇ ਭਾਰਤ ਦੀ ਮਜ਼ਬੂਤ ਅਤੇ ਰਚਨਾਤਮਕ ਆਵਾਜ਼ 'ਤੇ ਭਰੋਸਾ ਬਣਾਈ ਰੱਖ ਸਕਦਾ ਹੈ, ਜਿਸ ਨਾਲ ਬਹੁ-ਆਯਾਮੀ ਸੰਵੇਦਨਸ਼ੀਲਤਾ - ਜਿਸ ਵਿੱਚ ਬਹੁ-ਆਯਾਮੀ ਸੰਵੇਦਨਸ਼ੀਲਤਾ ਸੂਚਕਾਂਕ (ਐੱਮਵੀਆਈ) ਵੀ ਸ਼ਾਮਲ ਹੈ, ਨੂੰ ਇੱਕ ਪੂਰਕ ਅਤੇ ਅਹਿਮ ਵਿਸ਼ਲੇਸ਼ਣਾਤਮਕ ਉਪਕਰਣ ਵਜੋਂ ਮੰਨਿਆ ਜਾ ਸਕੇ, ਨਾਲ ਹੀ ਬਰਾਬਰਤਾ, ਸਾਂਝੀਆਂ ਪਰ ਵਿਭਿੰਨ ਜ਼ਿੰਮੇਵਾਰੀਆਂ ਅਤੇ ਸਬੰਧਿਤ ਸਮਰੱਥਾਵਾਂ (ਸੀਬੀਡੀਆਰ-ਆਰਸੀ), ਅਤੇ ਬਹੁ-ਪੱਖੀ ਵਿਕਾਸ ਬੈਂਕ, ਅੰਤਰਰਾਸ਼ਟਰੀ ਵਿੱਤੀ ਅਦਾਰੇ ਅਤੇ ਸੰਯੁਕਤ ਰਾਸ਼ਟਰ ਵਿਕਾਸ ਭਾਈਵਾਲਾਂ ਨਾਲ ਕੀਤੀ ਜਾਣ ਵਾਲੀ ਸਬੰਧਿਤ ਗੱਲਬਾਤ ਵਿੱਚ ਰਾਸ਼ਟਰੀ ਪੱਧਰ 'ਤੇ ਨਿਰਧਾਰਤ ਜ਼ਰੂਰਤਾਂ ਦਾ ਧਿਆਨ ਰੱਖਿਆ ਜਾ ਸਕੇ। ਦੋਵੇਂ ਆਗੂਆਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਕਿ ਸੇਸ਼ੇਲਸ ਆਫ਼ਤ ਲਚਕੀਲਾ ਬੁਨਿਆਦੀ ਢਾਂਚਾ ਗੱਠਜੋੜ (ਸੀਡੀਆਰਆਈ) ਵਿੱਚ ਸ਼ਾਮਲ ਹੋਵੇਗਾ।

ਵਪਾਰ, ਨਿਵੇਸ਼, ਸੰਪਰਕ ਅਤੇ ਸੈਰ-ਸਪਾਟਾ

ਰਾਸ਼ਟਰਪਤੀ ਹਰਮਿਨੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤੀ ਕੰਪਨੀਆਂ ਅਤੇ ਕਾਰੋਬਾਰ ਸੇਸ਼ੇਲਸ ਨੂੰ ਇੱਕ ਪ੍ਰਮੁੱਖ ਨਿਵੇਸ਼ ਕੇਂਦਰ ਵਜੋਂ ਦੇਖਣ ਅਤੇ ਕਿਫਾਇਤੀ ਰਿਹਾਇਸ਼, ਡਿਜੀਟਲ ਟੈਕਨੋਲੋਜੀ ਅਤੇ ਏਆਈ, ਵਿੱਤੀ ਸੇਵਾਵਾਂ, ਨੀਲੀ ਅਰਥ-ਵਿਵਸਥਾ, ਸੈਰ-ਸਪਾਟਾ ਅਤੇ ਮੱਛੀ ਪਾਲਣ ਖੇਤਰਾਂ ਵਿੱਚ ਸੇਸ਼ੇਲਸ ਵੱਲੋਂ ਉਪਲਬਧ ਕਰਾਏ ਜਾ ਰਹੇ ਵਪਾਰ ਅਤੇ ਕਾਰੋਬਾਰੀ ਮੌਕਿਆਂ ਦਾ ਲਾਭ ਉਠਾਉਣ।

ਦੋਵਾਂ ਆਗੂਆਂ ਨੇ ਮੰਨਿਆ ਕਿ ਸਿੱਧੀਆਂ ਉਡਾਨਾਂ ਨਾਲ ਸੇਸ਼ੇਲਸ ਆਉਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਦੀ ਵਧਦੀ ਗਿਣਤੀ ਨੇ ਸੇਸ਼ੇਲਸ ਦੇ ਸੈਰ-ਸਪਾਟਾ ਖੇਤਰ ਦੀ ਲਚਕਤਾ ਨੂੰ ਮਜ਼ਬੂਤ ਕੀਤਾ ਹੈ। ਨਾਲ ਹੀ, ਦੋਵੇਂ ਧਿਰਾਂ ਨੇ ਦੋਵਾਂ ਦੇਸ਼ਾਂ ਦੇ ਵਿੱਚ ਹੋਰ ਵਧੇਰੇ ਉਡਾਨ ਸੰਪਰਕ ਵਧਾਉਣ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਲਈ ਮਿਲ ਕੇ ਕੰਮ ਕਰਨ 'ਤੇ ਸਹਿਮਤੀ ਪ੍ਰਗਟ ਕੀਤੀ। ਆਗੂਆਂ ਨੇ ਸੇਸ਼ੇਲਸ ਅਤੇ ਭਾਰਤ ਦੇ ਆਰਥਿਕ ਵਿਕਾਸ ਅਤੇ ਖ਼ੁਸ਼ਹਾਲੀ ਦੇ ਸਾਂਝੇ ਮੰਤਵ ਦੀ ਪੂਰਤੀ ਲਈ ਦੁਵੱਲੇ ਵਪਾਰ ਦੀਆਂ ਪੂਰੀਆਂ ਸੰਭਾਵਨਾਵਾਂ ਦੀ ਵਰਤੋਂ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਹਾਈਡ੍ਰੋਗ੍ਰਾਫੀ ਦੇ ਖੇਤਰ ਵਿੱਚ ਸਹਿਯੋਗ

ਦੋਵੇਂ ਆਗੂਆਂ ਨੇ ਵਧੇਰੇ ਸਾਂਝੇ ਹਾਈਡ੍ਰੋਗ੍ਰਾਫਿਕ ਸਰਵੇਖਣਾਂ ਜ਼ਰੀਏ ਸੇਸ਼ੇਲਸ ਦੀ ਨੀਲੀ ਅਰਥਵਿਵਸਥਾ ਦੇ ਵਿਕਾਸ ਨੂੰ ਗਤੀ ਦੇਣ ਦੇ ਯਤਨਾਂ ਨੂੰ ਸਮਰਥਨ ਪ੍ਰਦਾਨ ਕਰਨ ਲਈ ਹਾਈਡ੍ਰੋਗ੍ਰਾਫੀ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਸਹਿਮਤੀ ਪ੍ਰਗਟ ਕੀਤੀ। ਇਸ ਸੰਦਰਭ ਵਿੱਚ ਭਾਰਤ ਦੀ ਸਹਾਇਤਾ ਨਾਲ ਸੇਸ਼ੇਲਸ ਇੱਕ ਸੇਸ਼ੇਲਸ ਹਾਈਡ੍ਰੋਗ੍ਰਾਫਿਕ ਇਕਾਈ (ਐੱਸਐੱਚਯੂ) ਦੀ ਸਥਾਪਨਾ ਕਰੇਗਾ। ਦੁਵੱਲੇ ਸਹਿਯੋਗ ਦੇ ਇਸ ਖੇਤਰ ਨੂੰ ਦਿਸ਼ਾ ਅਤੇ ਗਤੀ ਪ੍ਰਦਾਨ ਕਰਨ ਲਈ ਇਹ ਫ਼ੈਸਲਾ ਲਿਆ ਗਿਆ ਕਿ ਹਾਈਡ੍ਰੋਗ੍ਰਾਫੀ 'ਤੇ ਤੀਜੀ ਸਾਂਝੀ ਸਲਾਹ-ਮਸ਼ਵਰਾ ਬੈਠਕ ਸਾਲ 2026 ਦੀ ਸ਼ੁਰੂਆਤ ਵਿੱਚ ਸੇਸ਼ੇਲਸ ਵਿੱਚ ਆਯੋਜਿਤ ਕੀਤੀ ਜਾਵੇਗੀ।

ਰੱਖਿਆ ਸਹਿਯੋਗ ਅਤੇ ਸਮੁੰਦਰੀ ਸੁਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਹਰਮਿਨੀ ਨੇ ਉਜਾਗਰ ਕੀਤਾ ਕਿ ਸਮੁੰਦਰੀ ਸੁਰੱਖਿਆ ਅਤੇ ਰੱਖਿਆ ਦੁਵੱਲੀ ਸਾਂਝੇਦਾਰੀ ਦਾ ਇੱਕ ਪ੍ਰਮੁੱਖ ਅਤੇ ਸਮੇਂ ਨਾਲ ਪਰਖਿਆ ਹੋਇਆ ਥੰਮ੍ਹ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਸੇਸ਼ੇਲਸ ਭਾਰਤ ਦੇ ਵਿਜ਼ਨ ਮਹਾ-ਸਾਗਰ (MAHASAGAR – ਖੇਤਰਾਂ ਵਿੱਚ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸਮੁੱਚੀ ਤਰੱਕੀ) ਵਿੱਚ ਇੱਕ ਅਹਿਮ ਸਮੁੰਦਰੀ ਸਾਂਝੇਦਾਰ ਹੈ ਅਤੇ ਸੇਸ਼ੇਲਸ ਦੀਆਂ ਸਮੁੰਦਰੀ ਸੁਰੱਖਿਆ ਅਤੇ ਰੱਖਿਆ ਸਬੰਧੀ ਜ਼ਰੂਰਤਾਂ ਦੀ ਪੂਰਤੀ ਲਈ ਭਾਰਤ ਦੇ ਲਗਾਤਾਰ ਸਮਰਥਨ ਅਤੇ ਸਹਾਇਤਾ ਨੂੰ ਦੁਹਰਾਇਆ।

ਦੋਵਾਂ ਆਗੂਆਂ ਨੇ ਮੰਨਿਆ ਕਿ ਸਮੁੰਦਰੀ ਸੁਰੱਖਿਆ ਅਤੇ ਰੱਖਿਆ ਦੇ ਖੇਤਰ ਵਿੱਚ ਸੇਸ਼ੇਲਸ-ਭਾਰਤ ਦੀ ਮਜ਼ਬੂਤ ਸਾਂਝੇਦਾਰੀ ਖੇਤਰੀ ਸਥਿਰਤਾ ਅਤੇ ਸੁਰੱਖਿਆ ਨੂੰ ਸਸ਼ਕਤ ਬਣਾਉਂਦੀ ਹੈ ਅਤੇ ਸੇਸ਼ੇਲਸ ਅਤੇ ਭਾਰਤ ਦੇ ਲੋਕਾਂ ਦੀ ਭਲਾਈ ਅਤੇ ਖ਼ੁਸ਼ਹਾਲੀ ਨੂੰ ਅੱਗੇ ਵਧਾਉਂਦੀ ਹੈ। ਆਗੂਆਂ ਨੇ ਮੁੜ-ਪੁਸ਼ਟੀ ਕੀਤੀ ਕਿ ਸੇਸ਼ੇਲਸ ਅਤੇ ਭਾਰਤ ਅੰਤਰਰਾਸ਼ਟਰੀ ਕਾਨੂੰਨ ਦੇ ਸਨਮਾਨ, ਨੇਵੀਗੇਸ਼ਨ ਦੀ ਆਜ਼ਾਦੀ ਅਤੇ ਨਿਯਮ-ਅਧਾਰਿਤ ਸਮੁੰਦਰੀ ਵਿਵਸਥਾ ’ਤੇ ਅਧਾਰਿਤ ਇੱਕ ਆਜ਼ਾਦ, ਖੁੱਲ੍ਹਾ ਅਤੇ ਸੁਰੱਖਿਅਤ ਹਿੰਦ ਮਹਾਸਾਗਰ ਖੇਤਰ ਯਕੀਨੀ ਬਣਾਉਣ ਲਈ ਵਚਨਬੱਧ ਹਨ। 

ਉਨ੍ਹਾਂ ਨੇ ਸਮੁੰਦਰੀ ਡਕੈਤੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਨੁੱਖੀ ਤਸਕਰੀ, ਗੈਰ-ਕਾਨੂੰਨੀ, ਅਨਿਯਮਿਤ ਅਤੇ ਗੈਰ-ਰਿਪੋਰਟਡ ਫਿਸ਼ਿੰਗ, ਅਤੇ ਸੰਗਠਿਤ ਅਪਰਾਧ ਅਤੇ ਅੱਤਵਾਦ ਦੀ ਫਾਇਨਾਂਸਿੰਗ ਨਾਲ ਜੁੜੇ ਹੋਰ ਅੰਤਰਰਾਸ਼ਟਰੀ ਅਪਰਾਧਾਂ ਜਿਹੀਆਂ ਸਮੁੰਦਰੀ ਚੁਣੌਤੀਆਂ ਨਾਲ ਨਜਿੱਠਣ ਲਈ ਨੇੜਿਓਂ ਸਹਿਯੋਗ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਨਾਲ ਹੀ, ਉਨ੍ਹਾਂ ਨੇ ਉੱਨਤ ਸਮੁੰਦਰੀ ਖੇਤਰ ਜਾਗਰੂਕਤਾ, ਜਾਣਕਾਰੀ ਸਾਂਝੀ ਕਰਨ, ਸਮਰੱਥਾ ਨਿਰਮਾਣ ਅਤੇ ਤਾਲਮੇਲ ਸੰਚਾਲਨ ਪ੍ਰਬੰਧਨ ਜ਼ਰੀਏ ਹਿੰਦ ਮਹਾਸਾਗਰ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ।

ਰਾਸ਼ਟਰਪਤੀ ਹਰਮਿਨੀ ਨੇ ਸਾਂਝੇ ਸਮੁੰਦਰੀ ਨਿਗਰਾਨੀ, ਹਾਈਡ੍ਰੋਗ੍ਰਾਫਿਕ ਸਰਵੇਖਣ, ਦੁਵੱਲੀ ਪ੍ਰਕਿਰਿਆਵਾਂ, ਜਾਣਕਾਰੀ ਸਾਂਝੀ ਕਰਨ ਅਤੇ ਸੇਸ਼ੇਲਸ ਰੱਖਿਆ ਬਲਾਂ ਦੀ ਸਮਰੱਥਾ ਨਿਰਮਾਣ ਲਈ ਸੇਸ਼ੇਲਸ ਨੂੰ ਪ੍ਰਦਾਨ ਕੀਤੇ ਜਾ ਰਹੇ ਦ੍ਰਿੜ੍ਹ ਸਮਰਥਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਤੀ ਆਪਣੀ ਸ਼ਲਾਘਾ ਪ੍ਰਗਟ ਕੀਤੀ। ਦੋਵੇਂ ਆਗੂਆਂ ਨੇ ਅਨੁਕੂਲਿਤ ਸਿਖਲਾਈ ਅਤੇ ਜਲ ਸੈਨਾ ਅਤੇ ਹਵਾਈ ਸੰਪੱਤੀਆਂ ਅਤੇ ਆਵਾਜਾਈ ਵਾਹਨਾਂ ਦੀ ਉਪਲਬਧਤਾ ਜ਼ਰੀਏ ਸਮੁੰਦਰੀ ਸੁਰੱਖਿਆ ਅਤੇ ਰੱਖਿਆ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਸਹਿਮਤੀ ਪ੍ਰਗਟ ਕੀਤੀ।

ਦੋਵੇਂ ਆਗੂਆਂ ਨੇ ਵਧੇਰੇ ਪ੍ਰਭਾਵਸ਼ੀਲਤਾ, ਬਿਹਤਰ ਤਾਲਮੇਲ ਅਤੇ ਉੱਚ-ਪੱਧਰੀ ਸਹਿਭਾਗਤਾ ਯਕੀਨੀ ਬਣਾਉਣ ਲਈ ਸੰਸਥਾਗਤ ਸਹਿਭਾਗਤਾ ਨੂੰ ਉੱਨਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ 'ਤੇ ਵੀ ਸਹਿਮਤੀ ਪ੍ਰਗਟ ਕੀਤੀ। ਰਾਸ਼ਟਰਪਤੀ ਹਰਮਿਨੀ ਨੇ ਸੇਸ਼ੇਲਸ ਦੇ ਰਾਸ਼ਟਰੀ ਦਿਵਸ ਸਮਾਰੋਹਾਂ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੇ ਦਲਾਂ ਦੀ ਭਾਗੀਦਾਰੀ ਲਈ ਭਾਰਤ ਦੀ ਸ਼ਲਾਘਾ ਕੀਤੀ। ਦੋਵੇਂ ਧਿਰਾਂ ਨੇ 50ਵੇਂ ਰਾਸ਼ਟਰੀ ਦਿਵਸ ਸਮਾਰੋਹਾਂ ਦੇ ਮੌਕੇ 'ਤੇ ਇਸ ਰਵਾਇਤ ਨੂੰ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟ ਕੀਤੀ।

ਰਾਸ਼ਟਰਪਤੀ ਹਰਮਿਨੀ ਨੇ ਪੀਐੱਸ ਜ਼ੋਰੋਏਸਟਰ ਦੀ ਮੁਰੰਮਤ ਲਈ ਗ੍ਰਾਂਟ ਸਹਾਇਤਾ ਜ਼ਰੀਏ ਭਾਰਤ ਵੱਲੋਂ ਦਿੱਤੇ ਜਾ ਰਹੇ ਲਗਾਤਾਰ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਸੇਸ਼ੇਲਸ ਨੂੰ ਹਾਲ ਹੀ ਵਿੱਚ ਦਿੱਤੇ ਗਏ 10 ਉਪਯੋਗੀ ਵਾਹਨਾਂ ਅਤੇ 5 ਲੇਜ਼ਰ ਰੇਡੀਅਲ ਕਿਸ਼ਤੀਆਂ ਦੇ ਦਾਨ ਨੂੰ ਵੀ ਸਵੀਕਾਰ ਕੀਤਾ। ਇਸ ਨਾਲ ਸੇਸ਼ੇਲਸ ਰੱਖਿਆ ਬਲਾਂ ਦੀਆਂ ਲੌਜਿਸਟਿਕਲ ਜ਼ਰੂਰਤਾਂ ਦੀ ਪੂਰਤੀ ਹੋਵੇਗੀ।

ਖੇਤਰੀ ਅਤੇ ਬਹੁਪੱਖੀ ਸਹਿਯੋਗ

ਹਿੰਦ ਮਹਾਸਾਗਰ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਖੇਤਰੀ ਵਿਧੀਆਂ ਦੀ ਭੂਮਿਕਾ ਨੂੰ ਮੰਨਦੇ ਹੋਏ, ਦੋਵੇਂ ਆਗੂਆਂ ਨੇ ਆਪਸੀ ਹਿਤਾਂ ਦੇ ਮੁੱਦਿਆਂ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਲਈ ਨੇੜਿਓਂ ਸਹਿਯੋਗ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਲੰਬੋ ਸੁਰੱਖਿਆ ਸੰਮੇਲਨ (ਸੀਐੱਸਸੀ) ਦਾ ਪੂਰਾ ਮੈਂਬਰ ਬਣਨ ਦੇ ਸੇਸ਼ੇਲਸ ਦੇ ਫ਼ੈਸਲੇ ਦਾ ਸਵਾਗਤ ਕੀਤਾ। 

ਉਨ੍ਹਾਂ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਵੱਖ-ਵੱਖ ਉਮੀਦਵਾਰੀਆਂ ਲਈ ਭਾਰਤ ਨੂੰ ਸੇਸ਼ੇਲਸ ਵੱਲੋਂ ਦਿੱਤੇ ਗਏ ਸਮਰਥਨ ਲਈ ਰਾਸ਼ਟਰਪਤੀ ਹਰਮਿਨੀ ਪ੍ਰਤੀ ਧੰਨਵਾਦ ਵੀ ਪ੍ਰਗਟ ਕੀਤਾ। ਰਾਸ਼ਟਰਪਤੀ ਹਰਮਿਨੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਸਥਾਈ ਮੈਂਬਰਸ਼ਿਪ ਲਈ ਭਾਰਤ ਲਈ ਸੇਸ਼ੇਲਸ ਦੇ ਸਮਰਥਨ ਨੂੰ ਦੁਹਰਾਇਆ।

ਲੋਕਾਂ ਦੇ ਵਿੱਚ ਆਪਸੀ ਅਤੇ ਸਭਿਆਚਾਰਕ ਸਬੰਧ

ਭਾਰਤ ਅਤੇ ਸੇਸ਼ੇਲਸ ਦੇ ਵਿੱਚ ਡੂੰਘੇ ਇਤਿਹਾਸਕ ਸਬੰਧਾਂ ਨੂੰ ਮੰਨਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਹਰਮਿਨੀ ਨੇ ਸੇਸ਼ੇਲਸ ਦੇ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਤਾਣੇ-ਬਾਣੇ ਵਿੱਚ ਭਾਰਤੀ ਮੂਲ ਦੇ ਸੇਸ਼ੇਲਸ-ਵਾਸੀਆਂ ਦੇ ਯੋਗਦਾਨ ਨੂੰ ਉਜਾਗਰ ਕੀਤਾ। ਦੋਵਾਂ ਆਗੂਆਂ ਨੇ ਸੇਸ਼ੇਲਸ ਦੀ ਅਰਥ-ਵਿਵਸਥਾ ਅਤੇ ਬੁਨਿਆਦੀ ਢਾਂਚੇ ਵਿੱਚ ਭਾਰਤੀ ਪੇਸ਼ਾਵਰਾਂ ਦੇ ਯੋਗਦਾਨ ਨੂੰ ਵੀ ਸਵੀਕਾਰ ਕੀਤਾ। 

ਦੋਵੇਂ ਆਗੂਆਂ ਨੇ ਸਭਿਆਚਾਰ, ਸੈਰ-ਸਪਾਟਾ, ਸਿੱਖਿਆ ਅਤੇ ਨੌਜਵਾਨਾਂ ਸਹਿਭਾਗਤਾ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਸੰਸਥਾਗਤ ਰੂਪ ਦੇਣ ’ਤੇ ਸਹਿਮਤੀ ਪ੍ਰਗਟ ਕੀਤੀ। ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਨੂੰ ਕਵਰ ਕਰਨ ਵਾਲੀਆਂ ਵਿਆਪਕ ਚਰਚਾਵਾਂ 'ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਨੇ ਇਸ ਸਾਂਝੀ ਸਮਝ ਨਾਲ ਬੈਠਕ ਦੀ ਸਮਾਪਤੀ ਕੀਤੀ ਕਿ ਸੇਸ਼ੇਲਸ-ਭਾਰਤ ਸਾਂਝੇਦਾਰੀ ਹਿੰਦ ਮਹਾਸਾਗਰ ਖੇਤਰ ਵਿੱਚ ਸਥਿਰਤਾ ਅਤੇ ਵਿਕਾਸ ਲਈ ਇੱਕ ਅਹਿਮ ਅਧਾਰ ਬਣੀ ਹੋਈ ਹੈ। 

ਦੋਵਾਂ ਆਗੂਆਂ ਨੇ ਭਰੋਸਾ ਪ੍ਰਗਟ ਕੀਤਾ ਕਿ ਅੱਜ ਲਏ ਗਏ ਫ਼ੈਸਲੇ ਦੁਵੱਲੀ ਸਾਂਝੇਦਾਰੀ ਨੂੰ ਹੋਰ ਉਚਾਈ ਪ੍ਰਦਾਨ ਕਰਨਗੇ, ਉਸਨੂੰ ਮਜ਼ਬੂਤ ਬਣਾਉਣਗੇ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਠੋਸ ਲਾਭ ਪਹੁੰਚਾਉਣਗੇ। ਰਾਸ਼ਟਰਪਤੀ ਹਰਮਿਨੀ ਨੇ ਆਪਣੇ ਸਰਕਾਰੀ ਦੌਰੇ ਦੌਰਾਨ ਭਾਰਤ ਵੱਲੋਂ ਕੀਤੀ ਗਈ ਨਿੱਘੀ ਪ੍ਰਾਹੁਣਚਾਰੀ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਆਪਸੀ ਸੁਵਿਧਾਜਨਕ ਸਮੇਂ 'ਤੇ ਸੇਸ਼ੇਲਸ ਦਾ ਅਧਿਕਾਰਤ ਦੌਰਾ ਕਰਨ ਲਈ ਸੱਦਾ ਵੀ ਦਿੱਤਾ।

 

Tags: Narendra Modi , Modi , BJP , Bharatiya Janata Party , Prime Minister of India , Prime Minister , Narendra Damodardas Modi , Subrahmanyam Jaishankar , Patrick Herminie , Dr Patrick Herminie

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD