ਮੈਂਬਰ ਪਾਰਲੀਮੈਂਟ ਸ੍ਰੀ ਅਨੰਦਪੁਰ ਸਾਹਿਬ, ਸ. ਮਲਵਿੰਦਰ ਸਿੰਘ ਕੰਗ ਨੇ ਖਰੜ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਅਤੇ ਸੈਕਟਰ 124 ਨੂੰ ਜੋੜਨ ਵਾਲੀ 200 ਫੁੱਟ ਰੋਡ ਦੇ ਲੰਬੇ ਸਮੇਂ ਤੋਂ ਲਟਕ ਰਹੇ ਮਸਲਿਆਂ ਨੂੰ ਸੁਣਨ ਲਈ 124 ਸੈਕਟਰ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਜਲਦ ਢੁੱਕਵੇਂ ਹੱਲ ਕੀਤੇ ਜਾਣਗੇ। ਉਨ੍ਹਾਂ ਨੇ 125 ਸੈਕਟਰ ਦੇ ਬੁੱਧਾ ਪਾਰਕ ਦੇ ਇਰਦ ਗਿਰਦ ਰਹਿਣ ਵਾਲੀ ਲਗਭਗ 4000 ਆਬਾਦੀ ਨੂੰ ਪੀਣ ਵਾਲੇ ਪਾਣੀ ਦੀ ਆ ਰਹੀ ਮੁਸ਼ਕਿਲਾਂ ਵੀ ਸੁਣੀਆਂ ਅਤੇ ਮੌਕੇ 'ਤੇ ਸਬੰਧਿਤ ਅਧਿਕਾਰੀਆਂ ਨੂੰ ਮਸਲੇ ਨੂੰ ਜਲਦੀ ਹੱਲ ਕਰਨ ਲਈ ਆਦੇਸ਼ ਦਿੱਤੇ।
ਲੋਕ ਸਭਾ ਮੈਂਬਰ ਨੇ ਸੈਕਟਰ 125 ਵਿੱਚ ਆਲ ਇੰਡੀਆ ਰਾਹਤ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਅਨਾਥ ਅਤੇ ਬੇਸਹਾਰਾ ਸਕੂਲ ਦੇ ਬੱਚਿਆਂ ਨੂੰ ਹੌਸਲਾ ਦੇਣ ਲਈ ਬੱਚਿਆਂ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਫਾਊਂਡੇਸ਼ਨ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਦਾ ਦੌਰਾ ਕੀਤਾ। ਫਾਊਂਡੇਸ਼ਨ ਦੇ ਚੇਅਰਮੈਨ ਮਿਸਟਰ ਸਿੱਧੂ ਅਤੇ ਮੈਡਮ ਰੁਚਿਕਾ ਸ਼ਰਮਾ ਵੱਲੋਂ ਐਮ ਪੀ ਕੰਗ ਦਾ ਸਵਾਗਤ ਕਰਦਿਆਂ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣੂ ਕਰਵਾਇਆ।
ਸ਼੍ਰੀ ਕੰਗ ਨੇ ਨਿੱਜਰ ਰੋਡ ਤੇ ਸਥਿਤ ਐਸਬੀਪੀ ਹੋਮ-ਤਿੰਨ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਮੌਕੇ 'ਤੇ ਛੋਟੇ ਛੋਟੇ ਮਸਲਿਆਂ ਨੂੰ ਹੱਲ ਕਰਨ ਦੀ ਹਦਾਇਤ ਕੀਤੀ ਗਈ। ਖਰੜ-ਲਾਂਡਰਾਂ ਰੋਡ ਦੀ ਮਾੜੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਡਰੀਮਲੈਂਡ ਪ੍ਰਮੋਟਰ ਦਫਤਰ ਸਥਿਤ ਸ਼ਿਵਾਲਕ ਸਿਟੀ ਅਤੇ ਹੋਰ ਕਲੋਨੀਆਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਮੌਕੇ ਤੇ ਹੱਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਖਰੜ-ਲਾਂਡਰਾਂ ਰੋਡ ਦੀ ਸਥਿਤੀ ਨੂੰ ਬਹੁਤ ਜਲਦੀ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਬਿਹਤਰ ਕੀਤਾ ਜਾਵੇਗਾ ਤਾਂ ਜੋ ਆਮ ਲੋਕਾਂ ਅਤੇ ਰਾਹੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਇਨ੍ਹਾਂ ਸਾਰੀਆਂ ਮੀਟਿੰਗਾਂ ਦੌਰਾਨ ਸਾਬਕਾ ਚੇਅਰਮੈਨ ਹਾਕਮ ਸਿੰਘ, ਅੰਤਰ ਸਿੰਘ ਬਰਾੜ ਸੀਨੀਅਰ ਐਡਵੋਕੇਟ, ਜਤਿੰਦਰ ਰਾਣਾ ਸੀਨੀਅਰ ਆਗੂ, ਹਰਮੀਤ ਸਿੰਘ ਇੰਚਾਰਜ ਮਾਲਵਾ ਐਜੂਕੇਸ਼ਨ ਜੋਨ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਡਰੀਮਲੈਂਡ ਪ੍ਰਮੋਟਰ ਦੇ ਪਰਮਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਐਮ ਪੀ ਸ੍ਰੀ ਕੰਗ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਸਮਾਂ ਕੱਢ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ।